ਕਾਂਗਰਸ ਹਾਈਕਮਾਂਡ ਨੇ ਚੰਨੀ ਨੂੰ ਮੁੱਖ ਮੰਤਰੀ ਦੇ ਰੂਪ ‘ਚ ਪ੍ਰਚਾਰਨਾ ਸ਼ੁਰੂ ਕਰ ਦਿੱਤਾ
1 min read
ਕਾਂਗਰਸ ਦੀ ਰਾਸ਼ਟਰੀ ਇਕਾਈ ਵੱਲੋਂ ਮੰਗਲਵਾਰ ਨੂੰ ਭੇਜੇ ਗਏ ਟਰੈਕ ਸੂਟ ਦੇ ਪਿਛਲੇ ਪਾਸੇ ਲਿਖੇ ਨਾਅਰੇ ‘ਸਾਡਾ ਚੰਨੀ’ ਨੇ ਤਸਵੀਰ ਨੂੰ ਕਾਫੀ ਹੱਦ ਤਕ ਸਾਫ ਕਰ ਦਿੱਤਾ ਹੈ। ਇਹ ਟਰੈਕ ਸੂਟ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪਾਰਟੀ ਵਰਕਰਾਂ ਨੂੰ ਭੇਜੇ ਗਏ ਹਨ, ਜਿਸ ਰਾਹੀਂ ਹਾਈਕਮਾਂਡ ਨੇ ਸਪੱਸ਼ਟ ਕੀਤਾ ਹੈ ਕਿ ਚੰਨੀ ਹੀ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ।
ਪੰਜਾਬ ‘ਚ ਵਿਧਾਨ ਸਭਾ ਚੋਣਾਂ ਸ਼ੁਰੂ ਹੋਣ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਠੰਢੀ ਜੰਗ ਸ਼ੁਰੂ ਹੋਣ ਤੋਂ ਬਾਅਦ ਚੰਨੀ ਨੂੰ ਅਚਾਨਕ ਮੁੱਖ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਵੀ ਸਿੱਧੂ ਅਤੇ ਚੰਨੀ ਵਿਚਾਲੇ ਠੰਢੀ ਜੰਗ ਖਤਮ ਨਹੀਂ ਹੋਈ।
ਦੋਵਾਂ ਆਗੂਆਂ ਨੇ ਇਹ ਮਾਮਲਾ ਪ੍ਰਮੁੱਖਤਾ ਨਾਲ ਰਾਹੁਲ ਗਾਂਧੀ ਸਾਹਮਣੇ ਰੱਖਿਆ। ਇੰਨਾ ਹੀ ਨਹੀਂ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਤਕ ਸਿੱਧੂ ਅਤੇ ਚੰਨੀ ਨੇ ਰਾਹੁਲ ਗਾਂਧੀ ਤੋਂ ਇੱਕੋ ਇੱਕ ਮੰਗ ਰੱਖੀ ਕਿ ਉਹ ਸੀਐੱਮ ਚਿਹਰੇ ਦਾ ਐਲਾਨ ਕਰ ਕੇ ਹੀ ਜਾਣ। ਨਤੀਜੇ ਵਜੋਂ ਰਾਹੁਲ ਨੂੰ ਇਹ ਬਿਆਨ ਦੇਣਾ ਪਿਆ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਬਾਰੇ ਵਰਕਰਾਂ ਤੋਂ ਫੀਡਬੈਕ ਲੈ ਕੇ ਜਲਦ ਹੀ ਕੋਈ ਐਲਾਨ ਕਰਨਗੇ। ਇਸ ਦੇ ਨਾਲ ਹੀ ਕਾਂਗਰਸ ਨੇ ਵੀ ਮੋਬਾਈਲ ਨੰਬਰ ਜਾਰੀ ਕਰ ਕੇ ਲੋਕਾਂ ਦੀ ਰਾਏ ਲੈਣੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਹਾਈ ਕਮਾਂਡ ਵੀ ਐਪ ਰਾਹੀਂ ਵਰਕਰਾਂ ਤੇ ਆਗੂਆਂ ਤੋਂ ਸਿੱਧੀ ਰਾਏ ਲੈ ਰਹੀ ਹੈ।
ਜਲੰਧਰ ‘ਚ ਆਪਣੇ ਸੰਬੋਧਨ ‘ਚ ਰਾਹੁਲ ਗਾਂਧੀ ਨੇ ਸਿੱਧੂ ਦੇ ਪੰਜਾਬ ਵਿਜ਼ਨ ‘ਤੇ ਜ਼ੋਰ ਦਿੱਤਾ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਰਾਹੁਲ ਸਿੱਧੂ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਨ, ਪਰ ਮੰਗਲਵਾਰ ਨੂੰ ਜਲੰਧਰ ਪਹੁੰਚੇ ਟ੍ਰੈਕ ਸੂਟਸ ਨੇ ਕਾਂਗਰਸ ਦੀ ਕੂਟਨੀਤੀ ਦਾ ਸਬੂਤ ਦੇ ਦਿੱਤਾ।
ਪਾਰਟੀ ਨੇ ਵਰਕਰਾਂ ‘ਚ ਚੰਨੀ ਦਾ ਅਕਸ ਹੋਰ ਮਜ਼ਬੂਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਜਲਦੀ ਜਾਂ ਬਾਅਦ ਵਿਚ ਕਾਂਗਰਸ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰੇਗੀ ਕਿਉਂਕਿ ਇਨ੍ਹਾਂ ਵਰਕਰਾਂ ਦੀ ਫੀਡ ਬੈਕ ‘ਤੇ ਹੀ ਚੰਨੀ ਅਤੇ ਸਿੱਧੂ ਵਿਚ ਸੀਐੱਮ ਚਿਹਰਾ ਤੈਅ ਹੋਵੇਗਾ।
