ਏਟੀਐੱਮ ਕੈਬਿਨ ‘ਚੋਂ ਬਾਹਰ ਨਿਕਲ ਰਹੇ ਨੌਜਵਾਨ ਨੂੰ ਗੋਲ਼ੀ ਮਾਰ ਕੇ ਲੁੱਟਣ ਦੀ ਕੋਸ਼ਿਸ਼, ਮੁਲਜ਼ਮ ਗ੍ਰਿਫ਼ਤਾਰ
1 min read
ਸ਼ਨਿੱਚਰਵਾਰ ਸ਼ਾਮ ਨੂੰ ਕੈਲਾਸ਼ ਚੌਕ ਵ ਇਲਾਕੇ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਬਦਮਾਸ਼ਾਂ ਨੇ ਨੌਜਵਾਨ ਦੇ ਪੱਟ ਵਿੱਚ ਗੋਲ਼ੀ ਮਾਰ ਕੇ ਉਸ ਕੋਲੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਬੈਂਕ ਮੁਲਾਜ਼ਮ ਐਕਸਿਸ ਬੈਂਕ ਦੇ ਏਟੀਐੱਮ ਕੈਬਿਨ ‘ਚੋਂ ਨਕਦੀ ਕਢਵਾ ਕੇ ਬਾਹਰ ਨਿਕਲ ਰਿਹਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਲੋਕਾਂ ਦੀ ਮੱਦਦ ਨਾਲ ਮੌਕੇ ‘ਤੇ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ,ਜਦਕਿ ਉਸਦਾ ਸਾਥੀ ਗੌਰਵ ਫ਼ਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਬੈਂਕ ਮੁਲਾਜ਼ਮ ਸੰਦੀਪ ਕੁਮਾਰ ਸ਼ਨਿੱਚਰਵਾਰ ਸ਼ਾਮ ਨੂੰ ਕੈਲਾਸ਼ ਚੌਕ ਵਿੱਚ ਪੈਂਦੇ ਐਕਸਿਸ ਬੈਂਕ ਦੇ ਏਟੀਐਮ ਕੈਬਿਨ ਚੋਂ ਨਕਦੀ ਕਢਵਾਉਣ ਲਈ ਗਿਆ ਸੀ। ਸੰਦੀਪ ਜਿਸ ਤਰ੍ਹਾਂ ਹੀ ਕੈਬਿਨ ਚੋਂ ਬਾਹਰ ਆਇਆ ਦੋਵਾਂ ਬਦਮਾਸ਼ਾਂ ਨੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਸੰਦੀਪ ਨੇ ਬਦਮਾਸ਼ਾਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਚੋਂ ਇਕ ਨੇ ਦੇਸੀ ਪਿਸਤੌਲ ਨਾਲ ਗੋਲ਼ੀ ਚਲਾ ਦਿੱਤੀ।ਗੋਲੀ ਸੰਦੀਪ ਕੁਮਾਰ ਦੇ ਪੱਟ ਵਿਚ ਲੱਗੀ ਅਤੇ ਉਹ ਲਹੂ ਲੁਹਾਣ ਹੋ ਕੇ ਜ਼ਮੀਨ ਤੇ ਡਿੱਗ ਪਿਆ।ਗੋਲੀ ਦੀ ਆਵਾਜ਼ ਸੁਣ ਕੇ ਸਾਹਮਣੀ ਦੁਕਾਨ ਵਿੱਚ ਤੈਨਾਤ ਸੁਰੱਖਿਆ ਮੁਲਾਜ਼ਮ ਤੁਰੰਤ ਹਰਕਤ ਵਿੱਚ ਆ ਗਿਆ। ਉਸ ਨੇ ਦੁਕਾਨ ਦਾ ਹੂਟਰ ਵਜਾਇਆ ਅਤੇ ਰੌਲਾ ਪਾ ਕੇ ਹੋਰ ਲੋਕਾਂ ਨੂੰ ਬੁਲਾ ਲਿਆ। ਮੌਕੇ ‘ਤੇ ਮੌਜੂਦ ਹੋਰ ਸੁਰੱਖਿਆ ਮੁਲਾਜ਼ਮ ਅਤੇ ਆਲੇ ਦੁਆਲੇ ਦੇ ਲੋਕ ਬਦਮਾਸ਼ਾਂ ਵੱਲ ਨੱਸ ਪਏ। ਲੋਕਾਂ ਨੇ ਇੱਕ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਜਦਕਿ ਉਸਦਾ ਸਾਥੀ ਫ਼ਰਾਰ ਹੋ ਗਿਆ
ਕਾਬਲੇਗੌਰ ਹੈ ਕਿ ਲੁਧਿਆਣਾ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੁਟੇਰੇ ਇਸ ਕਦਰ ਬੇਖ਼ੌਫ਼ ਹੋ ਚੁੱਕੇ ਹਨ ਕਿ ਉਹ ਪੁਲਿਸ ਚੌਕੀਆਂ ਦੇ ਲਾਗੇ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਇਸ ਵਾਰਦਾਤ ਵਾਲੀ ਥਾਂ ਦੇ ਕੁਝ ਕਦਮਾਂ ਦੀ ਦੂਰੀ ਤੇ ਹੀ ਪੁਲਿਸ ਚੌਕੀ ਹੈ।
ਉਧਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਨੇ ਦੂਸਰੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਸਹਾਇਕ ਕਮਿਸ਼ਨਰ ਹਰੀਸ਼ ਬਹਿਲ ਦਾ ਕਹਿਣਾ ਹੈ ਕਿ ਪੁਲਿਸ ਸਾਰੇ ਮਾਮਲੇ ਦੀ ਪੜਤਾਲ ਵਿੱਚ ਜੁਟ ਗਈ ਹੈ।
ਲੁਟੇਰੇ ਦੇ ਪੈਰ ਵਿੱਚ ਵੀ ਲੱਗੀ ਗੋਲ਼ੀ
ਮੌਕੇ ਤੇ ਮੌਜੂਦ ਲੋਕਾਂ ਨੇ ਗੋਲੀ ਚੱਲਣ ਤੋਂ ਬਾਅਦ ਲੁਟੇਰੇ ਨੂੰ ਦਬੋਚ ਲਿਆ। ਆਪਣੇ ਆਪ ਨੂੰ ਬਚਾਉਣ ਲਈ ਮੁਲਜ਼ਮ ਅਸ਼ਵਨੀ ਕੁਮਾਰ ਨੇ ਗੋਲੀ ਚਲਾ ਦਿੱਤੀ ਜੋ ਕਿ ਉਸੇ ਦੇ ਪੈਰ ਵਿੱਚ ਲੱਗ ਗਈ। ਪੁਲਿਸ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਲੈ ਗਈ ਹੈ
ਵਾਰਦਾਤ ਨਾਕਾਮ ਬਣਾਉਣ ਵਾਲੇ ਲੋਕਾਂ ਨੂੰ ਕੀਤਾ ਜਾਵੇਗਾ ਸਨਮਾਨਤ
ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੁਤਾਬਕ ਇਸ ਵਾਰਦਾਤ ਨੂੰ ਨਾਕਾਮ ਕਰਨ ਵਾਲੇ ਲੋਕਾਂ ਨੂੰ ਜਲਦ ਹੀ ਸਨਮਾਨਿਤ ਕੀਤਾ ਜਾਵੇਗਾ।
