ਕਿਸਾਨੀ ਸੰਘਰਸ਼ ਖ਼ਤਮ ਹੋਣ ਕਾਰਨ ਜਲਦ ਖੁੱਲ੍ਹ ਸਕਦੇ ਨੇ ਟੋਲ ਪਲਾਜ਼ੇ
1 min read

ਕਿਸਾਨਾਂ ਤੇ ਸਰਕਾਰ ਦਰਮਿਆਨ ਤਿੰਨ ਖੇਤੀ ਕਾਨੂੰਨਾਂ ਸਮੇਤ ਬਾਕੀ ਦੇ ਮੁੱਦਿਆਂ ’ਤੇ ਸਹਿਮਤੀ ਮਗਰੋਂ ਅੰਦੋਲਨਕਾਰੀਆਂ ਵੱਲੋਂ ਪੰਜਾਬ ਤੇ ਹਰਿਆਣਾ ਦੇ ਬੰਦ ਕੀਤੇ ਟੋਲ ਪਲਾਜ਼ੇ ਕਿਸੇ ਸਮੇਂ ਵੀ ਖੁੱਲ੍ਹ ਸਕਦੇ ਹਨ। ਦਰਅਸਲ, ਨਵੰਬਰ 2020 ਦੇ ਪਹਿਲੇ ਹਫ਼ਤੇ ਤੋਂ ਕਿਸਾਨਾਂ ਨੇ ਇਕ ਇਕ ਕਰ ਕੇ ਲਗਭਗ ਸਾਰੇ ਟੋਲ ਪਲਾਜ਼ੇ ਬੰਦ ਕਰ ਕੇ ਇਨ੍ਹਾਂ ’ਤੇ ਧਰਨਾ ਮਾਰ ਲਿਆ ਸੀ। ਇਸ ਕਾਰਨ ਇਹ ਪਲਾਜ਼ੇ ਇਕ ਤਰ੍ਹਾਂ ਨਾਲ ਦਿੱਲੀ ਧਰਨੇ ਦੀਆਂ ਸਥਾਨਕ ਇਕਾਈਆਂ ਬਣ ਗਏ ਸਨ, ਕਿਸਾਨਾਂ ਨੇ ਇਨ੍ਹਾਂ ਨੂੰ ਪੱਕਾ ਰੈਣ ਬਸੇਰਾ ਬਣਾ ਲਿਆ ਸੀ। ਬਹੁਤੇ ਟੋਲ ਪਲਾਜ਼ਿਆਂ ਵਿਚ ਖਾਣਾ ਤੇ ਭਾਂਡੇ ਸਾਂਭਣ ਲਈ ਅਲਮਾਰੀਆਂ, ਗਰਮੀ ਤੋਂ ਬਚਣ ਲਈ ਪੱਖੇ ਤੇ ਕੂਲਰ, ਮੰਜੇ-ਬਿਸਤਰੇ, ਕਈ ਜਗ੍ਹਾ ’ਤੇ ਪੱਕੇ ਕਮਰੇ, ਪਾਣੀ ਦਾ ਬਦਲਵਾਂ ਪ੍ਰਬੰਧ ਕੀਤਾ ਗਿਆ ਸੀ। ਧਰਨਾਕਾਰੀਆਂ ਨੇ ਪੜ੍ਹਨ ਲਈ ਕਈ ਅਖ਼ਬਾਰ ਲਵਾ ਲਏ ਸਨ। ਕਿਸਾਨਾਂ ਦੇ ਇਨ੍ਹਾਂ ਰੈਣ ਬਸੇਰਿਆਂ ਵਿਚ ਵੱਡੇ ਸਾਂਝੇ ਟੱਬਰ ਜਿਹਾ ਮਾਹੌਲ ਬਣ ਗਿਆ ਸੀੇ। ਸਵਖ਼ਤੇ ਸਵੇਰ ਦੀ ਚਾਹ, ਫਿਰ ਹਾਜ਼ਰੀ ਅਤੇ ਬਾਅਦ ਵਿਚ ਦੁਪਹਿਰ ਦੀ ਰੋਟੀ, ਹਫ਼ਤੇ ਵਿਚ ਇਕ ਅੱਧੀ ਵਾਰ ਪਕੌੜੇ, ਖੀਰ ਜਾਂ ਪ੍ਰਸਾਦ ਬਣਨ ਲੱਗਾ। ਇਨ੍ਹਾਂ ਲੰਗਰਾਂ ਵਿਚ ਟੋਲ ਪਲਾਜ਼ੇ ਵਾਲੇ ਮੁਲਾਜ਼ਮ ਰੋਟੀ ਪਾਣੀ ਛਕਦੇ ਰਹੇ। ਕਿਸਾਨਾਂ ਦੇ ਸਿਰੜ ਕਾਰਨ ਕਾਰਨ ਹੱਡ ਚੀਰਵੀਂ ਠੰਢ, ਹੁੰਮ੍ਹਸ ਭਰੀ ਗਰਮੀ ਤੇ ਲੱਗੀਆਂ ਲੰਬੀਆਂ ਬਰਸਾਤੀ ਝੜੀਆਂ ਵਿਚ ਵੀ ਇੱਥੇ ਦਿਨ ਰਾਤ ਰੌਣਕਾਂ ਲੱਗੀਆਂ ਰਹੀਆਂ।

