ਐੱਮਐੱਸਪੀ ਦੀ ਗਾਰੰਟੀ ਤੋਂ ਬਗੈਰ ਕਿਸਾਨੀ ਦਾ ਬਚਣਾ ਅਸੰਭਵ : ਡਾ. ਸ਼ਰਮਾ
1 min read
ਪੰਜਾਬੀ ਕਹਾਣੀ ਦੇ ਪਿਤਾਮਾ ਪ੍ਰਿੰ. ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰ ਭਵਨ ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਹ ਸਮਾਰੋਹ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਿੰ. ਸੁਜਾਨ ਸਿੰਘ ਦੇ ਪਰਿਵਾਰ ਤੇ ਡਾ. ਨਿਰਮਲ ਸਿੰਘ ਆਜ਼ਾਦ ਦੇ ਪਰਿਵਾਰ ਦੇ ਸਹਿਯੋਗ ਨਾਲ ਡਾ. ਕੁਲਦੀਪ ਪੁਰੀ, ਡਾ. ਕਰਮਜੀਤ ਸਿੰਘ, ਡਾ. ਦਵਿੰਦਰ ਸ਼ਰਮਾ, ਦੀਪ ਦੇਵਿੰਦਰ ਸਿੰਘ, ਮੰਗਤ ਰਾਮ ਪਾਸਲਾ, ਪ੍ਰੋ. ਕਿਰਪਾਲ ਸਿੰਘ ਯੋਗੀ, ਸੁਲੱਖਣ ਸਰਹੱਦੀ, ਡਾ. ਲੇਖ ਰਾਜ, ਐੱਸਪੀ ਸਿੰਘ ਗੋਸਲ, ਤਰਲੋਕ ਸਿੰਘ ਬਹਿਰਾਮਪੁਰ ਕਿਰਤਮੀਤ ਸਿੰਘ (ਕੈਨੇਡਾ) ਤੇ ਮੱਖਣ ਕੁਹਾਡ਼ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਇਸ ਪ੍ਰੋਗਰਾਮ ਦੌਰਾਨ ਪਹਿਲਾ ਪ੍ਰਿੰ. ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਕਹਾਣੀਕਾਰਾ ਹਰਪਿੰਦਰ ਰਾਣਾ ਨੂੰ ਅਤੇ ਦੂਸਰਾ ਉਤਸ਼ਾਹ ਵਰਧਕ ਸਨਮਾਨ ਮਨਮੋਹਨ ਸਿੰਘ ਬਾਸਰਕੇ ਨੂੰ ਦਿੱਤਾ ਗਿਆ। ਆਰਥਿਕ ਤੇ ਖੇਤੀ ਮੁੱਦਿਆਂ ਦੇ ਵਿਸ਼ਲੇਸ਼ਕ ਡਾ. ਦਵਿੰਦਰ ਸ਼ਰਮਾ ਨੂੰ ਡਾ. ਨਿਰਮਲ ਸਿੰਘ ਆਜ਼ਾਦ ਯਾਦਗਾਰੀ ਇਨਾਮ ਨਾਲ ਨਿਵਾਜਿਆ ਗਿਆ।

ਮੁੱਖ ਵਿਸ਼ੇ ‘ਖੇਤੀ ਸੰਕਟ ਤੇ ਹੱਲ’ ’ਤੇ ਬੋਲਦਿਆਂ ਡਾ. ਦਵਿੰਦਰ ਸ਼ਰਮਾ ਨੇ ਕਿਹਾ ਕਿ ਬੇਸ਼ੱਕ ਤਿੰਨ ਖੇਤੀ ਕਾਨੂੰਨ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਹਨ ਪਰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਾਰੰਟੀ ਤੋਂ ਬਗੈਰ ਕਿਸਾਨੀ ਦਾ ਬਚਣਾ ਅਸੰਭਵ ਹੈ। ਉਨ੍ਹਾਂ ਸੰਸਾਰ ਪੱਧਰ ’ਤੇ ਕਿਸਾਨੀ ਦੀ ਹੋ ਰਹੀ ਦੁਰਗਤੀ ਤੇ ਹਾਅ ਦਾ ਨਾਅਰਾ ਮਾਰਿਆ ਅਤੇ ਇਹ ਸਪਸ਼ਟ ਕੀਤਾ ਕਿ ਇਹ ਸਾਰਾ ਵਰਤਾਰਾ ਕਾਰਪੋਰੇਟਾਂ ਦੇ ਦਬਾਅ ਸਦਕਾ ਵਾਪਰ ਰਿਹਾ ਹੈ ਅਤੇ ਉਨ੍ਹਾਂ ਨੂੰ ਸਸਤੀ ਲੇਬਰ ਮੁਹੱਈਆ ਕਰਵਾਉਣ ਲਈ ਹੀ ਕਿਸਾਨਾਂ ਤੋਂ ਜ਼ਮੀਨਾਂ ਦੇ ਹੱਕ ਖੋਹੇ ਜਾ ਰਹੇ ਹਨ। ਇਸ ਮੌਕੇ ਸਾਥੀ ਮੰਗਤ ਰਾਮ ਪਾਸਲਾ, ਡਾ. ਕਰਮਜੀਤ ਸਿੰਘ, ਡਾ. ਕੁਲਦੀਪ ਪੁਰੀ, ਦੀਪ ਦੇਵਿੰਦਰ, ਪ੍ਰੋ. ਕਿਰਪਾਲ ਸਿੰਘ ਯੋਗੀ, ਸੁਲੱਖਣ ਸਰਹੱਦੀ ਤੇ ਕਿਰਤ ਮੀਤ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ0 ਨੂੰ ਸਮਰਪਿਤ ਪ੍ਰਿੰਸੀਪਲ ਸੁਜਾਨ ਸਿੰਘ ਦੀ ਲੇਖਣੀ ਦੀ ਅਜੋਕੇ ਹਾਲਾਤ ’ਚ ਸਾਰਥਕਤਾ ਹੋਰ ਵੀ ਵਧ ਜਾਂਦੀ ਹੈ।ਮੱਖਣ ਕੁਹਾੜ ਕਨਵੀਨਰ ਨੇ ਕੁਝ ਮਤੇ ਜਿਸ ’ਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਨੂੰ ਦਸਵੀਂ ਤਕ ਲਾਜ਼ਮੀ ਕਰਾਰ ਦੇਣ ਹਿਤ ਧੰਨਵਾਦ ਅਤੇ ਇਨ੍ਹਾਂ ਆਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ, ਕੇਂਦਰ ਦੀ ਨਵੀਂ ਸਿੱਖਿਆ ਨੀਤੀ 2020 ਨੂੰ ਗ਼ਰੀਬਾਂ ਕੋਲੋਂ ਸਿੱਖਿਆ ਖੋਹਣ ਵਾਲੀ ਦੱਸਦਿਆਂ ਇਸ ਦੀ ਵਾਪਸੀ ਦੀ ਮੰਗ ਕੀਤੀ। ਚੰਡੀਗੜ੍ਹ, ਜੰਮੂ ਕਸ਼ਮੀਰ ਤੇ ਸੀਬੀਐੱਸਸੀ ਵਿਚ ਪੰਜਾਬੀ ਦਾ ਪਹਿਲਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਗਈ ਤੇ ਕਿਸਾਨੀ ਦੇ ਰਹਿੰਦੇ ਮਸਲੇ ਹੱਲ ਕਰਨ ਦੀ ਮੰਗ ਕਰਦੇ ਮਤੇ ਹਾਜ਼ਰ ਇਕੱਠ ਨੇ ਜ਼ੋਰਦਾਰ ਸਮਰਥਨ ਦੇ ਕੇ ਪਾਸ ਕੀਤੇ। ਇਸ ਮੌਕੇ ਵੱਖ-ਵੱਖ ਵਿਦਵਾਨਾਂ ਦੀਆਂ ਤਿੰਨ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਪਿਛਲੇ ਸਮੇਂ ਵਿਚ ਵਿੱਛੜੀਆਂ ਕਲਮਾਂ ਤੇ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕੀਤਾ ਗਿਆ। ਇਸ ਵੱਡ ਅਕਾਰੀ ਪ੍ਰੋਗਰਾਮ ਨੂੰ ਲੜੀਬੰਦ ਕਰਨ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਮੰਗਤ ਚੰਚਲ ਵੱਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ। ਅਖ਼ੀਰ ’ਚ ਡਾ. ਲੇਖ ਰਾਜ ਨੇ ਹਾਜ਼ਰ ਇਕੱਠ ਦਾ ਭਰਪੂਰ ਧੰਨਵਾਦ ਕੀਤਾ।