ਕਲਾਕਾਰਾਂ ਵੱਲ ਸਿਆਸੀ ਪਾਰਟੀਆਂ ਦਾ ਵਧਿਆ ਰੁਝਾਨ, ਜਾਣੋ- ਕਿਨ੍ਹਾਂ ਰਾਸ ਆਈ ਪੰਜਾਬ ਦੀ ਸਿਆਸਤ ਤੇ ਕੌਣ ਪੱਛੜਿਆ
1 min read

ਲੇਖਕਾਂ ਤੇ ਕਲਾਕਾਰਾਂ ਦਾ ਸਿਆਸਤ ਨਾਲ ਮੁੱਢ ਤੋਂ ਮੋਹ ਰਿਹਾ ਹੈ ਜਦਕਿ ਕਈ ਲੇਖਕਾਂ ਤੇ ਕਲਾਕਾਰਾਂ ਨੂੰ ਘੱਟ ਹੀ ਸਿਆਸਤ ਰਾਸ ਆਈ ਹੈ। ਪੰਜਾਬ ਵਿਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਹੈ। ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਪੰਜਾਬੀ ਨਾਮਵਰ ਗਾਇਕਾਂ ਤੇ ਫ਼ਿਲਮੀ ਹਸਤੀਆਂ ’ਤੇ ਡੋਰੇ ਪਾਉਣ ਲਈ ਉਤਾਵਲੀਆਂ ਹਨ।7 ਦਹਾਕੇ ਪਹਿਲਾਂ ਦੇ ਸਮੰ ’ਤੇ ਝਾਤ ਮਾਰੀਏ ਤਾਂ ਪ੍ਰਸਿੱਧ ਲੇਖਕ ਗਿਆਨੀ ਗੁਰਮੁੱਖ ਸਿੰਘ 1949 ’ਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਸਨ। ਉਹ ਸੂਬੇ ਦੇ 10ਵੇਂ ਮੁੱਖ ਮੰਤਰੀ ਬਣੇ ਸਨ ਤੇ ਕਰੀਬ 5 ਮਹੀਨੇ ਬਣੇ ਰਹੇ। ਉਹ 1952 ਤੋਂ ਲੈ ਕੇ 1966 ਤਕ ਕਰੀਬ 14 ਸਾਲ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਲੋਕ ਸਭਾ ਰਹੇ। 1966 ’ਚ ਅਸਤੀਫ਼ਾ ਦੇ ਕੇ 1 ਨਵੰਬਰ 1966 ਤੋਂ 8 ਮਾਰਚ 1967 ਤਕ ਸੂਬੇ ਦੇ ਮੁੱਖ ਮੰਤਰੀ ਰਹੇ। 1968 ਤੋਂ ਲੈ ਕੇ 1976 ਤਕ ਮੈਂਬਰ ਰਾਜ ਸਭਾ ਰਹੇ। 1954 ’ਚ ਵਿਦੇਸ਼ ’ਚ ਹੋਈ ਇੰਟਰਨੈਸ਼ਨਲ ਕਾਨਫਰੰਸ ਵਿਚ ਉਨ੍ਹਾਂ ਨੇ ਭਾਰਤੀ ਲੇਖਕਾਂ ਨੂੰ ਪੇਸ਼ ਕੀਤਾ।
ਕਵੀਸ਼ਰ ਬਲਵੰਤ ਸਿੰਘ ਰਾਮੂਵਾਲੀਆ ਪੰਜਾਬ ਤੇ ਯੂਪੀ ਦੀ ਸਿਆਸਤ ’ਚ ਛਾਏ

ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਪੁੱਤਰ ਕਵੀਸ਼ਰ ਬਲਵੰਤ ਸਿੰਘ ਰਾਮੂਵਾਲੀਆ ਨੇ ਸਿਆਸਤ ’ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਵਿਦਿਆਰਥੀ ਜਥੇਬੰਦੀਆਂ ਦੀ ਨੁਮਾਇੰਦਗੀ ਮਗਰੋਂ 1975 ’ਚ ਰਾਮੂਵਾਲੀਆ, ਅਕਾਲੀ ਦਲ ਦੇ ਪ੍ਰਾਪੇਗੰਡਾ ਸੈਕੇਟਰੀ ਬਣੇ ਤੇ 1985 ’ਚ ਅਕਾਲੀ ਦਲ ਦੇ ਜਨਰਲ ਸਕੱਤਰ ਬਣੇ। 