August 18, 2022

Aone Punjabi

Nidar, Nipakh, Nawi Soch

ਚੱਕੀ ਛੁੱਟ ਗਈ, ਚੁੱਲ੍ਹੇ ਨੇ ਛੁੱਟ ਜਾਣਾ

1 min read

‘ਚੱਕੀ’ ਸ਼ਬਦ ਸੁਣ ਕੇ ਸਾਡੇ ਸਾਹਮਣੇ ਬਿਜਲੀ ਦੀ ਮੋਟਰ ਨਾਲ ਚੱਲਣ ਵਾਲੀ ਵੱਡੇ-ਵੱਡੇ ਪੱਥਰਾਂ ਵਾਲੀ ਚੱਕੀ ਜਾਂ ਟਰੈਕਟਰ ਦੇ ਮਗਰ ਪਾਈ ਮਸ਼ੀਨ ਜੋ ਲੋਕਾਂ ਦੇ ਘਰਾਂ ਮੂਹਰੇ ਜਾ ਕੇ ਆਟਾ ਪੀਸਣ ਦਾ ਕੰਮ ਕਰਦੀ ਹੈ, ਦਾ ਸੰਕਲਪ ਝੱਟ ਹੀ ਆ ਜਾਂਦਾ ਹੈ। ਚੱਕੀ ਦਾ ਇਹ ਅਜੋਕੀ ਤਕਨੀਕ ਅਤੇ ਤੇਜ਼ ਰਫ਼ਤਾਰ ਵਾਲਾ ਰੂਪ ਕਾਫ਼ੀ ਲੰਮੀ ਯਾਤਰਾ ਮਗਰੋਂ ਹੋਂਦ ਵਿੱਚ ਆਇਆ ਹੈ।
ਪੁਰਾਤਨ ਸਮੇਂ ਵਿੱਚ ਚੱਕੀ ਦਾ ਆਕਾਰ ਬਹੁਤ ਛੋਟਾ ਹੁੰਦਾ ਸੀ, ਜੋ ਆਸਾਨੀ ਨਾਲ ਇੱਕ ਤੋਂ ਦੂਜੀ ਥਾਂ ’ਤੇ ਲਿਜਾਈ ਜਾ ਸਕਦੀ ਸੀ ਅਤੇ ਜੋ ਹੱਥ ਨਾਲ ਹੀ ਚਲਦੀ ਸੀ। ਉਦੋਂ ਔਰਤ ਅਤੇ ਚੱਕੀ ਦਾ ਬੜਾ ਹੀ ਡੂੰਘਾ ਸਬੰਧ ਹੁੰਦਾ ਸੀ। ਰਸੋਈ ਤਿਆਰ ਕਰਨ ਸਮੇਂ ਔਰਤਾਂ ਚੱਕੀ ’ਤੇ ਆਟਾ ਪੀਸਣ ਤੋਂ ਇਲਾਵਾ ਮੂੰਗੀ, ਛੋਲੇ ਆਦਿ ਨੂੰ ਦਲਣ ਦਾ ਕੰਮ ਵੀ ਘਰ ਹੀ ਚੱਕੀ ’ਤੇ ਕਰ ਲੈਂਦੀਆਂ ਸਨ। ਕਣਕ ਨੂੰ ਮੋਟੀ ਜਿਹੀ ਦਲ ਕੇ ਦਲ਼ੀਆ ਬਣਾ ਲਿਆ ਜਾਂਦਾ ਸੀ, ਜੋ ਕਿ ਲੋੜ ਮੁਤਾਬਕ ਹੀ ਕੀਤਾ ਜਾਂਦਾ ਸੀ ਪਰ ਰੋਟੀ ਪਕਾਉਣ ਲਈ ਹਰ ਰੋਜ਼ ਨੇਮ ਨਾਲ ਉਸ ਕਣਕ ਤੋਂ ਆਟਾ ਤਿਆਰ ਕੀਤਾ ਜਾਂਦਾ ਸੀ ਜੋ ਕਿ ਪਹਿਲਾਂ ਝਾੜ-ਪੰੂਝ ਜਾਂ ਛੱਟ ਕੇ ਜਾਂ ਧੋ ਕੇ ਰੱਖੀ ਹੁੰਦੀ ਸੀ। ਰੋਜ਼ਾਨਾ ਬਣਾਏ ਆਟੇ ਤੋਂ ਰੋਟੀ ਤਿਆਰ ਹੁੰਦੀ ਸੀ। ਇਸ ਤਰ੍ਹਾਂ ਦੇ ਆਟੇ ਦੀ ਪੌਸ਼ਟਿਕਤਾ ਨਸ਼ਟ ਨਹੀਂ ਸੀ ਹੁੰਦੀ।
ਇਹ ਚੱਕੀ ਦੇਖਣ ਨੂੰ ਭਾਵੇਂ ਸਰਲ ਜਿਹੀ ਲੱਗਦੀ ਹੈ ਪਰ ਇਸ ਦੇ ਕਈ ਅੰਗ ਹੁੰਦੇ ਹਨ, ਜੋ ਕਿ ਆਪਣੀ-ਆਪਣੀ ਥਾਂ ’ਤੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਚੱਕੀ ਦੇ ਗੋਲ ਚੱਕਰ ਪੱਥਰ ਦੇ ਹੁੰਦੇ ਹਨ, ਜਿਨ੍ਹਾਂ ਨੂੰ ਪੁੜ ਕਿਹਾ ਜਾਂਦਾ ਹੈ। ਇੱਕ ਪੁੜ ਹੇਠਲਾ ਸਥਿਰ ਖੜ੍ਹਾ ਰਹਿੰਦਾ ਹੈ ਅਤੇ ਉੱਪਰ ਇੱਕ ਪੁੜ ਘੁੰਮਦਾ ਹੈ, ਦੋਵਾਂ ਪੁੜਾਂ ’ਤੇ ਪੱਥਰ ਨੂੰ ਕਿਸੇ ਤੇਜ਼ ਹਥਿਆਰ ਨਾਲ ਕੱਟ ਕੇ ਬਰੀਕ ਲਾਈਨਾਂ ਜਾਂ ਕੱਟ ਲਾਏ ਜਾਂਦੇ ਹਨ। ਇਸ ਨੂੰ ਚੱਕੀ ਗਾਹੁਣਾ ਜਾਂ ਚੱਕੀ ਰਾਹੁਣਾ ਕਿਹਾ ਜਾਂਦਾ ਹੈ। ਇਸ ਦਾ ਕੰਮ ਬਾਰੀਕ ਪਿਸਾਈ ਕਰਨਾ ਹੁੰਦਾ ਹੈ।


