ਕਿਸਾਨਾਂ ਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਾਲੇ ਮੀਟਿੰਗ ਰੱਦ, ਜਾਰੀ ਰਹੇਗਾ ਅੰਦੋਲਨ
1 min read
ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਸੂਬੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੀ ਇੱਕ ਬੈਠਕ ਚੰਡੀਗੜ੍ਹ ਵਿੱਚ ਸੱਦੀ ਸੀ, ਜੋ ਹੁਣ ਰੱਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਤੇ ਹੋਰ ਮੁੱਦੇ ਵਿਚਾਰੇ ਜਾਣੇ ਸਨ ਪਰ ਕਿਸਾਨਾਂ ਨੇ ਮੀਟਿੰਗ ਵਿਚ ਆਉਣ ਤੋਂ ਨਾਂਹ ਕਰ ਦਿੱਤੀ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਮੀਟਿੰਗ ਵਿਚ ਆਉਣ ਤੋਂ ਇਨਕਾਰ ਕਰਨ ਤੋਂ ਬਾਅਦ ਮੀਟਿੰਗ ਰੱਦ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਮੁੜ ਤੈਅ ਕੀਤੀ ਜਾ ਸਕਦੀ ਹੈ।ਇਹ ਜਾਣਕਾਰੀ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦਿੱਤੀ ਹੈ। ਆਗੂ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨਹੀਂ, ਕੇਂਦਰ ਤੋਂ ਸੱਦਾ ਆਇਆ ਸੀ। ਪਰ ਉਨ੍ਹਾਂ ਕਿਹਾ ਕਿ ਤੁਸੀਂ ਪਹਿਲਾਂ ਅੰਦੋਲਨ ਖਤਮ ਕਰਨ ਦਾ ਐਲਾਨ ਕਰੋ।
ਉਨ੍ਹਾਂ ਦੱਸਿਆ ਕਿ ਅੱਜ 11 ਵਜੇ ਹਰਿਆਣਾ ਦੇ ਆਗੂਆਂ ਦੀ ਆਪਣੀ ਮੀਟਿੰਗ ਹੋਵੇਗੀ ਅਤੇ ਪੰਜਾਬ ਦੇ ਆਗੂਆਂ ਦੀ 1 ਵਜੇ ਵੱਖਰੀ ਮੀਟਿੰਗ ਹੋਵੇਗੀ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ, ਦਰਜ ਕੇਸਾਂ ਦੀ ਵਾਪਸੀ ਅਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਜਾਰੀ ਰਹੇਗਾ।
