ਕਾਂਗਰਸ ’ਚ ਘਬਰਾਹਟ ਟਿਕਟਾਂ ਦੀ ਵੰਡ ਨੂੰ ਲੈ ਕੇ
1 min read
ਪੰਜਾਬ ‘ਚਵਿਧਾਨ ਸਭਾ ਦਾ ਚੋਣ ਬਿਗਲ ਵਜ ਚੁੱਕਿਆ ਹੈ। ਅਕਾਲੀ ਦਲ-ਬਸਪਾ ਗੱਠਜੋੜ ਤੇ ਆਮ ਆਦਮੀ ਪਾਰਟੀ ਨੇ ਲਗਪਗ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਉਲਟ ਸੱਤਾਧਾਰੀ ਕਾਂਗਰਸ ਨੂੰ ਹਾਲੇ ਟਿਕਟਾਂ ਦੀ ਵੰਡ ਨੂੁੰ ਲੈ ਕੇ ਡਰ ਸਤਾ ਰਿਹਾ ਹੈ।
ਕਾਂਗਰਸ ਨੂੁੰ ਡਰ ਇਹ ਹੈ ਕਿ ਜਿਨ੍ਹਾਂ ਦੀ ਟਿਕਟ ਕੱਟ ਦਿੱਤੀ ਜਾਂ ਦਾਅਵੇਦਾਰੀ ਪੱਖੋਂ ਦੂਜੇ ਨੰਬਰ ’ਤੇ ਰਹਿਣ ਵਾਲੇ ਨੇਤਾ ਕਿਤੇ ਟੁੱਟ ਕੇ ਭਾਜਪਾ ਤੇ ਲੋਕ ਕਾਂਗਰਸ ਵਿਚ ਨਾ ਚਲੇ ਜਾਣ। ਇਕ ਪਾਸੇ ਜਿੱਥੇ ਕਾਂਗਰਸ ਟਿਕਟ ਵੰਡਣ ਨੂੰ ਲੈ ਕੇ ਅੰਤਮ ਫ਼ੈਸਲਾ ਨਹੀਂ ਲੈ ਸਕੀ ਉਥੇ ਦੂੁਜੇ ਪਾਸੇ ਭਾਜਪਾ ਤੇ ਗੱਠਜੋੜ ਵਾਲੀਆਂ ਪਾਰਟੀਆਂ (ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ) ਵੀ ਸਾਰੇ ਉਮੀਦਵਾਰਾਂ ਬਾਰੇ ਫ਼ੈਸਲਾ ਨਹੀਂ ਕਰ ਸਕੀਆਂ।
ਭਾਜਪਾ ਗੱਠਜੋੜ ਅਸਲ ਵਿਚ ਕਾਂਗਰਸ ਲਈ ਸਿਰਦਰਦ ਬਣਿਆ ਹੋਇਆ ਹੈ ਕਿਉਂਕਿ ਕਾਂਗਰਸ ਤੋਂ ਟੁੱਟ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀਐੱਲਸੀ) ਗਠਤ ਕੀਤੀ ਹੈ। ਇਹੀ ਕਾਰਨ ਹੈ ਕਿ ਟਿਕਟਾਂ ਵੰਡਣ ਦੇ ਪਹਿਲੇ ਗੇੜ ਵਿਚ ਉਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਣਾ ਹੈ, ਜਿੱਥੇ ਸਿਟਿੰਗ ਵਿਧਾਇਕ ਅੱਗੇ ਕੋਈ ਚੁਣੌਤੀ ਨਹੀਂ ਹੈ।
ਉਥੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਟਿਕਟਾਂ ਵਿਚ ਦੇਰ ਕਰਨ ਸਬੰਧੀ ਪਾਰਟੀ ਦਾ ਬਚਾਅ ਕੀਤਾ ਹੈ। ਸਿੱਧੂ ਦਾ ਕਹਿਣਾ ਹੈ ਕਿ ਪਾਰਟੀ ਨੀਤੀਗਤ ਰੂਪ ਨਾਲ ਹਮੇਸ਼ਾ ਦੇਰ ਨਾਲ ਟਿਕਟਾਂ ਵੰਡਦੀ ਹੈ।
