ਅਕਾਲੀ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਤੇ ਉਨ੍ਹਾਂ ਦੇ ਡਰਾਈਵਰ ਖਿਲਾਫ਼ FIR ਦਰਜ, ਪੜ੍ਹੋ ਪੂਰਾ ਮਾਮਲਾ
1 min read
ਗੁਰੂ ਹਰਸਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਥਾਣਾ ਸਿਟੀ ‘ਚ ਵਰਦੇਵ ਸਿੰਘ ਨੋਨੀ ਮਾਨ ਤੇ ਉਨ੍ਹਾਂ ਦੇ ਡਰਾਈਵਰ ‘ਤੇ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਪੁਲਿਸ ਨੇ ਕਿਸਾਨ ਆਗੂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਇਕ ਦਿਨਾਂ ਦੌਰੇ ‘ਤੇ ਵੱਖ-ਵੱਖ ਪ੍ਰੋਗਰਾਮਾਂ ‘ਚ ਸ਼ਾਮਲ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਆਗਮਨ ’ਤੇ ਬੁੱਧਵਾਰ ਨੂੰ ਹਲਾਤ ਉਸ ਵੇਲੇ ਕਾਬੂ ਤੋਂ ਬਾਹਰ ਹੁੰਦੇ ਨਜ਼ਰ ਆਏ ਜਦੋਂ ਸਥਾਨਕ ਮਖੂ ਗੇਟ ਸਥਿਤ ‘ਬਲਾਈਂਡ ਹੋਮ’ ਦੇ ਬਾਹਰ ਇਕ ਪਾਸੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਹਰਸਿਮਰਤ ਕੌਰ ਨੂੰ ਕਾਲੇ ਝੰਡੇ ਵਿਖਾਉਣੇ ਸ਼ੁਰੂ ਕੀਤੇ। ਇੰਨਾ ਹੀ ਨਹੀਂ ਜਦੋਂ ਹਰਸਿਮਰਤ ਕੌਰ ਬਾਦਲ ਸਥਾਨਕ ਬਲਾਈਂਡ ਹੋਮ ‘ਚ ਪ੍ਰੋਗਰਾਮ ਖਤਮ ਕਰ ਕੇ ਜਾ ਰਹੇ ਸਨ ਤਾਂ ਕਾਫ਼ਲੇ ਦੇ ਪਿੱਛੇ ਆ ਰਹੀ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਤੇ ਹਲਕਾ ਦਿਹਾਤੀ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਗੱਡੀ ਨੂੰ ਘੇਰ ਕੇ ਕਿਸਾਨ ਕਾਰਕੁਨਾਂ ਨੇ ਭੰਨ ਤੋੜ ਕੀਤੀ। ਇਸ ਦੌਰਾਨ ਗੋਲੀਆਂ ਵੀ ਚੱਲੀਆਂ ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ।