ਚੱਕੀ ਦੇ ਉਪਰਲੇ ਪੁੜ ਦੇ ਵਿਚਕਾਰ ਇੱਕ ਵੱਡਾ ਛੇਕ ਹੁੰਦਾ ਹੈ। ਇਸ ਦੇ ਵਿਚਕਾਰ ਇਸ ਤਰ੍ਹਾਂ ਇੱਕ ਮੋਟੀ ਲੱਕੜ ਫਿੱਟ ਕੀਤੀ ਜਾਂਦੀ ਹੈ, ਜਿਸ ਦੇ ਦੋਵਾਂ ਪਾਸਿਆਂ ’ਤੇ ਖੁੱਲ੍ਹੀਆਂ ਮੋਰੀਆਂ ਰਹਿ ਜਾਂਦੀਆਂ ਹਨ। ਇਸ ਲੱਕੜ ਨੂੰ ਮਣਸੀ ਜਾਂ ਮਾਣਸੀ ਕਿਹਾ ਜਾਂਦਾ ਹੈ। ਠੀਕ ਇਸੇ ਤਰ੍ਹਾਂ ਹੇਠਲੇ ਸਥਿਰ ਖੜੇ ਪੱਥਰ ਦੇ ਵਿਚਕਾਰ ਪੂਰੀ-ਪੂਰੀ ਫਿੱਟ ਲੱਕੜੀ ਜੋ ਕਿ ਮਜ਼ਬੂਤ ਹੁੰਦੀ ਹੈ, ਨੂੰ ਪੱਖੂ ਕਹਿੰਦੇ ਹਨ। ਇਸ ਪੱਖੂ ਦੇ ਵਿਚਕਾਰ ਮੋਟੇ ਲੋਹੇ ਦਾ ਇੱਕ ਕਿੱਲ ਲਾਇਆ ਜਾਂਦਾ ਹੈ, ਜੋ ਕਿ ਉਪਰਲੇ ਪੱਥਰ ਵਿਚਕਾਰ ਲੱਗੀ ਮਾਣਸੀ ਦੇ ਸੁਰਾਖ ਵਿੱਚ ਖੜ੍ਹਾ ਰਹਿੰਦਾ ਹੈ ਅਤੇ ਇਸ ਕੇਂਦਰ ਦੇ ਦੁਆਲੇ ਹੀ ਉੱਪਰਲਾ ਪੱਥਰ ਘੁੰਮਦਾ ਰਹਿੰਦਾ ਹੈ। ਉਪਰਲੇ ਪੁੜ (ਪੱਥਰ) ਦੇ ਇੱਕ ਪਾਸੇ ਛੋਟੇ ਸੁਰਾਖ ਵਿੱਚ ਲੱਕੜੀ ਦਾ ਬਣਿਆ ਗੋਲ ਡੰਡਾ ਲੱਗਾ ਹੁੰਦਾ ਹੈ, ਜਿਸ ਨੂੰ ਹੱਥੜੀ ਜਾਂ ਹੱਥੜਾ ਆਖਦੇ ਹਨ, ਇਸ ਨਾਲ ਹੀ ਚੱਕੀ ਨੂੰ ਚਲਾਇਆ ਜਾਂਦਾ ਹੈ। ਇੱਕ ਹੱਥ ਹੱਥੜੇ ਨੂੰ ਪਾ ਕੇ ਉਪਰਲੇ ਪੱਥਰ ਨੂੰ ਗੇੜਿਆ ਜਾਂਦਾ ਹੈ ਅਤੇ ਨਾਲ-ਨਾਲ ਦੂਜੇ ਹੱਥ ਨਾਲ ਮੁੱਠੀ ਭਰ ਕੇ ਅਨਾਜ ਮਾਣਸੀ ਦੇ ਨਾਲ ਪੱਥਰ ਦੇ ਵਿੱਚ ਪਾਇਆ ਜਾਂਦਾ ਹੈ ਅਤੇ ਇਹ ਅਨਾਜ ਦੋਵਾਂ ਪੱਥਰਾਂ ਵਿੱਚ ਪੈਦਾ ਹੋਈ ਰਗੜ ਕਾਰਨ ਬਾਰੀਕ ਹੁੰਦਾ ਰਹਿੰਦਾ ਹੈ। ਦੋਵਾਂ ਪੱਥਰਾਂ ਵਿਚਕਾਰ ਇੱਕ ਹੋਰ ਅੰਗ ਜਿਸ ਨੂੰ ਲਾਲ੍ਹ ਕਹਿੰਦੇ ਹਨ ਪਾਈ ਜਾਂਦੀ ਹੈ, ਜੋ ਕਿ ਲੋੜ ਮੁਤਾਬਕ ਪੱਥਰਾਂ ਵਿਚਕਾਰ ਦੂਰੀ ਬਣਾਈ ਰੱਖਦੀ ਹੈ ਤਾਂ ਜੋ ਅਨਾਜ ਲੋੜ ਤੋਂ ਵੱਧ ਬਾਰੀਕ ਨਾ ਹੋਵੇ। ਜੇ ਆਟਾ ਬਣਾਉਣਾ ਭਾਵ ਬਰੀਕ ਪਿਸਾਈ ਕਰਨੀ ਹੋਵੇ ਤਾਂ ਉੱਪਰਲਾ ਪੱਥਰ ਚੱਕ ਕੇ ਲਾਲ੍ਹ ਨੂੰ ਕੱਢ ਲਿਆ ਜਾਂਦਾ ਹੈ ਅਤੇ ਲੋੜ ਮੁਤਾਬਕ ਚੱਕੀ ਨੂੰ ਵਰਤਿਆ ਜਾਂਦਾ ਹੈ। ਜਿੰਨੀ ਤੇਜ਼ ਸਪੀਡ ਨਾਲ ਚੱਕੀ ਚੱਲਦੀ ਭਾਵ ਘੁੰਮਦੀ ਹੈ ਪਿਸਾਈ ਓਨੀ ਹੀ ਜ਼ਿਆਦਾ ਅਤੇ ਵਧੀਆ ਹੋਵੇਗੀ।
ਦੋਵਾਂ ਪੁੜਾਂ ਨੂੰ ਮਿੱਟੀ ਦੇ ਇੱਕ ਢਾਂਚੇ ’ਤੇ ਫਿੱਟ ਕੀਤਾ ਜਾਂਦਾ ਹੈ। ਕਈ ਵਾਰ ਹੇਠਲਾ ਪੱਥਰ ਅੱਧ ਤਕ ਮਿੱਟੀ ਵਿੱਚ ਹੀ

