ਅੱਠ ਬਿੱਲ ਕੀਤੇ ਜਾਣਗੇ ਵਿਧਾਨ ਸਭਾ ’ਚ ਪੇਸ਼, ਬੀਐੱਸਐੱਫ ਦਾ ਦਾਇਰਾ ਵਧਾਉਣ ਖ਼ਿਲਾਫ਼ ਸਰਕਾਰ ਲਿਆਏਗੀ ਨਿੰਦਾ ਮਤਾ
1 min read
ਪੰਜਾਬ ਸਰਕਾਰ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਅੱਠ ਬਿੱਲ ਪੇਸ਼ ਕਰਨ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਸਰਕਾਰ ਵੱਲੋਂ ਬੀਐੱਸਐੱਫ ਦਾ ਦਾਇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰਨ ਲਈ ਕੇਂਦਰ ਸਰਕਾਰ ਖ਼ਿਲਾਫ਼ ਨਿੰਦਾ ਮਤਾ ਵੀ ਲਿਆਂਦਾ ਜਾਵੇਗਾ। ਸਰਕਾਰ ਸਾਹਮਣੇ ਭਾਵੇਂ ਸਦਨ ’ਚ ਕੋਈ ਵੱਡੀ ਚੁਣੌਤੀ ਨਾ ਪੇਸ਼ ਹੋਵੇ, ਪਰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਤੇ ਨਿੱਜੀ ਥਰਮਲ ਪਲਾਂਟਾਂ ਦੇ ਨਾਲ ਹੋਏ ਸਮਝੌਤਿਆਂ ਨੂੰ ਰੱਦ ਕਰਨ ਲਈ ਵਿਰੋਧੀ ਧਿਰ ਹਮਲਾਵਰ ਹੋ ਸਕਦੀ ਹੈ। ਵਿਰੋਧੀ ਧਿਰ ਦੀ ਨਜ਼ਰ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਸਰਕਾਰ ਨਿੱਜੀ ਥਰਮਲ ਪਲਾਂਟਾਂ ਨਾਲ ਹੋਏ ਸਮਝੌਤੇ ਨੂੰ ਰੱਦ ਕਰਨ ਲਈ ਕਿਹਡ਼ਾ ਰਸਤਾ ਕੱਢਦੀ ਹੈ। ਉੱਥੇ, ਤਿੰਨ ਖੇਤੀ ਕਾਨੂੰਨਾਂ ਨੂੰ ਪੰਜਾਬ ’ਚ ਅਮਲ ’ਚ ਲਿਆਉਣ ਤੋਂ ਰੋਕਣ ਲਈ ਸਰਕਾਰ ਕੀ ਕਦਮ ਚੁੱਕਣ ਜਾ ਰਹੀ ਹੈ। ਭਾਵੇਂ ਸਰਕਾਰ ਨੇ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਕਰਨ ਲਈ ਕੰਪਨੀਆਂ ਨੂੰ ਨੋਟਿਸ ਦਿੱਤਾ ਹੋਇਆ ਹੈ ਪਰ ਵਿਰੋਧੀ ਧਿਰ ਸਰਕਾਰ ’ਤੇ ਨਾ ਸਿਰਫ਼ ਵ੍ਹਾਈਟ ਪੇਪਰ ਲਿਆਉਣ ਤੇ ਸਮਝੌਤਿਆਂ ਨੂੰ ਰੱਦ ਕਰਨ ਲਈ ਵਿਧਾਨ ਸਭਾ ’ਚ ਭਰੋਸਾ ਦੇਣ ’ਤੇ ਸਰਕਾਰ ਨੂੰ ਘੇਰ ਸਕਦੀ ਹੈ। ਹਾਲਾਂਕਿ ਪੰਜਾਬ ਕੈਬਨਿਟ ਨੇ ਇਕ ਦਿਨ ਪਹਿਲਾਂ ਪੰਜਾਬ ਐਨਰਜੀ ਸੇਫਟੀ, ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਤੇ ਪਾਵਰ ਟੈਰਿਫ ਬਿੱਲ, 2021 ਦੇ ਮੁਡ਼ ਨਿਰਧਾਰਨ ਨੂੰ ਮਨਜ਼ੂੁਰੀ ਦਿੱਤੀ ਹੈ। ਜਿਸ ਨੂੰ ਵੀਰਵਾਰ ਨੂੰ ਪੇਸ਼ ਕੀਤਾ ਜਾਵੇਗਾ। ਬੀਐੱਸਐੱਫ ਦੀ ਹੱਦ ਵਧਾਉਣ ਦੇ ਮਾਮਲੇ ’ਚ ਕੇਂਦਰ ਸਰਕਾਰ ਖ਼ਿਲਾਫ਼ ਨਿੰਦਾ ਮਤੇ ਨੂੰ ਬਹੁਮਤ ਨਾਲ ਪਾਸ ਕਰਵਾਉਣਾ ਸਰਕਾਰ ਲਈ ਕੋਈ ਵੱਡੀ ਚੁਣੌਤੀ ਨਹੀਂ ਹੋਣ ਵਾਲੀ। ਉੱਥੇ, ਦੇਖਣਾ ਪਵੇਗਾ ਕਿ ਕੀ ਭਾਜਪਾ ਦੇ ਵਿਧਾਇਕ ਸਦਨ ’ਚ ਮੌਜੂਦ ਰਹਿ ਕੇ ਨਿੰਦਾ ਮਤੇ ਦੇ ਖ਼ਿਲਾਫ਼ ਬਿਆਨ ਦਿੰਦੇ ਹਨ ਜਾਂ ਨਹੀਂ। ਆਮ ਤੌਰ ’ਤੇ ਅਜਿਹੇ ਮਾਮਲਿਆਂ ’ਚ ਭਾਜਪਾ ਦੇ ਦੋਵੇਂ ਵਿਧਾਇਕ ਸਦਨ ’ਚ ਦਿਖਾਈ ਨਹੀਂ ਦਿੰਦੇ। ਪੰਜਾਬ ਸਰਕਾਰ 30 ਸਤੰਬਰ, 2021 ਤਕ ਸਾਰੇ ਨਾਜਾਇਜ਼ ਰੂਪ ਨਾਲ ਹੋਏ ਨਿਰਮਾਣ ਕਾਰਜ ਲਈ ‘ਦਿ ਪੰਜਾਬ ਵਨ ਟਾਈਮ ਵਾਲੰਟਰੀ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ ਵਾਇਓਲੇਸ਼ਨਜ਼ ਆਫ ਬਿਲਡਿੰਗਜ਼ ਬਿੱਲ, 2021’ ਨੂੰ ਕੱਲ੍ਹ ਸਦਨ ’ਚ ਪੇਸ਼ ਕਰੇਗੀ। ਇਸ ਤੋਂ ਇਲਾਵਾ ਪੰਜਾਬ ਇੰਸਟੀਚਿਊਟ ਐਂਡ ਅਦਰ ਬਿਲਡਿੰਗ ਟੈਕਸ ਰਿਪੀਲ ਐਕਟ-2011 ਬਿੱਲ ਵੀ ਪੇਸ਼ ਕੀਤਾ ਜਾਵੇਗਾ। ਉੱਥੇ ਸਾਰਿਆਂ ਦੀ ਨਜ਼ਰ ‘ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂੁਲਰਾਈਜ਼ੇਸ਼ਨ ਆਫ ਕਾਂਟ੍ਰੈਕਚੂਅਲ ਇੰਪਲਾਈਜ਼ ਬਿੱਲ-2021’ਤੇ ਰਹੇਗੀ ਜਿਸ ਤਹਿਤ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫ਼ੈਸਲਾ ਮੰਗਲਵਾਰ ਨੂੰ ਪੰਜਾਬ ਕੈਬਨਿਟ ਨੇ ਕੀਤਾ ਹੈ।