ਦੂਜੇ ਪਾਸੇ ਟਿਕਟ ਵੰਡ ਪੱਖੋਂ ਭਾਜਪਾ ਦੇ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦਾ ਵੀ ਇਹੀ ਹਾਲ ਹੈ। ਭਾਜਪਾ ਲਗਪਗ ਢਾਈ ਦਹਾਕੇ ਮਗਰੋਂ ਪੰਜਾਬ ਵਿਚ ਕਾਫ਼ੀ ਸੀਟਾਂ ’ਤੇ ਚੋਣ ਲੜੇਗੀ। ਭਾਜਪਾ ਦੇ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਵੀ ਪਹਿਲਾਂ ਤੋਂ ਦਾਅਵਾ ਕਰ ਚੁੱਕੇ ਹਨ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਵੱਡੀ ਗਿਣਤੀ ਵਿਚ ਕਾਂਗਰਸੀ ਵਿਧਾਇਕ ਉਨ੍ਹਾਂ ਨਾਲ ਜੁੜਣਗੇ। ਕਾਂਗਰਸ ਦੇ ਤਿੰਨ ਵਿਧਾਇਕਾਂ ਦੀ ਪਹਿਲਾਂ ਤੋਂ ਭਾਜਪਾ ਵਿਚ ਸ਼ਮੂਲੀਅਤ ਕਰਵਾ ਦਿੱਤੀ ਹੋਈ ਹੈ। ਹਾਲਾਂਕਿ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਾਪਸ ਕਾਂਗਰਸ ਵਿਚ ਚਲੇ ਗਏ ਸਨ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਲਗਪਗ ਡੇਢ ਦਰਜਨ ਵਿਧਾਇਕਾਂ ਦੀ ਰਿਪੋਰਟ ਚੰਗੀ ਨਹੀਂ ਆਈ ਹੈ। ਪਾਰਟੀ ਇਨ੍ਹਾਂ ਦੀ ਟਿਕਟ ਤਾਂ ਕੱਟਣੀ ਚਾਹੁੰਦੀ ਹੈ ਪਰ ਡਰ ਵੀ ਲੱਗਦਾ ਹੈ ਕਿ ਕਿਤੇ ਕੈਪਟਨ ਦੀ ਪਾਰਟੀ ਜਾਂ ਭਾਜਪਾ ਵਿਚ ਨਾ ਚਲੇ ਜਾਣ।
ਕਾਂਗਰਸ ਪਾਰਟੀ ਪਹਿਲਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ। ਸੂਤਰਾਂ ਮੁਤਾਬਕ ਇਸ ਲਈ ਪਾਰਟੀ ਨੇ ਅੰਤਮ ਸਮੇਂ ’ਤੇ ਉਨ੍ਹਾਂ ਸੀਟਾਂ ’ਤੇ ਉਮੀਦਵਾਰਾਂ ਦੇ ਐਲਾਨ ਕਰਨ ਦੀ ਯੋਜਨਾ ਤਿਆਰ ਕੀਤੀ, ਜਿੱਥੇ ਉਨ੍ਹਾਂ ਨੇ ਵਿਧਾਇਕ ਦੀ ਟਿਕਟ ਕੱਟਣੀ ਹੈ ਜਾਂ ਜਿੱਥੇ ਦੂਜੇ ਨੰਬਰ ਦੇ ਦਾਅਵੇਦਾਰ ਮਜ਼ਬੂਤ ਸਥਿਤੀ ਵਿਚ ਹਨ, ਉਥੇ ਵੀ ਸੰਭਲ ਕੇ ਚੱਲਣਾ ਹੈ।
