July 6, 2022

Aone Punjabi

Nidar, Nipakh, Nawi Soch

ਅਕਾਲੀ-ਭਾਜਪਾ ਗਠਜੋੜ ਦੀ ਚਰਚਾ ਫਿਰ ਛਿੜੀ ਪਰ ਸੁਖਬੀਰ ਬਾਦਲ ਨੇ ਕਿਹਾ- ਅਜਿਹੀ ਕੋਈ ਗੱਲ ਨਹੀਂ

1 min read

: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦੇ ਨਾਲ ਹੀ ਪੰਜਾਬ ਦਾ ਸਿਆਸੀ ਮਾਹੌਲ ਬਦਲਣ ਲੱਗਾ ਹੈ। ਤਮਾਮ ਅੰਦਰੂਨੀ ਝਗਡ਼ਿਆਂ ਦੇ ਬਾਵਜੂਦ ਮਜ਼ਬੂਤ ਦਿਖਾਈ ਦੇ ਰਹੀ ਕਾਂਗਰਸ ਦੇ ਮੱਥੇ ’ਤੇ ਚਿੰਤਾ ਦੀ ਲਕੀਰ ਉੱਭਰ ਆਈ ਹੈ। ਨਾਲ ਹੀ ਇਕ ਵਾਰ ਫਿਰ ਇਹ ਚਰਚਾ ਜ਼ੋਰ ਫਡ਼ਨ ਲੱਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਮੁਡ਼ ਇਕ ਮੰਚ ’ਤੇ ਨਾ ਆ ਜਾਣ। ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਨ੍ਹਾਂ ਸੰਭਾਵਨਾਵਾਂ ਨੂੰ ਸਿਰਿਓਂ ਖਾਰਜ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵੀ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਜਿਵੇਂ ਹੀ ਖੇਤੀ ਬਿੱਲਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ, ਉਸ ਨਾਲ ਕਿਸਾਨਾਂ ’ਚ ਜਿੱਥੇ ਉਤਸ਼ਾਹ ਦਾ ਸੰਚਾਰ ਹੋਇਆ, ਉੱਥੇ ਸਿਆਸੀ ਪਾਰਟੀਆਂ ਆਪਣੇ-ਆਪਣੇ ਫਾਇਦੇ-ਨੁਕਸਾਨ ਦੀ ਸਮੀਖਿਆ ਕਰਨ ’ਚ ਲੱਗ ਗਈਆਂ ਹਨ।ਅਕਾਲੀ ਦਲ ਤੇ ਭਾਜਪਾ ਦਾ ਮੁਡ਼ ਗਠਜੋਡ਼ ਹੋਇਆ ਤਾਂ ਜੱਟ ਵੋਟ ਬੈਂਕ ਦਾ ਧਰੁਵੀਕਰਨ ਹੋਵੇਗਾ। ਭਾਜਪਾ ਤੇ ਅਕਾਲੀ ਦਲ ਦਾ ਗਠਜੋਡ਼ ਸਿਰਫ਼ ਖੇਤੀ ਕਾਨੂੰਨਾਂ ਦੇ ਕਾਰਨ ਟੁੱਟਿਆ ਸੀ। ਜਦੋਂ ਗਠਜੋਡ਼ ਸੀ ਉਦੋਂ ਤਕ ਦੋਵੇਂ ਪਾਰਟੀਆਂ ਇਕ ਦੂਜੇ ਦੇ ਦਬਾਅ ’ਚ ਦਿਖਾਈ ਦਿੰਦੀਆਂ ਸਨ। ਕਿਸਾਨ ਅੰਦੋਲਨ ਦੇ ਦਬਾਅ ’ਚ ਗਠਜੋਡ਼ ਟੁੱਟਣ ਦੇ ਬਾਅਦ ਦੋਵੇਂ ਹੀ ਪਾਰਟੀਆਂ ਲਈ ਪੰਜਾਬ ’ਚ ਆਪਣੀ ਹੋਂਦ ਬਚਾਉਣਾ ਮੁਸ਼ਕਲ ਹੋ ਰਿਹਾ ਸੀ। ਅਕਾਲੀ ਦਲ ਤੇ ਭਾਜਪਾ ਆਪੋ-ਆਪਣੇ ਦਮ ’ਤੇ ਸਾਰੀਆਂ 117 ਸੀਟਾਂ ’ਤੇ ਚੋਣ ਲਡ਼ਨ ਦਾ ਦਾਅਵਾ ਕਰ ਰਹੀਆਂ ਹਨ ਪਰ ਦੋਵੇਂ ਹੀ ਪਾਰਟੀਆਂ ਨੂੰ ਆਟੇ-ਦਾਲ ਦਾ ਭਾਅ ਪਤਾ ਲੱਗ ਗਿਆ। ਅਕਾਲੀ ਦਲ ਨੂੰ ਹਿੰਦੂ ਵੋਟ ਬੈਂਕ ਨੂੰ ਆਪਣੇ ਨਾਲ ਮਿਲਾਉਣ ਲਈ ਆਪਣਾ ਅਕਸ ਬਦਲਣਾ ਪੈ ਰਿਹਾ ਸੀ ਤਾਂ ਭਾਜਪਾ ਨੂੰ ਪਿੰਡਾਂ ’ਚ ਜਾਣਾ ਮੁਸ਼ਕਲ ਸੀ। ਕਾਂਗਰਸ ਦੇ ਸੀਨੀਅਰ ਆਗੂਆਂ ਦਾ ਵੀ ਮੰਨਣਾ ਹੈ ਕਿ ਖੇਤੀ ਕਾਨੂੰਨ ਵਾਪਸ ਹੋਣ ਦੇ ਬਾਅਦ ਜੇਕਰ ਦੋਵੇਂ ਪਾਰਟੀਆਂ ਇਕੱਠੀਆਂ ਆ ਜਾਣ ਤਾਂ 18 ਫੀਸਦੀ ਜੱਟ ਵੋਟ ਬੈਂਕ ਦਾ ਧਰੁਵੀਕਰਨ ਹੋ ਜਾਵੇਗਾ ਕਿਉਂਕਿ ਕਾਂਗਰਸ ਵਲੋਂ ਐੱਸਸੀ ਨੂੰ ਮੁੱਖ ਮੰਤਰੀ ਬਣਾਉਣ ’ਤੇ ਜੱਟ ਫਿਰਕੇ ਨੂੰ ਲੱਗ ਰਿਹਾ ਹੈ ਕਿ ਪਾਵਰ ਉਨ੍ਹਾਂ ਦੇ ਹੱਥੋਂ ਖਿਸਕ ਗਈ ਹੈ। ਅਜਿਹੇ ’ਚ ਉਹ ਅਕਾਲੀ ਦਲ ਤੇ ਭਾਜਪਾ ਦੇ ਹੱਕ ’ਚ ਇਕਜੁੱਟ ਹੋ ਸਕਦੇ ਹਨ। ਉੱਥੇ, ਸਾਹਮਣੇ ਮਜ਼ਬੂਤ ਵਿਰੋਧੀ ਧਿਰ ਨਾ ਹੋਣ ਦੇ ਕਾਰਨ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਖਿਲਾਫ਼ ਸੱਤਾ ਦਾ ਵਿਰੋਧ ਜਿਹਡ਼ਾ ਦੱਬਿਆ ਹੋਇਆ ਸੀ, ਉਹ ਵੀ ਉੱਭਰ ਕੇ ਸਾਹਮਣੇ ਆ ਜਾਵੇਗਾ। ਭਾਜਪਾ ਦੇ ਮਜ਼ਬੂਤ ਹੋਣ ਦੇ ਨਾਲ ਹਿੰਦੂ ਵੋਟ ਬੈਂਕ ਵੀ ਭਾਜਪਾ ਦੇ ਖਾਤੇ ’ਚ ਜਾ ਸਕਦਾ ਹੈ। ਅਜਿਹੇ ’ਚ ਕਾਂਗਰਸ ਦੀ ਪਰੇਸ਼ਾਨੀ ਵੱਧ ਸਕਦੀ ਹੈ।

Leave a Reply

Your email address will not be published. Required fields are marked *