Punjaban - DesiComments.com

ਨੱਪ ਦਿੱਤਾ ਜਾਂਦਾ ਹੈ ਅਤੇ ਉਸ ਦੇ ਬਾਹਰ ਵਾਲੇ ਪਾਸੇ ਲੱਗੀ ਮਿੱਟੀ ਨੂੰ ਹੇਠਾਂ ਵੱਲ ਨੂੰ ਗੋਲਾਈ ਦਿੱਤੀ ਜਾਂਦੀ ਹੈ ਤਾਂ ਜੋ ਅਨਾਜ ਬਾਹਰ ਡਿੱਗੇ ਉਹ ਆਪਣੇ-ਆਪ ਹੀ ਪੱਥਰਾਂ ਤੋਂ ਦੂਰ ਹੋ ਜਾਵੇ ਪਰ ਜ਼ਿਆਦਾ ਦੂਰ ਤਕ ਵੀ ਨਾ ਖਿੱਲਰੇ ਇਸ ਲਈ ਥੋੜ੍ਹੀ ਦੂਰੀ ’ਤੇ ਮਿੱਟੀ ਦੀ ਵਾੜ ਜਿਹੀ ਬਣਾ ਕੇ ਰੱਖੀ ਜਾਂਦੀ ਹੈ। ਇਸ ਤਰ੍ਹਾਂ ਇਹ ਖਾਲੀ ਚੱਕੀ ਦੇ ਬਾਹਰ ਵਾਰ ਗੋਲਾਈਦਾਰ ਬਣ ਜਾਂਦੀ ਹੈ, ਜਿਸ ਨੂੰ ਰੀਡ ਆਖਿਆ ਜਾਂਦਾ ਹੈ। ਇਸ ਵਿੱਚ ਡਿੱਗੇ ਅਨਾਜ ਨੂੰ ਬਾਹਰ ਕੱਢਣ ਲਈ ਰੀਡ ਵਿੱਚ ਇੱਕ ਪਾਸੇ ਛੋਟਾ ਜਿਹਾ ਕੱਟ ਦਿੱਤਾ ਹੁੰਦਾ ਹੈ ਤਾਂ ਜੋ ਸਾਰਾ ਅਨਾਜ ਇਸ ਵਿੱਚੋਂ ਦੀ ਹੁੰਦਾ ਹੋਇਆ ਬਾਹਰ ਨਿਕਲ ਸਕੇ। ਇਸ ਨੂੰ ਸਾਫ਼ ਕਰਨ ਅਤੇ ਸਾਰੇ ਅਨਾਜ ਨੂੰ ਇਕੱਠਾ ਕਰਨ ਲਈ ਇੱਕ ਸਾਫ਼ ਕੱਪੜੇ ਨੂੰ ਲਪੇਟ ਕੇ ਪੱਕੇ ਤੌਰ ’ਤੇ ਚੱਕੀ ਦੇ ਨਾਲ ਹੀ ਰੱਖਿਆ ਜਾਂਦਾ ਸੀ ਜਿਸ ਨੂੰ ਪਰੋਲਾ ਕਿਹਾ ਜਾਂਦਾ ਹੈ।
ਚੱਕੀ ਚਲਾਉਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਸੀ। ਪੁਰਾਤਨ ਸਮੇਂ ਦੀਆਂ ਸੁਆਣੀਆਂ ਨੂੰ ਹਰ ਰੋਜ਼ ਨੇਮ ਨਾਲ ਇਹ ਕੰਮ ਕਰਨਾ ਪੈਂਦਾ ਸੀ। ਇਸ ਲਈ ਉਹ ਤਾਕਤਵਰ ਅਤੇ ਨਿਰੋਗ ਰਹਿੰਦੀਆਂ ਸਨ। ਔਖਾ ਕੰਮ ਹੋਣ ਕਰਕੇ ਕੈਦੀਆਂ ਤੋਂ  ਜੇਲ੍ਹਾਂ ਵਿੱਚ ਇਹ ਕੰਮ ਕਰਵਾਇਆ ਜਾਂਦਾ ਸੀ। ਬਾਬਰ ਦੀ ਕੈਦ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਵੀ ਚੱਕੀ ਪੀਸਣੀ ਪਈ।

