ਇਮਾਨਦਾਰੀ
1 min read
ਇਮਾਨਦਾਰੀ ਦਾ ਸਾਡੇ ਜੀਵਨ ’ਚ ਬਹੁਤ ਮਹੱਤਵ ਹੈ। ਇਸ ਦੇ ਬਲਬੂਤੇ ਅਸੀਂ ਆਪਣੀ ਸ਼ਖ਼ਸੀਅਤ ’ਚ ਚਮਤਕਾਰੀ ਤਬਦੀਲੀ ਲਿਆ ਸਕਦੇ ਹਾਂ। ਇਮਾਨਦਾਰ ਵਿਅਕਤੀ ਹਰ ਜਗ੍ਹਾ ਸਨਮਾਨਿਤ ਹੁੰਦਾ ਹੈ। ਬਹੁਤ ਪੁਰਾਣੀ ਗੱਲ ਹੈ। ਇਕ ਸ਼ਹਿਰ ’ਚ ਔੜ ਪੈ ਗਈ ਸੀ। ਲੋਕ ਭੁੱਖ ਨਾਲ ਮਰਨ ਲੱਗੇ ਸਨ। ਉੱਥੇ ਇਕ ਦਿਆਲੂ ਧਨਾਢ ਵਿਅਕਤੀ ਰਹਿੰਦਾ ਸੀ। ਉਸ ਨੇ ਫ਼ੈਸਲਾ ਕੀਤਾ ਕਿ ਉਹ ਸ਼ਹਿਰ ਦੇ ਸਾਰੇ ਛੋਟੇ ਬੱਚਿਆਂ ਨੂੰ ਰੋਜ਼ ਇਕ ਰੋਟੀ ਦੇਵੇਗਾ। ਇਸ ਐਲਾਨ ਨੂੰ ਸੁਣਦੇ ਹੀ ਸਾਰੇ ਬੱਚੇ ਇਕੱਠੇ ਹੋਣ ਲੱਗੇ। ਬੱਚਿਆਂ ਨੂੰ ਰੋਟੀਆਂ ਵੰਡੀਆਂ ਜਾਣ ਲੱਗੀਆਂ। ਰੋਟੀਆਂ ਦਾ ਆਕਾਰ ਛੋਟਾ-ਵੱਡਾ ਸੀ। ਬੱਚੇ ਇਕ-ਦੂਜੇ ਨੂੰ ਧੱਕਾ ਦੇ ਕੇ ਵੱਡੀ ਰੋਟੀ ਲੈਣ ਦਾ ਯਤਨ ਕਰ ਰਹੇ ਸਨ। ਉੱਥੇ ਇਕ ਬਾਲੜੀ ਚੁੱਪ-ਚਾਪ ਖੜ੍ਹੀ ਸੀ। ਉਹ ਅੰਤ ’ਚ ਅੱਗੇ ਵਧੀ। ਅੰਤਿਮ ਬਚੀ ਰੋਟੀ ਪ੍ਰਸੰਨਤਾ ਨਾਲ ਲੈ ਕੇ ਉਹ ਘਰ ਨੂੰ ਚਲੀ ਗਈ। ਦੂਜੇ ਦਿਨ ਵੀ ਲੜਕੀ ਨੂੰ ਛੋਟੀ ਰੋਟੀ ਹੀ ਮਿਲੀ। ਲੜਕੀ ਨੇ ਜਦ ਘਰ ਪਰਤ ਕੇ ਰੋਟੀ ਤੋੜੀ ਤਾਂ ਰੋਟੀ ’ਚੋਂ ਸੋਨੇ ਦਾ ਇਕ ਸਿੱਕਾ ਨਿਕਲਿਆ। ਉਸ ਦੀ ਮਾਂ ਨੇ ਕਿਹਾ ਕਿ ਇਹ ਸਿੱਕਾ ਉਸ ਧਨਵਾਨ ਵਿਅਕਤੀ ਨੂੰ ਦੇ ਆਓ। ਲੜਕੀ ਭੱਜੀ-ਭੱਜੀ ਅਮੀਰ ਵਿਅਕਤੀ ਦੇ ਘਰ ਗਈ। ਉਸ ਵਿਅਕਤੀ ਨੇ ਪੁੱਛਿਆ ਕਿ ਤੂੰ ਇੱਥੇ ਕਿਉਂ ਆਈ ਹੋ? ਕੁੜੀ ਨੇ ਕਿਹਾ, ‘ਮੇਰੀ ਰੋਟੀ ਵਿਚੋਂ ਇਹ ਸਿੱਕਾ ਨਿਕਲਿਆ ਹੈ। ਸ਼ਾਇਦ ਇਹ ਆਟੇ ਵਿਚ ਡਿੱਗ ਗਿਆ ਹੋਵੇਗਾ। ਇਹ ਸਿੱਕਾ ਮੈਂ ਤੁਹਾਨੂੰ ਦੇਣ ਆਈ ਹਾਂ।’ ਅਸਲ ਵਿਚ ਧਨਵਾਨ ਵਿਅਕਤੀ ਨੇ ਬੱਚਿਆ ਦਾ ਇਮਤਿਹਾਨ ਲੈਣ ਲਈ ਜਾਣਬੁੱਝ ਕੇ ਤਰੱਦਦ ਕੀਤਾ ਸੀ। ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਇਆ। ਉਸ ਨੇ ਉਸ ਨੂੰ ਆਪਣੀ ਧਰਮ-ਪੁੱਤਰੀ ਬਣਾ ਲਿਆ। ਬਾਅਦ ਵਿਚ ਉਹ ਉਸ ਦੀ ਜਾਨਸ਼ੀਨ ਬਣੀ। ਇਹ ਉਸ ਲੜਕੀ ਲਈ ਇਮਾਨਦਾਰੀ ਦਾ ਫ਼ਲ ਸੀ। ਇਮਾਨਦਾਰ ਵਿਅਕਤੀ ਨੂੰ ਭਾਵੇਂ ਹੀ ਵਰਤਮਾਨ ਦੌਰ ਵਿਚ ਕੁਝ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇ ਪਰ ਇਮਾਨਦਾਰੀ ਦੇ ਰਾਹ ’ਤੇ ਚੱਲਣ ਨਾਲ ਉਸ ਦਾ ਮਨ ਸਦਾਪ੍ਰਸੰਨ ਰਹਿੰਦਾ ਹੈ। ਹੌਲੀ-ਹੌਲੀ ਉਸ ਦਾ ਜਸ ਤੇ ਕੀਰਤੀ ਵਧਣ ਲੱਗਦੀ ਹੈ। ਇਮਾਨਦਾਰੀ ਉਹ ਖ਼ਾਸ ਗਹਿਣਾ ਹੈ ਜਿਸ ਨੂੰ ਧਾਰਨ ਕਰਨ ਵਾਲਾ ਸਦਾ ਉੱਨਤੀ ਦੇ ਰਾਹ ’ਤੇ ਅੱਗੇ ਵਧਦਾ ਚਲਿਆ ਜਾਂਦਾ ਹੈ। ਇਸੇ ਲਈ ਸਾਨੂੰ ਇਮਾਨਦਾਰੀ ਦੇ ਰਾਹ ’ਤੇ ਚੱਲਦੇ ਹੋਏ ਗੁਜ਼ਾਰਾ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਸਮਾਜ ਵਿਚ ਇਕ ਆਦਰਸ਼ ਸਥਾਪਤ ਕਰ ਸਕੀਏ।