8ਵੀਂ ਲੋਕ ਸਭਾ ਵਿਚ ਉਹ ਅਕਾਲੀ ਦਲ ਦੇ ਆਗੂ ਬਣ ਕੇ ਉਭਰੇ। ਕਈ ਸਰਕਾਰੀ ਸੰਸਥਾਵਾਂ ਦੇ ਮੈਂਬਰ ਬਣੇ ਰਾਮੂਵਾਲੀਆ ਪੰਜਾਬ ਦੇ ਫਰੀਦਕੋਟ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ। 1996 ਤੋਂ 2002 ਤਕ ਉਹ ਰਾਜ ਸਭਾ ਮੈਂਬਰ ਬਣੇ। 1999 ’ਚ ਉਨ੍ਹਾਂ ਨੇ ਆਪਣੀ ਲੋਕ ਭਲਾਈ ਪਾਰਟੀ ਬਣਾਈ। 2011 ’ਚ ਉਹ ਮੁੜ ਅਕਾਲੀ ਦਲ ’ਚ ਸ਼ਾਮਲ ਹੋ ਗਏ। 2015 ’ਚ ਸਮਾਜਵਾਦੀ ਪਾਰਟੀ ਵੱਲੋਂ ਉੱਤਰ ਪ੍ਰਦੇਸ਼ ’ਚ ਉਹ ਕੈਬਨਿਟ ਮੰਤਰੀ ਬਣੇ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਸੂੁਬੇ ਵਿਚ ਹਿਲਜੁੱਲ ਪੈਦਾ ਕਰੇਗਾ।
ਢਾਡੀ ਧੰਨਾ ਸਿੰਘ ਗੁਲਸ਼ਨ ਬਣੇ ਸਨ ਸੰਸਦ ਮੈਂਬਰ

ਆਪਣੇ ਸਮੇਂ ਦੇ ਪ੍ਰਸਿੱਧ ਢਾਡੀ ਧੰਨਾ ਸਿੰਘ ਗੁਲਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਤੋਂ ਟਿਕਟ ਦੇ ਕੇ ਲੋਕ ਸਭਾ ਦੀ ਚੋਣ ਲੜਾਈ ਸੀ ਤੇ ਉਹ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ। ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦਾ ਮਾਣ ਬਹਾਲ ਰੱਖਦਿਆਂ ਉਨ੍ਹਾਂ ਦੀ ਧੀ ਪਰਮਜੀਤ ਕੌਰ ਗੁਲਸ਼ਨ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਸੀ। ਉਹ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਸਨ।
ਗਾਇਕ ਮੁਹੰਮਦ ਸਦੀਕ ਐੱਮਐੱਲਏ ਤੇ ਐੱਮਪੀ ਬਣੇ

ਤਿੰਨ ਪੀੜ੍ਹੀਆਂ ਦੇ ਸੁਣੇ ਜਾਣ ਵਾਲੇ ਤੇ ਹਾਲੇ ਵੀ ਸਟੇਜ ’ਤੇ ਫੁਰਤੀ ਨਾਲ ਛਾਲ ਮਾਰ ਕੇ ਗਾਉਣ ਵਾਲੇ ਤੁਰਲੇ ਵਾਲੀ ਪੱਗ ਤੋਂ ਪਹਿਚਾਣ ਰੱਖਣ ਵਾਲੇ ਮੁਹੰਮਦ ਸਦੀਕ ਨੂੰ ਜਦ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਬਰਨਾਲਾ ਦੇ ਰਿਜ਼ਰਵ ਹਲਕਾ ਭਦੌੜ ਤੋਂ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਉਤਾਰਿਆ ਸੀ। ਉਨ੍ਹਾਂ ਨੇ ਅਕਾਲੀ ਦਲ ਉਮੀਦਵਾਰ, ਆਈਏਐੱਸ ਅਧਿਕਾਰੀ ਸਾਬਕਾ ਪਿ੍ਰੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਨੂੰ ਹਰਾ ਦਿੱਤਾ ਸੀ। ਭਾਵੇਂ ਪੰਜਾਬ ਵਿਚ ਸਰਕਾਰ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਤਾਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਵਿਚ ਮੁਹੰਮਦ ਸਦੀਕ ਤੋਂ ਸਹੁੰ ਚੁੱਕਣ ਉਪਰੰਤ ਗੀਤ ਸੁਣਿਆ ਸੀ। ਦੂਸਰੀ ਵਾਰ ਜਦ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦਾ ਹਲਕਾ ਬਦਲ ਕੇ ਟਿਕਟ ਦਿੱਤੀ ਤਾਂ ਉਹ 2017 ’ਚ ਵਿਧਾਨ ਸਭਾ ਚੋਣ ਹਾਰੇ ਤੇ 2019 ’ਚ ਲੋਕ ਸਭਾ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ।
ਕਾਮੇਡੀਅਨ ਭਗਵੰਤ ਮਾਨ ਦੇ ਸਿਆਸਤ ਆਈ ਰਾਸ

ਕਾਮੇਡੀਅਨ ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਦੀ ਪਾਰਟੀ ਰਾਹੀਂ ਸਿਆਸਤ ’ਚ ਦਾਖ਼ਲਾ ਲਿਆ। ਪਰ ਉਨ੍ਹਾਂ ਵੱਲੋਂ ਵਾਰ ਵਾਰ ਵਿਧਾਨ ਸਭਾ ਦੀ ਚੋਣ ਲੜਣ ’ਤੇ ਕਾਮਯਾਬੀ ਹੱਥ ਨਹੀਂ ਲੱਗੀ। ਫਿਰ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਸੰਗਰੂਰ ਤੋਂ ਲਗਾਤਾਰ ਦੋ ਵਾਰ ਉਹ ਮੈਂਬਰ ਪਾਰਲੀਮੈਂਟ ਬਣੇ। ਜਿੱਥੇ ਭਗਵੰਤ ਮਾਨ ‘ਆਪ’ ਦੇ ਪੰਜਾਬ ’ਚ ਪ੍ਰਧਾਨ ਹਨ, ਉੱਥੇ ਲੋਕ ਸਭਾ ਵਿਚ ਵੀ ‘ਆਪ’ ਦੇ ਲਗਾਤਾਰ ਦੋ ਵਾਰ ਇਕਲੌਤੇ ਮੈਂਬਰ ਪਾਰਲੀਮੈਂਟ ਹਨ।
ਪੰਜਾਬ ’ਚ ਨਹੀਂ ਬਣੀ ਗੱਲ, ਦਿੱਲੀ ਨੂੰ ਹੰਸ ਪਸੰਦ
