ਇਸ ਵਾਰ ਕਿਹਡ਼ੀ ਪਾਰਟੀ ਦਾ ਹੱਥ ਉੱਤੇ ਹੈ
1 min read
ਚੋਣ ਵਿਸ਼ਲੇਸ਼ਕ ਆਮ ਤੌਰ ’ਤੇ ਚੋਣ ਜਲਸਿਆਂ ਦੀਆਂ ਭੀਡ਼ਾਂ ਤੋਂ ਹੀ ਆਮ ਜਨਤਾ ਦੇ ਰੁਝਾਨ ਦਾ ਅਨੁਮਾਨ ਲਾ ਲਿਆ ਕਰਦੇ ਹਨ।ਲੋਕਾਂ ਨੂੰ ਲੱਗਦਾ ਹੈ ਕਿ ਪਾਰਟੀ ਕੋਈ ਵੀ ਸੱਤਾ ’ਚ ਹੋਵੇ, ਵਿਕਾਸ ਕਾਰਜ ਤੇ ਲੋਕਾਂ ਦੇ ਰੋਜ਼ਮੱਰਾ ਦੇ ਕੰਮ ਕਿਸੇ ਹਾਲਤ ’ਚ ਰੁਕਣੇ ਨਹੀਂ ਚਾਹੀਦੇ। ਐਤਕੀਂ ਇਹ ਵੇਖਣਾ ਵੀ ਦਿਲਚਸਪ ਰਹੇਗਾ ਕਿ ਕੀ ਪੂਰਾ ਇੱਕ ਸਾਲ ਚੱਲੇ ਕਿਸਾਨ ਅੰਦੋਲਨ ਦਾ ਕੋਈ ਅਸਰ ਇਨ੍ਹਾਂ ਚੋਣ ਨਤੀਜਿਆਂ ’ਤੇ ਪਵੇਗਾ ਜਾਂ ਨਹੀਂ। ਕੀ ਕੈਪਟਨ ਅਮਰਿੰਦਰ ਸਿੰਘ ਆਪਣੀ ਪੁਰਾਣੀ ਕਾਂਗਰਸ ਪਾਰਟੀ ਨੂੰ ਕੋਈ ਖੋਰਾ ਲਾ ਸਕਣਗੇ ਕਿ ਨਹੀਂ। ਕੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋਡ਼ ਤੋਂ ਬਗ਼ੈਰ ਭਾਜਪਾ ਇਸ ਵਾਰ ਆਪਣੇ ਦਮ ’ਤੇ ਕੋਈ ਕਮਾਲ ਵਿਖਾ ਸਕੇਗੀ ਜਾਂ ਨਹੀਂ। ਕੀ ਕਾਂਗਰਸ ਪਾਰਟੀ ਦੀ ਅੰਦਰੂਨੀ ਪਾਟੋਧਾਡ਼ ਤੇ ਧਡ਼ੇਬੰਦੀਆਂ ਦਾ ਉਸ ਨੂੰ ਕੋਈ ਨੁਕਸਾਨ ਤਾਂ ਨਹੀਂ ਹੋ ਜਾਵੇਗਾ? ਕੀ ਮੁੱਖ ਮੰਤਰੀ ਚਰਨਜੀਤ ਚੰਨੀ ਦੇ 111 ਦਿਨਾਂ ਦੀ ਕਾਰਗੁਜ਼ਾਰੀ ਕਾਂਗਰਸ ਲਈ ਸੱਤਾ ਦਾ ਰਾਹ ਦੋਬਾਰਾ ਪੱਧਰਾ ਕਰ ਸਕੇਗੀ ਕਿ ਨਹੀਂ। ਕੀ ਆਮ ਆਦਮੀ ਪਾਰਟੀ ਪਿਛਲੀ ਵਾਰ ਦੇ ਮੁਕਾਬਲੇ ਆਪਣਾ ਗ੍ਰਾਫ਼ ਕੁਝ ਉਤਾਂਹ ਚੁੱਕ ਸਕੇਗੀ ਕਿ ਨਹੀਂ। ਕੀ ਲੋਕ ਇਨਸਾਫ਼ ਪਾਰਟੀ ਦਾ ਆਧਾਰ ਇਸ ਵਾਰ ਕੁਝ ਹੋਰ ਵਧੇਗਾ ਕਿ ਨਹੀਂ?
ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਵੋਟ ਫ਼ੀਸਦ ਦੇ ਸਾਰੇ ਅੰਕਡ਼ਿਆਂ ’ਚ ਵੱਡਾ ਫੇਰਬਦਲ ਹੋ ਗਿਆ ਸੀ ਤੇ ਸਾਰੇ ਸਮੀਕਰਣ ਬਦਲ ਗਏ ਸਨ। ਉਨ੍ਹਾਂ ਚੋਣਾਂ ’ਚ ਕਾਂਗਰਸ ਦੀ ਵੋਟ ਫੀਸਦ 77 ਸੀਟਾਂ ਜਿੱਤ ਕੇ 38.5 ਫ਼ੀਸਦੀ ਰਹੀ ਸੀ, ਜਦਕਿ ਆਮ ਆਦਮੀ ਪਾਰਟੀ ਨੂੰ 20 ਸੀਟਾਂ ਨਾਲ 23.7 ਫ਼ੀਸਦੀ, ਸ਼੍ਰੋਮਣੀ ਅਕਾਲੀ ਦਲ ਨੂੰ 15 ਸੀਟਾਂ ਨਾਲ 25.2 ਫ਼ੀਸਦੀ, ਭਾਰਤੀ ਜਨਤਾ ਪਾਰਟੀ ਨੂੰ ਤਿੰਨ ਸੀਟਾਂ ਨਾਲ 5.4 ਫ਼ੀਸਦੀ, ਬਹੁਜਨ ਸਮਾਜ ਪਾਰਟੀ ਨੂੰ 1.5 ਫ਼ੀਸਦੀ ਅਤੇ ਲੋਕ ਇਨਸਾਫ਼ ਪਾਰਟੀ ਨੂੰ ਦੋ ਸੀਟਾਂ ਨਾਲ 1.7 ਫ਼ੀਸਦੀ ਵੋਟਾਂ ਹਾਸਲ ਹੋਈਆਂ ਸਨ।
ਮਾਲਵਾ ਖ਼ਿੱਤੇ ਦੀਆਂ 69 ਸੀਟਾਂ ਵਿੱਚੋਂ ਕਾਂਗਰਸ ਨੇ 40 ਸੀਟਾਂ ਜਿੱਤੀਆਂ ਸਨ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 8 ਸੀਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ 18 ਸੀਟਾਂ ਜਿੱਤ ਗਈ ਸੀ ਤੇ ਭਾਜਪਾ ਮਾਲਵਾ ’ਚ ਕੇਵਲ ਇੱਕ ਸੀਟ ਜਿੱਤ ਸਕੀ ਸੀ।
ਮਾਝਾ ਖ਼ਿੱਤੇ ਦੀਆਂ 25 ਸੀਟਾਂ ਵਿੱਚੋਂ 22 ’ਤੇ ਕਾਂਗਰਸ ਜੇਤੂ ਰਹੀ ਸੀ ਤੇ ਅਕਾਲੀ ਦਲ ਸਿਰਫ਼ ਦੋ ਸੀਟਾਂ ਹੀ ਜਿੱਤ ਸਕਿਆ ਸੀ। ਭਾਜਪਾ ਨੂੰ ਇੱਕ ਸੀਟ ਮਿਲੀ ਸੀ। ਇੰਝ ਹੀ ਦੋਆਬਾ ਖੇਤਰ ਦੀਆਂ 23 ਸੀਟਾਂ ਵਿੱਚੋਂ 15 ’ਤੇ ਕਾਂਗਰਸ, 5 ’ਤੇ ਅਕਾਲੀ ਦਲ, 2 ’ਤੇ ਆਮ ਆਦਮੀ ਪਾਰਟੀ ਤੇ 1 ’ਤੇ ਭਾਜਪਾ ਜੇਤੂ ਰਹੀ ਸੀ।
