July 2, 2022

Aone Punjabi

Nidar, Nipakh, Nawi Soch

ਕਰਤਾਰਪੁਰ ਸਾਹਿਬ ਨੂੰ ਭਾਰਤ ’ਚ ਸ਼ਾਮਲ ਕਰਨ ਲਈ ਭਾਰਤ-ਪਾਕਿ ਵਿਚਾਲੇ ਜ਼ਮੀਨ ਦੀ ਅਦਲਾ-ਬਦਲੀ ਕਰੇ ਕੇਂਦਰ : ਹਰਸਿਮਰਤ ਬਾਦਲ

1 min read

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਜ਼ਮੀਨ ਦੀ ਅਦਲਾ-ਬਦਲੀ ਕਰਵਾ ਕੇ ਕਰਤਾਰਪੁਰ ਸਾਹਿਬ ਵਿਖੇ ਪਵਿੱਤਰ ਗੁਰਧਾਮ ਭਾਰਤ ਵਿਚ ਸ਼ਾਮਲ ਕਰਵਾਉਣ ਅਤੇ ਉਸ ਬਦਲੇ ਹੁਸੈਨੀਵਾਲਾ ਬਾਰਡਰ ਦੇ ਪਿੰਡ ਦੀ ਕੁਝ ਜ਼ਮੀਨ ਪਾਕਿਸਤਾਨ ਨੂੰ ਦੇਣ ਦੀ ਤਜਵੀਜ਼ ਨੂੰ ਅਮਲਾ ਜਾਮਾ ਪਹਿਨਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਡਿਪਲੋਮੈਟਿਕ ਪਹਿਲਕਦਮੀ ਕਰਦਿਆਂ ਸਥਾਈ ਸ਼ਾਂਤੀ ਲਾਂਘੇ ਦੀ ਸਿਰਜਣਾ ਕਰਵਾਉਣ ਜਿਸ ਰਾਹੀਂ ਭਾਰਤ-ਪਾਕਿਸਤਾਨ ਰਾਹੀਂ ਪਾਕਿਸਤਾਨ ਵਿਚ ਵੱਖ-ਵੱਖ ਧਰਮਾਂ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਹੋ ਸਕਣ। ਪ੍ਰਧਾਨ ਮੰਤਰੀ ਨੂੰ ਲਿਖੇ ਦੋ ਸਫਿਆਂ ਦੇ ਪੱਤਰ ਵਿਚ ਹਰਸਿਮਰਤ ਬਾਦਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਨੂੰ ਭਾਰਤ ਵਿਚ ਸ਼ਾਮਲ ਕਰਵਾਉਣ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਜ਼ਮੀਨ ਦੀ ਅਦਲਾ-ਬਦਲੀ ਦੀ ਤਜਵੀਜ਼ 1948 ਵਿਚ ਅਕਾਲੀ ਦਲ ਨੇ ਪੇਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸਲ ਵਿਚ 1969 ਵਿਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ ਇਸ ਲਈ ਸਹਿਮਤੀ ਦਿੱਤੀ ਸੀ ਕਿ ਉਹ ਦੋਹਾਂ ਦੇਸ਼ਾਂ ਵਿਚਾਲੇ ਇਸ ਅਦਲ-ਬਦਲੀ ਲਈ ਪਾਕਿਸਤਾਨ ਸਰਕਾਰ ਕੋਲ ਪਹੁੰਚ ਕਰਨਗੇ। ਪਹਿਲਾਂ ਵੀ ਦੋਹਾਂ ਦੇਸ਼ਾਂ ਵਿਚਾਲੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਸਥਾਨ ਦੀ ਫਿਰੋਜ਼ਪੁਰ ਸੈਕਟਰ ਦੀ ਜ਼ਮੀਨ ਦੀ ਅਦਲਾ-ਬਦਲੀ ਹੋ ਚੁੱਕੀ ਹੈ ਤੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਫਰਾਕਾ ਡੈਮ ਲਈ ਜ਼ਮੀਨ ਦੀ ਅਦਲਾ-ਬਦਲੀ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਕੁਰਬਾਨੀ ਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਦਾਰ ਵਡਾਲਾ ਨੇ ਹੀ ਦਹਾਕਿਆਂ ਤੱਕ ਸ੍ਰੀ ਕਰਤਾਰਪੁਰ ਸਾਹਿਬ ਦੇ ਨੇਡ਼ੇ ਭਾਰਤ-ਪਾਕਿਸਤਾਨ ਸਰਹੱਦ ’ਤੇ ਰੋਸ ਅਤੇ ਜਾਗਰੂਕਤਾ ਕੈਂਡਲ ਮਾਰਚਾਂ ਦਾ ਆਯੋਜਨ ਕੀਤਾ। ਸਰਦਾਰ ਵਡਾਲਾ ਨੇ ਹੀ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕਰਤਾਰਪੁਰ ਸਾਹਿਬ ਇਲਾਕੇ ਦੀ ਸੰਭਾਲ ਨਾ ਕਰਨ ਦਾ ਮਾਮਲਾ ਚੁੱਕਿਆ ਜਿਸ ਦੇ ਨਤੀਜੇ ਵਜੋਂ ਪਵਿੱਤਰ ਗੁਰਧਾਮ ਖਾਲੀ ਛੱਡ ਦਿੱਤਾ ਗਿਆ ਤੇ ਇਸ ਦੀ ਜ਼ਮੀਨ ਰੀਅਲ ਅਸਟੇਟ ਦੇ ਕਾਰੋਬਾਰੀਆਂ ਨੇ ਦੱਬ ਲਈ। ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਬਰਲਿਨ ਦੀ ਕੰਧ ਡੇਗਣ ਨਾਲ ਕਰਨ ਦੀ ਗੱਲ ਵੀ ਚੇਤੇ ਕੀਤੀ। ਉਨ੍ਹਾਂ ਕਿਹਾ ਕਿ ਜਰਮਨੀ ਵਿਚ ਭਾਵੇਂ ਬਰਲਿਨ ਦੀ ਕੰਧ ਢਾਹੀ ਜਾ ਚੁੱਕੀ ਹੈ ਪਰ ਭਾਰਤ ਤੇ ਪਾਕਿਸਤਾਨ ਬਾਰਡਰ ’ਤੇ ਸਿੱਖਾਂ ਲਈ ਬਰਲਿਨ ਦੀ ਇਹ ਕੰਧ ਹਾਲੇ ਵੀ ਖਡ਼੍ਹੀ ਹੈ।

Leave a Reply

Your email address will not be published. Required fields are marked *