ਕਾਂਗਰਸ ਦੀ ਚੋਣਾਂ ਦਾ ਬਿਗਲ ਵਜਾਉਣਗੇ ਰਾਹੁਲ ਗਾਂਧੀ ਨਵੇਂ ਵਰ੍ਹੇ ’ਤੇ
1 min read
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਚੋਣ ਰੈਲੀਆਂ ਕਰ ਰਹੇ ਹਨ। ਜਦਕਿ ਕਾਂਗਰਸ ਪਾਰਟੀ ਦੀ ਤਰਫੋਂ ਚੋਣਾਂ ਸਬੰਧੀ ਬਿਗਲ ਵਜਾਉਣ ਲਈ ਰਾਹੁਲ ਨਵੇਂ ਵਰ੍ਹੇ ’ਤੇ ਪੰਜਾਬ ਆਉਣਗੇ। ਮੋਗਾ ਵਿਚ ਰੈਲੀ ਕਰ ਕੇ ਰਾਹੁਲ ਚੋਣਾਂ ਦਾ ਬਿਗਲ ਵਜਾਉਣਗੇ। ਹਾਲਾਂਕਿ ਰੈਲੀ ਦੀ ਤਰੀਕ ਨੂੰ ਹਾਲੇ ਅੰਤਮ ਰੂਪ ਨਹੀਂ ਦਿੱਤਾ ਗਿਆ ਹੈ। ਰਾਹੁਲ ਦੇ ਦਫ਼ਤਰ ਤੋਂ ਹਾਲੇ ਸਮਾਂ ਨਹੀਂ ਮਿਲਿਆ ਹੈ।
ਜਾਣਕਾਰੀ ਮੁਤਾਬਕ ਰਾਹੁਲ ਦੀ ਰੈਲੀ ਨੂੰ ਲੈ ਕੇ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਰਾਹੁਲ 15 ਮਹੀਨੇ ਮਗਰੋਂ ਪੰਜਾਬ ਵਿਚ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਅਕਤੂਬਰ 2020 ਵਿਚ ਤਿੰਨ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਟਰੈਕਟਰ ਮਾਰਚ ਦੀ ਅਗਵਾਈ ਕਰਨ ਲਈ ਮੋਗਾ ਆਏ ਸਨ। ਹੁਣ 2022 ਵਿਚ ਉਹ ਚੋਣ ਰੈਲੀ ਵਿਚ ਹਿੱਸਾ ਲੈਣ ਆਉਣਗੇ। ਹਾਲਾਂਕਿ 2020 ਤੇ 2022 ਦੇ ਚੋਣ ਦੌਰੇ ਦੌਰਾਨ ਬਹੁਤ ਕੁਝ ਬਦਲ ਚੁੱਕਾ ਹੈ ਪਰ ਸਥਿਤੀ ਉਦੋਂ ਵਰਗੀ ਹੈ। 2020 ਵਿਚ ਮੋਗਾ ਦੇ ਬੱਧਨੀਂ ਕਲਾਂ ਵਿਚ ਮੰਚ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੋਵੇਂ ਧੁਰ ਵਿਰੋਧੀ ਮੌਜੂਦ ਸਨ। 2022 ਵਿਚ ਕੈਪਟਨ ਦੀ ਥਾਂ ਭਾਵੇਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ ਹਨ ਜਦਕਿ ਸਿੱਧੂ ਹਾਲੇ ਵੀ ਮੁੱਖ ਮੰਤਰੀ ਦੇ ਵਿਰੋਧੀ ਬਣ ਕੇ ਮੰਚ ’ਤੇ ਮੌਜੂਦ ਰਹਿਣਗੇ। ਰਾਹੁਲ ਦੇ ਸਾਹਮਣੇ ਇਕ ਵਾਰ ਫਿਰ ਮੁੱਖ ਮੰਤਰੀ ਤੇ ਸਿੱਧੂ ਦੇ ਵਿਚਾਲੇ ਸੰਤੁਲਨ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ।
ਹਾਲਾਂਕਿ 2020 ਵਿਚ ਸਿੱਧੂ ਕੋਲ ਕੋਈ ਸ਼ਕਤੀ ਨਹੀਂ ਸੀ ਪਰ 2022 ਵਿਚ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਦੋਵੇਂ ਚੋਣ ਪ੍ਰਚਾਰ ਵਿਚ ਆਪਣੇ ਚਿਹਰੇ ਨੂੰ ਅੱਗੇ ਕਰ ਰਹੇ ਹਨ। ਚੰਨੀ ਤੇ ਸਿੱਧੂ ਦੀ ਖਿੱਚੋਤਾਣ ਦਾ ਅਸਰ ਕਾਂਗਰਸ ਦੀ ਰਣਨੀਤੀ ’ਤੇ ਪੈਂਦਾ ਨਜ਼ਰ ਆ ਰਿਹਾ ਹੈ। ਭਾਵੇਂ ਪਾਰਟੀ ਦੀ ਪ੍ਰਚਾਰ ਯੋਜਨਾ ਹਾਲੇ ਤਿਆਰ ਨਹੀਂ ਹੋਈ ਹੋਵੇ ਪਰ ਦੋਵੇਂ ਆਪਣੀ ਆਪਣੀ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਪਾਰਟੀ ਨੇ ਭਾਵੇਂ ਕਿਸੇ ਨੂੰ ਵੀ ਉਮੀਦਵਾਰ ਨਾ ਬਣਾਇਆ ਹੋਵੇ ਪਰ ਸਿੱਧੂ ਧਡ਼ਾਧਡ਼ ਉਮੀਦਵਾਰ ਬਣਾਉਂਦੇ ਜਾ ਰਹੇ ਹਨ। ਅਜਿਹੇ ਵਿਚ ਰਾਹੁਲ ਦੀ ਪੰਜਾਬ ਰੈਲੀ ਦਾ ਮਹੱਤਵ ਹੋਰ ਵੱਧ ਜਾਂਦਾ ਹੈ। ਵੇਖਣਾ ਬਾਕੀ ਹੈ ਕਿ ਚੋਣਾਂ ਤੋਂ ਪਹਿਲਾਂ ਰਾਹੁਲ ਪੰਜਾਬ ਦੌਰੇ ਸਮੇਂ ਦੋਵਾਂ ਸਿਆਸਤਦਾਨਾਂ ਨੂੰ ਇਕ ਮਾਲਾ ਵਿਚ ਪਰੋਅ ਸਕਣਗੇ ਕਿ ਨਹੀਂ।
