ਅਜੀਬ ਜਿਹਾ ਵਤੀਰਾ ਹੈ ਸਿੱਧੂ ਦਾ : ਮਨੀਸ਼ ਤਿਵਾੜੀ
1 min read
ਕਾਂਗਰਸ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾਡ਼ੀ ਨੇ ਕਿਹਾ ਹੈ ਕਿ ਉਨ੍ਹਾਂ ਆਪਣੇ 40 ਵਰ੍ਹਿਆਂ ਦੇ ਕਰੀਅਰ ’ਚ ਨਵਜੋਤ ਸਿੰਘ ਸਿੱਧੂ ਵਰਗਾ ਵਤੀਰਾ ਨਾ ਤਾਂ ਕਦੀ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ, ਨਾ ਕਿਸੇ ਮੁੱਖ ਮੰਤਰੀ ਦਾ ਅਤੇ ਨਾ ਹੀ ਕਦੀ ਕਿਸੇ ਕੇਂਦਰੀ ਮੰਤਰੀ ਦਾ ਦੇਖਿਆ। ਉਨ੍ਹਾਂ ਦਾ ਅਜੀਬ ਜਿਹਾ ਵਤੀਰਾ ਹੈ। ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਜਦੋਂ ਸਾਬਕਾ ਕੇਂਦਰੀ ਮੰਤਰੀ ਤੋਂ ਪੁੱਛਿਆ ਗਿਆ ਕਿ ਸਿੱਧੂ ਕਦੇ ਅਸਤੀਫ਼ਾ ਦੇ ਦਿੰਦੇ ਹਨ ਤੇ ਕਦੇ ਪਾਰਟੀ ਦੀ ਇੱਟ ਨਾਲ ਇੱਟ ਵਜਾਉਂਦੇ ਹਨ, ਪਾਰਟੀ ਦੀ ਉਨ੍ਹਾਂ ਨੂੰ ਆਪਣੇ ਨਾਲ ਰੱਖਣ ਦੀ ਕੀ ਮਜਬੂਰੀ ਹੈ, ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਹਾਈ ਕਮਾਨ ਹੀ ਦੱਸ ਸਕਦੀ ਹੈ, ਪਰ ਇਹ ਜ਼ਰੂਰ ਹੈ ਕਿ ਏਆਈਸੀਸੀ ਲੀਡਰਸ਼ਿਪ ਦੀ ਵਾਰ-ਵਾਰ ਉਲੰਘਣਾ ਦਾ ਅਸਰ ਪੂਰੇ ਦੇਸ਼ ’ਤੇ ਪੈਂਦਾ ਹੈ। ਹੋਰਨਾਂ ਸੂਬਿਆਂ ਦੇ ਆਗੂ ਵੀ ਉਸੇ ਤਰ੍ਹਾਂ ਦਾ ਹੀ ਵਿਵਹਾਰ ਕਰਨ ਲੱਗਣਗੇ।

ਇਹ ਪੁੱਛੇ ਜਾਣ ’ਤੇ ਕਿ ਤੁਸੀਂ ਜੀ-23 ਦੇ ਮੈਂਬਰ ਹੋ। ਕੀ ਤੁਸੀਂ ਪਾਰਟੀ ਹਾਈ ਕਮਾਨ ਦੀ ਕਾਰਜ ਪ੍ਰਣਾਲੀ ਤੋਂ ਸੰਤੁਸ਼ਟ ਹੋ, ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਵਾਂ ਕਿ ਜੀ-23 ਕੋਈ 23 ਆਗੂਆਂ ਦਾ ਸਮੂਹ ਨਹੀਂ ਬਲਕਿ ਲੱਖਾਂ-ਕਰੋਡ਼ਾਂ ਆਮ ਕਾਂਗਰਸੀ ਵਰਕਰਾਂ ਦੀ ਭਾਵਨਾ ਹੈ, ਜਿਹਡ਼ੇ ਚਾਹੁੰਦੇ ਹਨ ਕਿ ਪਾਰਟੀ ਪੁਰਾਣੇ ਗੌਰਵ ਵੱਲ ਪਰਤੇ। ਅਫਸੋਸ ਦੀ ਗੱਲ ਹੈ ਕਿ ਪੂਰੀ ਕੋਸ਼ਿਸ਼ ਨੂੰ ਗਲਤ ਸਮਝਿਆ ਗਿਆ। ਇਸ ਨੂੰ ਕੁਝ ਕੁ ਲੋਕਾਂ ਵੱਲੋਂ ਆਪਣੇ ਹਿੱਤਾਂ ਲਈ ਕਾਂਗਰਸ ਲੀਡਰਸ਼ਿਪ ਲਈ ਇਕ ਚੁਣੌਤੀ ਵਜੋਂ ਪੇਸ਼ ਕੀਤਾ ਗਿਆ ਜਦਕਿ ਅਜਿਹਾ ਨਹੀਂ ਹੈ। ਜੇ ਕਾਂਗਰਸ ਲੋਕ ਸਭਾ ’ਚ 40-50 ਸੀਟਾਂ ’ਤੇ ਹੀ ਸਿਮਟ ਜਾਂਦੀ ਹੈ ਤਾਂ ਉਨ੍ਹਾਂ ਨੂੰ ਖ਼ੁਦ ਆਪਣੇ ਅੰਦਰ ਝਾਕ ਕੇ ਦੇਖਣਾ ਚਾਹੀਦਾ ਹੈ ਕਿਉਂਕਿ ਅਸੀਂ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਹਾਰ ਚੁੱਕੇ ਹਾਂ। ਸਾਲ 2014 ’ਚ ਲੋਕ ਸਭਾ ਦੇ ਨਾਲ ਵਿਧਾਨ ਸਭਾ ਚੋਣਾਂ ਵਿਚ ਵੀ ਹਾਰ ਮਿਲੀ। ਸਿਰਫ਼ ਚਾਰ ਸੂਬਿਆਂ ’ਚ ਹੀ ਜਿੱਤ ਮਿਲੀ। ਛੇ ਸੂਬਿਆਂ ’ਚ ਤਾਂ ਕਾਂਗਰਸ ਦਾ ਗਠਜੋਡ਼ ਹੈ। ਜੇਕਰ ਪਾਰਟੀ ਲੀਡਰਸ਼ਿਪ ਹਾਲੇ ਵੀ ਕਾਇਆਕਲਪ ਦੇ ਸਾਡੇ ਦਰਦ ’ਤੇ ਧਿਆਨ ਦਿੰਦੀ ਹੈ ਤਾਂ 2024 ’ਚ 272 ਸੀਟਾਂ ਜਿੱਤ ਸਕਦੀ ਹੈ। ਇਹ ਪ੍ਰਕਿਰਿਆ ਹਾਲੇ ਸ਼ੁਰੂ ਹੋਣੀ ਹੈ, ਕਿਉਂਕਿ ਲੋਕ ਸਭਾ ਚੋਣਾਂ ਹੋਇਆਂ ਨੂੰ 30 ਮਹੀਨੇ ਹੋ ਗਏ ਹਨ। ਸਾਨੂੰ ਆਤਮਮੰਥਨ ਕਰਨਾ ਪਵੇਗਾ ਤੇ ਪਾਰਟੀ ਨੂੰ ਮੂਲ ਗੱਲਾਂ ’ਤੇ ਪਰਤਣਾ ਪਵੇਗਾ।ਕੈਪਟਨ ਵਲੋਂ ਅਲੱਗ ਪਾਰਟੀ ਬਣਾਉਣ ਦੇ ਫ਼ੈਸਲੇ ’ਤੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਨੂੰ ਬਿਹਤਰ ਤਰੀਕੇ ਨਾਲ ਵੀ ਸੰਭਾਲਿਆ ਜਾ ਸਕਦਾ ਸੀ। ਉਨ੍ਹਾਂ ਦੀ ਸੀਨੀਅਰਤਾ ਤੇ ਕੱਦ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਪਾਰਟੀ ਇਕ ਬਦਲਾਅ ਦੀ ਇੱਛਾ ਰੱਖਦੀ ਹੈ। ਉਹ ਸ਼ਾਲੀਨਤਾ ਨਾਲ ਅਸਤੀਫ਼ਾ ਦੇ ਦਿੰਦੇ ਤੇ ਹਾਲੇ ਵੀ ਕਾਂਗਰਸ ’ਚ ਹੁੰਦੇ। ਮੈਂ ਤਾਂ ਹੁਣ ਵੀ ਸੁਲਾਹ ਦੀ ਹੀ ਵਕਾਲਤ ਕਰਦਾ ਹਾਂ। ਕੈਪਟਨ ਦਿਲ ਤੋਂ ਕਾਂਗਰਸੀ ਹਨ। ਤੁਸੀਂ ਕਿਸੇ ਨੂੰ ਕਾਂਗਰਸ ਤੋਂ ਕੱਢ ਸਕਦੇ ਹੋ, ਪਰ ਕਾਂਗਰਸ ਉਸ ਵਿਚੋਂ ਨਹੀਂ ਕੱਢ ਸਕਦੇ। ਮੈਂ ਕਈ ਅਜਿਹੇ ਭਾਜਪਾ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਜਾਣਦਾ ਹਾਂ, ਜਿਹਡ਼ੇ ਅੱਜ ਵੀ ਦਿਲ ਤੋਂ ਕਾਂਗਰਸੀ ਹੀ ਹਨ। ਕੀ ਕਰੀਏ ਸਿਆਸੀ ਮਜਬੂਰੀ ਹੈ।

ਅੰਬਿਕਾ ਸੋਨੀ ਦੇ ਇਸ ਬਿਆਨ ’ਤੇ ਕਿ ਪੰਜਾਬ ਦਾ ਮੁੱਖ ਮੰਤਰੀ ਪੱਗਡ਼ੀਧਾਰੀ ਹੋਣਾ ਚਾਹੀਦਾ ਹੈ, ਇਸ ਵਿਚ ਧਰਮ ਨਿਰਪੱਖਤਾ ਕਿੱਥੇ ਹੈ, ਉਨ੍ਹਾਂ ਕਿਹਾ ਕਿ ਇਸ ਦਾ ਬਿਹਤਰ ਜਵਾਬ ਤਾਂ ਉਹੀ ਦੇ ਸਕਦੇ ਹਨ। ਮੈਂ ਅੰਬਿਕਾ ਜੀ ਦਾ ਬਹੁਤ ਸਨਮਾਨ ਕਰਦਾ ਹਾਂ। ਜਿੱਥੋਂ ਤਕ ਮੇਰਾ ਸਵਾਲ ਹੈ, ਮੇਰਾ ਮੰਨਣਾ ਹੈ ਕਿ ਪੰਜਾਬ ‘ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਿਬੋ’ ਨੂੰ ਮੰਨਦਾ ਹੈ। ਇਕ ਮਨੁੱਖ ਤੇ ਦੂਜੇ ਮਨੁੱਖ ’ਚ ਕੋਈ ਭੇਦ ਨਹੀਂ ਹੈ।
ਇਹ ਪੁੱਛੇ ਜਾਣ ’ਤੇ ਕਿ ਪੰਜਾਬ ’ਚ ਹਿੰਦੂ ਕਾਂਗਰਸ ਤੋਂ ਦੂਰ ਹੋ ਰਿਹਾ ਹੈ, ਤੁਸੀਂ ਇਸ ਦੇ ਪਿੱਛੇ ਕੀ ਕਾਰਨ ਸਮਝਦੇ ਹੋ, ਉਨ੍ਹਾਂ ਕਿਹਾ ਕਿ ਪੰਜਾਬ ’ਚ 13 ਲੋਕ ਸਭਾ ਸੀਟਾਂ ’ਚੋਂ ਮੈਂ ਸਿਰਫ਼ ਇਕੋ ਹਿੰਦੂ ਹਾਂ ਤੇ ਉਸ ਖੇਤਰ (ਸ੍ਰੀ ਅਨੰਦਪੁਰ ਸਾਹਿਬ) ਦੀ ਨੁਮਾਇੰਦਗੀ ਕਰਦਾ ਹਾਂ ਜਿੱਥੇ 13 ਅਪ੍ਰੈਲ 1699 ’ਚ ਖ਼ਾਲਸਾ ਪੰਥ ਦੀ ਸਥਾਪਨਾ ਹੋਈ ਸੀ। ਮੇਰੀ ਮਾਂ ਇਕ ਜੱਟ ਸਿੱਖ ਸਨ ਤੇ ਪਿਤਾ ਹਿੰਦੂ, ਜਿਨ੍ਹਾਂ ਨੂੰ ਅਪ੍ਰੈਲ 1984 ’ਚ ਗੋਲ਼ੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਮੇਰੇ ਪਿਤਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰਾਖੇ ਸਨ। ਮੈਨੂੰ ਇਸ ਲਈ ਨਹੀਂ ਚੁਣਿਆ ਗਿਆ ਕਿ ਮੈਂ ਹਿੰਦੂ ਜਾਂ ਸਿੱਖ ਹਾਂ, ਬਲਕਿ ਇਸ ਲਈ ਕਿ ਮੈਂ ਪੰਜਾਬੀਅਤ ’ਚ ਰੰਗਿਆ ਹੋਇਆ ਹਾਂ।