ਗਾਇਕ ਹੰਸ ਰਾਜ ਹੰਸ ਨੇ ਭਾਵੇਂ ਪੰਜਾਬ ’ਚ ਸਿਆਸਤ ਦੇ ਕਾਫ਼ੀ ਪੱਤੇ ਖੇਡੇ ਪਰ ਗੱਲ ਨਹੀਂ ਬਣੀ। ਅਕਾਲੀ ਦਲ ਤੇ ਕਾਂਗਰਸ ਪਾਰਟੀ ’ਚ ਉਨ੍ਹਾਂ ਨੂੰ ਗਾਇਕੀ ਨਾਲੋਂ ਬਹੁਤਾ ਮਾਨ ਸਨਮਾਨ ਨਹੀ ਮਿਲਿਆ। ਜਿਉਂ ਹੀ ਉਨ੍ਹਾਂ ਨੇ ਦਿੱਲੀ ਵਿਚ ਸਿਆਸਤ ਸ਼ੁਰੂ ਕੀਤੀ ਤਾਂ ਉਹ ਮੈਂਬਰ ਪਾਰਲੀਮੈਂਟ ਬਣੇ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਵਿਚ ਵੀ ਭਾਵੇਂ ਉਨ੍ਹਾਂ ਦਾ ਮੁੜ ਪੰਜਾਬ ’ਚ ਆਉਣ ਔਖਾ ਸੀ ਪਰ ਪਿਛਲੇ ਦਿਨੀਂ ਹੋਏ ਖੇਤੀ ਕਾਨੂੰਨ ਰੱਦ ਤਹਿਤ ਉਹ 2022 ਦੀਆਂ ਪੰਜਾਬ ਚੋਣਾਂ ਵਿਚ ਭਾਜਪਾ ਦੇ ਪ੍ਰਚਾਰਕ ਵਜੋਂ ਕੰਮ ਕਰ ਸਕਦੇ ਹਨ।
ਫ਼ਿਲਮੀ ਕਲਾਕਾਰਾਂ ਦੀ ਰਹੀ ਝੰਡੀ

ਪੰਜਾਬ ਦੀ ਸਿਆਸਤ ਵਿਚ ਗੁਰਦਾਸਪੁਰ ਤੋਂ ਲਗਾਤਾਰ ਦੋ ਵਾਰ ਅਦਾਕਾਰ ਵਿਨੋਦ ਖੰਨਾ ਭਾਜਪਾ ਦੇ ਮੈਂਬਰ ਪਾਰਲੀਮੈਂਟ ਬਣੇ। ਉਨ੍ਹਾਂ ਦੀ ਮੌਤ ਮਗਰੋਂ ਭਾਜਪਾ ਨੇ ਸੰਨੀ ਦਿਓਲ ਨੂੰ ਉਤਾਰਿਆ। ਲੋਕਾਂ ਨੇ 2019 ਵਿਚ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਕਿਸਾਨੀ ਅੰਦੋਲਨ ਕਾਰਨ ਭਾਵੇਂ ਸੰਨੀ ਦਿਓਲ ਨੇ ਹਲਕੇ ਤੇ ਪੰਜਾਬ ਦੇ ਲੋਕਾਂ ਤੋਂ ਦੂਰੀ ਬਣਾਈ ਰੱਖੀ ਪਰ ਹੁਣ ਖੇਤੀ ਕਾਨੂੰਨ ਰੱਦ ਕਰਨ ਕਰ ਕੇ ਭਾਜਪਾ 2022 ’ਚ ਇਨ੍ਹਾਂ ਫ਼ਿਲਮੀ ਹਸਤੀਆਂ ਦਾ ਲਾਹਾ ਲੈਣ ਲਈ ਕਾਹਲੀ ਹੈ।
ਬਹੁਤੇ ਕਲਾਕਾਰਾਂ ਨੂੰ ਰਾਸ ਨਹੀਂ ਆਈ ਸਿਆਸਤ

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਜ਼ਿਲ੍ਹਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜੀ ਸੀ ਪਰ ਹਾਰ ਗਏ ਸਨ। ਅਮਰ ਸਿੰਘ ਚਮਕੀਲਾ ਦੀ ਮੌਤ ਤੋਂ ਬਾਅਦ ਬਠਿੰਡਾ ਦੀ ਦੋਗਾਣਾ ਜੌੜੀ ਅਵਤਾਰ ਚਮਕ ਤੇ ਅਮਨਜੋਤ ਵੀ ਸਿਆਸਤ ਵਿਚ ਖਾਨਾਚਿੱਤ ਰਹੇ। ਇਸੇ ਤਰ੍ਹਾਂ ਲੰਘੀਆਂ ਚੋਣਾਂ ਵਿਚ ਜਿੱਥੇ ਗਾਇਕ ਬਲਕਾਰ ਸਿੱਧੂ ਨੇ ਤਲਵੰਤੀ ਸਾਬੋ, ਗਾਇਕਾ ਸਤਵਿੰਦਰ ਬਿੱਟੀ ਨੇ ਸਾਹਨੇਵਾਲ ਤੋਂ, ਗਾਇਕ ਹੰਸ ਰਾਜ ਹੰਸ ਨੇ ਜਲੰਧਰ ਤੋਂ, ਅਦਾਕਾਰ ਗੁਰਪ੍ਰੀਤ ਘੁੱਗੀ ਨੇ ਬਟਾਲਾ, ਗਾਇਕ ਜੱਸੀ ਜਸਰਾਜ ਨੇ ਬਠਿੰਡਾ, ਕੇਐੱਸ ਮੱਖਣ ਤੇ ਰਾਗੀ ਭਾਈ ਬਲਦੀਪ ਸਿੰਘ ਨੇ ਵੀ ਸੁਲਤਾਨਪੁਰ ਲੋਧੀ ਤੋਂ ਚੋਣ ਲੜੀ ਸੀ ਪਰ ਜਿੱਤ ਨਾ ਸਕੇ। ਕਈ ਕਲਾਕਾਰਾਂ ਨੇ ਸਿਆਸੀ ਪਾਰਟੀਆਂ ਬਦਲ ਕੇ 2022 ਦੀਆਂ ਚੋਣਾਂ ਲੜ੍ਹਨ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ।
2022 ਦੀ ਚੋਣ ਦੇ ਕਲਾਕਾਰ ਚਿਹਰੇ, ਸਿੱਧੂ ਮੂਸੇਵਾਲਾ, ਬਲਕਾਰ ਸਿੱਧੂ ਤੇ ਅਨਮੋਲ ਗਗਨ ਮਾਨ

ਕਾਂਗਰਸ ਪਾਰਟੀ ਨੇ ਸਿੱਧੂ ਮੂਸੇਵਾਲੇ ਨੂੰ ਪਾਰਟੀ ’ਚ ਸ਼ਾਮਲ ਕੀਤਾ, ਇਸ ਨਾਲ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੀ ਸਿਆਸੀ ਫ਼ਿਜ਼ਾ ਬਦਲੀ ਹੈ। ਪਾਰਟੀ ਨੇ ਗਾਇਕ ਬਲਕਾਰ ਸਿੱਧੂ ਨੂੰ ਹਲਕਾ ਰਾਮਪੁਰਾ ਤੇ ਗਾਇਕਾ ਅਨਮੋਲ ਗਗਨ ਮਾਨ ਨੂੰ ਖਰੜ ਹਲਕੇ ਤੋਂ ਟਿਕਟ ਦੇਣ ਦਾ ਇਸ਼ਾਰਾ ਕੀਤਾ ਹੈ।
ਸਿਆਸਤ ਦੀ ਸਮਝ ਰੱਖਣ ਕਲਾਕਾਰ : ਪੰਮੀ ਬਾਈ
1954 ਵਿਚ ਕਮਿਊਨਿਸਟ ਪਾਰਟੀ ਤੋਂ ਅਤੇ 1967 ’ਚ ਅਕਾਲੀ ਦਲ ਤੋਂ ਸੰਗਰੂਰ ਤੋਂ ਚੋਣ ਜਿੱਤੇ ਪ੍ਰਤਾਪ ਸਿੰਘ ਬਾਗ਼ੀ ਦੇ ਫਰਜੰਦ ਅਤੇ ਗਾਇਕ ਪੰਮੀ ਬਾਈ ਨੇ ਸਿਆਸਤ ’ਚ ਕੁੱਦ ਰਹੇ ਗਾਇਕਾਂ ਤੇ ਕਲਾਕਾਰਾਂ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਸਿਆਸਤ ਬਾਰੇ ਸਮਝ ਬਣਾ ਕੇ ਇਸ ਖੇਤਰ ਵਿਚ ਆਉਣ। ਪੰਮੀ ਬਾਈ ਕਲਚਰ ਵਿਭਾਗ ਦੇ ਜ਼ੋਨਲ ਕਲਚਰ ਸੈਂਟਰ ’ਚ 7 ਵਰ੍ਹੇ ਬਤੌਰ ਡਾਇਰੈਕਟਰ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੇ ਸਿਆਸਤ ਵਿਚ ਆ ਰਹੇ ਕਲਾਕਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।