ਕਿਸਾਨ ਹਰਨੇਕ ਸਿੰਘ ਜਿਹੜਾ ਇਕ ਨਵੰਬਰ ਤੋਂ ਟੋਲ ਪਲਾਜ਼ਾ ’ਤੇ ਲਗਾਤਾਰ ਸੇਵਾ ਕਰ ਰਿਹਾ ਹੈ, ਨੇ ਦੱਸਿਆ ਕਿ ਉਸ ਦਾ ਇੱਥੇ ਮਨ ਲੱਗ ਗਿਆ ਹੈ ਹੁਣ ਉਸ ਦਾ ਇੱਥੋਂ ਜਾਣ ਨੂੰ ਜੀਅ ਨਹੀਂ ਕਰਦਾ। ਸਵੇਰੇ ਤੋ ਸ਼ਾਮ ਤਕ ਪਤਾ ਹੀ ਨਹੀਂ ਲੱਗਦਾ ਸੀ ਕਿ ਸਮਾਂ ਕਿਵੇਂ ਬੀਤ ਗਿਆ। ਉਸ ਵਰਗੇ ਹੋਰ ਵੀ ਕਿਸਾਨ ਹਨ ਜਿਨ੍ਹਾਂ ਨੂੰ ‘ਫੁੱਲ ਟਾਈਮਰ ਧਰਨਾਕਾਰੀ’ ਕਿਹਾ ਜਾਂਦਾ ਸੀ। ਕਿਸਾਨਾਂ ਮੁਤਾਬਕ ਟੋਲ ਪਲਾਜ਼ਿਆਂ ’ਤੇ ਧਰਨੇ ਸ਼ੁਰੂ ਹੋਣ ਦੇ ਨਾਲ ਹੀ ਪਿੰਡਾਂ ਵਿਚ ਨਵੀਂ ਰਵਾਇਤ ਸ਼ੁਰੂ ਹੋ ਗਈ। ਉਹ ਇਹ ਕਿ ਜਿਸ ਕਿਸਾਨ ਦੇ ਘਰ ਵਿਆਹ ਸ਼ਾਦੀ ਹੁੰਦੀ ਉਸ ਘਰ ਵਿੱਚੋਂ ਬਾਕਾਇਦਾ, ਟੋਲ ’ਤੇ ਧਰਨਾ ਦੇਣ ਵਾਲਿਆਂ ਲਈ ਰੋਟੀ ਪਹੁੰਚਦੀ ਰਹੀ। ਉਂਝ ਵੀ ਆਲੇ-ਦੁਆਲੇ ਦੇ ਲੋਕਾਂ ਨੇ ਇਨ੍ਹਾਂ ਪਲਾਜ਼ਿਆਂ ’ਤੇ ਸ਼ਾਇਦ ਹੀ ਖਾਣ ਵਾਲੀ ਕੋਈ ਅਜਿਹੀ ਵਸਤ ਹੋਵੇ, ਜੋ ਨਾ ਵਰਤਾਈ ਹੋਵੇ।

ਪੰਜਾਬ ਵਿਚ ਕੁਲ 25 ਟੋਲ ਪਲਾਜ਼ੇ ਹਨ ਅਤੇ ਇਹ ਸਾਰੇ ਹੀ ਪਿਛਲੇ ਸਾਲ ਅਕਤੂਬਰ ਮਹੀਨੇ ਤੋ ਬੰਦ ਪਏ ਹਨ। ਨੈਸ਼ਨਲ ਹਾਈਵੇ ਅਥਾਰਟੀ ਦੇ ਚੰਡੀਗੜ੍ਹ ਰਿਜਨ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਛੇ ਦਿਨਾਂ ਵਿਚ ਹੀ ਟੋਲ ਫ੍ਰੀ ਹੋ ਜਾਣ ਕਾਰਨ ਸਰਕਾਰ ਨੂੰ 4 ਕਰੋੜ ਰੁਪਏ ਦਾ ਘਾਟਾ ਪਿਆ। ਸੰਸਦ ਵਿਚ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਟੋਲ ਫ੍ਰੀ ਹੋ ਜਾਣ ਕਾਰਨ 16 ਮਾਰਚ ਤਕ ਪੰਜਾਬ ਵਿਚ 487 ਕਰੋੜ ਰੁਪਏ ਤੇ ਹਰਿਆਣੇ ਵਿੱਚੋਂ 326 ਕਰੋੜ ਦਾ ਘਾਟਾ ਪਿਆ ਹੈ। ਦਿੱਲੀ ਨੂੰ ਜਾਂਦੇ ਹੋਏ ਨੈਸ਼ਨਲ ਹਾਈਵੇ ਤੇ ਪੰਜਾਬ ਤੇ ਹਰਿਆਣਾ ਦੇ 6 ਤੋਂ 8 ਟੋਲ ਲਗਭਗ ਬੰਦ ਹਨ। ਇਨ੍ਹਾਂ ਤੋਂ ਹਰ ਰੋਜ਼ ਸਰਕਾਰ ਨੂੰ 5 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਨੈਸ਼ਨਲ ਹਾਈਵੇ ’ਤੇ ਹੀ 2000 ਕਰੋੜ ਤੋਂ ਉੱਤੇ ਦਾ ਨੁਕਸਾਨ ਹੋਇਆ। ਜਦਕਿ ਸਟੇਟ ਹਾਈਵੇ ਤੇ ਹੋਇਆ ਨੁਕਸਾਨ ਵੱਖਰਾ ਹੈ ਜੋ ਮਿਲੀ ਜਾਣਕਾਰੀ ਮੁਤਾਬਕ 800 ਤੋਂ 850 ਕਰੋੜ ਦੇ ਕਰੀਬ ਹੋ ਸਕਦਾ ਹੈ।
ਟੋਲ ਮੁਲਾਜ਼ਮ- ਟੋਲ ਫ੍ਰੀ ਹੋਣ ਕਾਰਨ ਇਨ੍ਹਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਵੀ ਹੌਲੀ ਹੌਲੀ ਕਰ ਕੇ ਛੁੱਟੀ ਹੋ ਗਈ। ਬੇਰੁਜ਼ਗਾਰ ਹੁੰਦੇ ਇਨ੍ਹਾਂ ਮੁਲਾਜਮਾਂ ਨੇ ਯੂਨੀਅਨ ਬਣਾ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ। ਟੋਲ ਪਲਾਜ਼ਾ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਟੋਲ ਬੰਦ ਹੋਣ ਕਾਰਨ 18 ਹਜ਼ਾਰ ਤੋਂ ਵੱਧ ਮੁਲਾਜ਼ਮ ਬੇਰੁਜ਼ਗਾਰ ਹੋਏ ਹਨ। ਕੰਪਨੀਆਂ ਨੇ ਉਨ੍ਹਾਂ ਨੂੰ ਦਸੰਬਰ ਮਹੀਨੇ ਮਗਰੋਂ ਤਨਖ਼ਾਹ ਨਹੀਂ ਦਿੱਤੀ ਸੀ।

ਦੂਜਾ ਪਾਸਾ
ਟੋਲ ਬੰਦ ਹੋਣ ਕਾਰਨ ਪੈਸੇ ਦੀ ਬੱਚਤ ਲੋਕਾਂ ਦਾ ਵਹਿਮ ਹੈ ਕਿਉਂਕਿ ਟੋਲ ਇਕੱਠਾ ਕਰਨ ਵਾਲੀਆਂ ਕੰਪਨੀਆਂ ਦੇ ਸਰਕਾਰ ਨਾਲ ਹੋਏ ਇਕਰਾਰਨਾਮੇ ਵਿਚ ਸਮਾਂ ਸੀਮਾ ਨੀਯਤ ਹੁੰਦੀ ਹੈ। ਇਸ ਲਈ ਜਿਨ੍ਹਾਂ ਸਮਾਂ ਟੋਲ ਪਲਾਜ਼ੇ ਬੰਦ ਰਹੇ ਹਨ, ਓਨਾਂ ਵਾਧੂ ਸਮਾਂ ਕੰਪਨੀਆਂ ਟੋਲ ਇਕੱਠਾ ਕਰਨ ਲਈ ਕਾਨੂੰਨੀ ਤੌਰ ’ਤੇ ਅਧਿਕਾਰਤ ਹਨ। ਉਦਾਹਰਨ ਲਈ ਭਵਾਨੀਗੜ੍ਹ-ਮੰਡੀ ਗੋਬਿੰਦਗੜ੍ਹ ਟੋਲ ਦਾ ਇਕਰਾਰਨਾਮਾ 19 ਨਵੰਬਰ 2023 ਨੂੰ ਖ਼ਤਮ ਹੋ ਜਾਣਾ ਸੀ। ਹੁਣ ਕਿਉਂਜੋ ਲਗਪਗ ਾਲ ਤੋਂ ਬੰਦ ਪਿਆ ਹੈ ਇਸ ਲਈ ਹੁਣ ਇਹ ਨਵੰਬਰ 2024 ਤਕ ਚੱਲਦਾ ਰਹੇਗਾ।
