ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀਰਵਾਰ ਨੂੰ ਪੰਜਾਬ ਫ਼ਤਹਿ ਰੈਲੀ ਕਰਨਗੇ
1 min read
ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀਰਵਾਰ ਨੂੰ ਪੰਜਾਬ ਫ਼ਤਹਿ ਰੈਲੀ ਕਰ ਕੇ ਵਰਕਰਾਂ ’ਚ ਚੋਣ ਮੁਹਿੰਮ ਲਈ ਜੋਸ਼ ਭਰਨਗੇ। ਉਹ ਜਲੰਧਰ ਪਹੁੰਚ ਕੇ ਵਰਚੁਅਲ ਰੈਲੀ ਕਰ ਕੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਰੈਲੀ ਲਈ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਵੱਖ-ਵੱਖ ਥਾਵਾਂ ’ਤੇ ਐੱਲਈਡੀ ਸਕਰੀਨ ਲਗਾਈਆਂ ਜਾਣਗੀਆਂ ਤੇ ਇੰਟਰਨੈੱਟ ਦੇ ਹੋਰ ਵਸੀਲਿਆਂ ਰਾਹੀਂ ਵਰਕਰਾਂ ਨੂੰ ਰੈਲੀ ਨਾਲ ਜੋਡ਼ਿਆ ਜਾਵੇਗਾ। ਇਸਦੇ ਲਈ ਕਾਂਗਰਸ ਨੇ ਕਰੀਬ 500 ਥਾਵਾਂ ’ਤੇ ਐੱਲਈਡੀ ਲਗਾਉਣ ਦਾ ਫ਼ੈਸਲਾ ਕੀਤਾ ਹੈ ਤੇ ਆਖ਼ਰੀ ਰੂਪਰੇਖਾ ਬੁੱਧਵਾਰ ਸਵੇਰੇ ਤੈਅ ਕੀਤੀ ਜਾਵੇਗੀ। ਇਸਦੇ ਲਈ ਰਾਹੁਲ ਗਾਂਧੀ ਦੇ ਕਰੀਬੀਆਂ ਦੀ ਇਕ ਟੀਮ ਬੁੱਧਵਾਰ ਨੂੰ ਪੰਜਾਬ ਪਹੁੰਚ ਜਾਏਗੀ ਤੇ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮਿਲ ਕੇ ਯੋਜਨਾ ਨੂੰ ਅੰਤਮ ਰੂਪ ਦੇਵੇਗੀ।
ਰਾਹੁਲ ਗਾਂਧੀ 27 ਜਨਵਰੀ ਨੂੰ ਸਵੇਰੇ ਨੌਂ ਵਜੇ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚਣਗੇ। ਇਸ ਤੋਂ ਬਾਅਦ ਸਡ਼ਕ ਰਸਤੇ ਤੋਂ ਸ੍ਰੀ ਦਰਬਾਰ ਸਾਹਿਬ ’ਚ ਮੱਥਾ ਟੇਕਣ ਜਾਣਗੇ। ਉਨ੍ਹਾਂ ਕਾਂਗਰਸ ਦੇ ਸਾਰੇ 117 ਉਮੀਦਵਾਰਾਂ ਨੂੰ ਅੰਮ੍ਰਿਤਸਰ ਬੁਲਾਇਆ ਹੈ। ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ’ਚ ਮੱਥਾ ਟੇਕਣ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਲੈ ਕੇ ਸ਼੍ਰੀ ਦੁਰਗਿਆਣਾ ਮੰਦਰ ਤੇ ਫਿਰ ਸ਼੍ਰੀ ਰਾਮਤੀਰਥ ’ਚ ਮੱਥਾ ਟੇਕਣ ਜਾਣਗੇ। ਇੱਥੋਂ ਦੁਪਹਿਰ ਕਰੀਬ 12.15 ਵਜੇ ਰਾਹੁਲ ਗਾਂਧੀ ਤੇ ਹੋਰ ਉਮੀਦਵਾਰ ਸਡ਼ਕ ਰਸਤੇ ਰਾਹੀਂ ਜਲੰਧਰ ਲਈ ਰਵਾਨਾ ਹੋਣਗੇ। ਜ਼ਿਕਰਯੋਗ ਹੈ ਕਿ ਹਾਲੇ ਕਾਂਗਰਸ ਦੇ 31 ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਸੰਭਾਵਨਾ ਹੈ ਕਿ ਬੁੱਧਵਾਰ ਨੂੰ ਕਾਂਗਰਸ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਵੀ ਜਾਰੀ ਕਰ ਦੇਵੇ।