image


ਚੱਕੀ ਸਾਡੇ ਸਮਾਜ ਦਾ ਅਤੱਟ ਅੰਗ ਬਣ ਗਈ ਹੈ। ਕਈ ਰਸਮਾਂ ਵਿੱਚ ਚੱਕੀ ਦੀ ਵਰਤੋਂ ਕੀਤੀ ਜਾਂਦੀ ਹੈ। ਵਿਆਹ-ਸ਼ਾਦੀ ਦੀਆਂ ਮੁਢਲੀਆਂ ਰਸਮਾਂ ਜਿਵੇਂ ਮਾਹੀਏ ਪਾਉਣਾ ਜਾਂ ਵਟਣੇ ਦੀ ਰਸਮ ਆਉਂਦੀ ਹੈ। ਇਸ ਸਮੇਂ ਵੀ ਗੀਤ ਗਾਇਆ ਜਾਂਦਾ ਹੈ:
ਸੱਤ ਸੁਹਾਗਣ ਸੱਤ ਗਲ਼ੇ, ਚੱਕੀ ਚੁੰਗ ਤੂੰ ਪਾ।
ਕਿਸ ਲੁਹਾਰ ਦੀਏ ਚੱਕੜੀਏ, ਕਿਸ ਤਰਖਾਣ ਦਾ ਹੱਥਾ।
ਛੋਟੇ ਵੀਰ ਦੀਏ ਚੱਕੜੀਏ,ਵੱਡੇ ਵੀਰ ਦਾ ਹੱਥਾ।
ਚੱਕੀ ਨਾਲ ਸਬੰਧਤ ਕਈ ਬੁਝਾਰਤਾਂ ਵੀ ਮਿਲਦੀਆਂ ਨੇ,
ਭਲਾ ਬੱਝੋ 
ਥੜ੍ਹੇ ’ਤੇ ਥੜ੍ਹਾ,  ਇੱਕ ਚਲਦਾ ਇੱਕ ਖੜ੍ਹਾ।


ਸੱਸ ਤੇ ਨੂੰਹ ਦੇ ਰਿਸ਼ਤੇ (ਦੋਵੇਂ ਸੁਆਣੀਆਂ) ਵਿੱਚ ਚੱਕੀ ਦਾ ਜ਼ਿਕਰ ਮਿਲਦਾ ਹੈ। ਜਦੋਂ ਆਟਾ ਪੀਹ ਕੇ ਵਿਹਲੀ ਹੋਈ ਨੂੰਹ ਨੂੰ ਸੱਸ ਹੋਰ ਕੋਈ ਕੰਮ ਕਰਨ ਲਈ ਕਹਿੰਦੀ ਹੈ ਕਿ ਨੂੰਹ ਵਿਹਲੀ ਨਾ ਬੈਠੇ ਜਿਵੇਂ:-
ਉੱਠ ਨੀਂ ਨੂੰਹੇ ਨਿੱਸਲ ਹੋ, ਚਰਖਾ ਛੱਡ ਤੇ ਚੱਕੀ ਝੋ।
ਵਿਗਿਆਨ ਦੀ ਤਰੱਕੀ ਨਾਲ ਜਿਵੇਂ-ਜਿਵੇਂ ਨਵੀਆਂ ਕਾਢਾਂ ਹੋਈਆਂ ਹਨ ਚੱਕੀ ਦੇ ਕਾਰਜ ਕਰਨ ਦੀ ਸਮਰੱਥਾ ਵੀ ਬਦਲਦੀ ਗਈ ਹੈ। ਚੱਕੀ ਦੀ ਥਾਂ ’ਤੇ ਪਾਣੀ ਨਾਲ ਚੱਲਣ ਵਾਲੇ ਘਰਾਟ ਦਾ ਦੌਰ ਆਇਆ ਅਤੇ ਫਿਰ ਬਿਜਲੀ ਦੀ ਖੋਜ ਨਾਲ ਤਾਂ ਜਿਵੇਂ ਚਮਤਕਾਰੀ ਤਬਦੀਲੀ ਨਾਲ ਜੀਵਨ ਵਿੱਚ ਪਰਿਵਰਤਨ ਹੋਇਆ। ਹਰ ਕੰਮ ਬਹੁਤ ਸੌਖੇ ਅਤੇ ਜਲਦੀ ਹੋਣ ਲੱਗਿਆ ਅਤੇ ਗੀਤਾਂ ਵਿੱਚ ਵੀ ਤਬਦੀਲੀ ਦਿਖਾਈ ਦਿੰਦੀ ਹੈ। ਜਿਵੇਂ:
ਚੱਕੀ ਛੁੱਟ ਗਈ, ਚੁੱਲ੍ਹੇ ਨੇ ਛੁੱਟ ਜਾਣਾ,
ਘਰ-ਘਰ ਆ ਗਈ ਬਿਜਲੀ…।
ਅੱਜ ਚੱਕੀ ਸਿਰਫ਼ ਅਜਾਇਬਘਰਾਂ ਦਾ ਸ਼ਿੰਗਾਰ ਹੀ ਬਣ ਕੇ ਰਹਿ ਗਈ ਹੈ। ਨਵੀਂ ਪੀੜ੍ਹੀ ਇਸ ਦੇ ਕਾਰਜ ਤੋਂ ਬਹੁਤ ਦੂਰ ਜਾ ਰਹੀ ਹੈ। ਭਾਵੇਂ ਅਸੀਂ ਦਿਨ-ਰਾਤ ਤਰੱਕੀ ਕਰੀਏ ਪਰ ਪੁਰਾਤਨ ਸੱਭਿਆਚਾਰ ਅਤੇ ਸੱਭਿਆਚਾਰ ਚਿੰਨ੍ਹਾਂ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਨੂੰ ਇਸ ਤੋਂ ਜਾਣੂੰ ਕਰਵਾਉਣਾ ਸਾਡਾ ਫ਼ਰਜ਼ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਅਮੀਰ ਵਿਰਸੇ ਤੋਂ ਜਾਣੂੰ ਹੋ ਸਕਣ।

Leave a Reply

Your email address will not be published. Required fields are marked *