ਕਿਸਾਨ ਅੰਦੋਲਨ ਨੂੰ 1 ਸਾਲ ਹੋਇਆ ਪੂਰਾ, CM ਚੰਨੀ ਤੇ ਕੇਜਰੀਵਾਲ ਨੇ ਕਿਹਾ; ਕਿਸਾਨਾਂ ਦੇ ਹੌਸਲੇ ਨੂੰ ਸਲਾਮ
1 min read
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਸ਼ੁੱਕਰਵਾਰ ਪੂਰਾ 1 ਸਾਲ ਹੋ ਗਿਆ ਹੈ। ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 700 ਦੇ ਲਗਭਗ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਪਰੰਤੂ ਕਿਸਾਨ ਪੂਰੇ ਸਬਰ, ਸੰਤੋਖ ਅਤੇ ਦ੍ਰਿੜ ਵਿਸ਼ਵਾਸ ਨਾਲ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਰਹੇ ਹਨ, ਡਟੇ ਹੋਏ ਹਨ। ਅੰਦੋਲਨ ‘ਤੇ ਇੱਕ ਸਾਲ ਪੂਰਾ ਹੋਣ ‘ਤੇ ਆਸ ਪਾਸ ਦੇ ਕਿਸਾਨ ਦਿੱਲੀ ਮੋਰਚੇ ‘ਚ ਵੱਡੀ ਗਿਣਤੀ ਪੁੱਜਣੇ ਸ਼ੁਰੂ ਹੋ ਗਏ ਹਨ।
ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਅਤੇ ਜਿਸ ਜ਼ਜਬੇ ਨਾਲ ਖੇਤੀ ਕਾਨੂੰਨਾਂ ਵਿਰੁੱਧ ਭਾਜਪਾ ਦੀ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਹੈ, ਉਸ ਨੂੰ ਵੇਖਦਿਆਂ ਇੱਕ ਸਾਲ ਪੂਰਾ ਹੋਣ ‘ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਕਾਇਦਾ ਤੌਰ ‘ਤੇ ਟਵੀਟ ਕਰਕੇ ਕਿਸਾਨਾਂ ਦੇ ਅੰਦੋਲਨ ਲਈ ਉਨ੍ਹਾਂ ਨੂੰ ਸਲਾਮ ਕੀਤਾ ਹੈ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਤਹਿਤ ਅੱਜ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸੀ ਦੇ ਐਲਾਨ ਤੋਂ ਬਾਅਦ ਐਮਐਸਪੀ (MSP) ਲਈ ਕੀਤਾ ਜਾਵੇਗਾ। ਮੋਰਚੇ ਨੂੰ ਲੈ ਕੇ ਦਿੱਲੀ ਅਤੇ ਹਰਿਆਣਾ ਪੁਲਿਸ ਪੂਰੀ ਤਰ੍ਹਾਂ ਅਲਰਟ ‘ਤੇ ਹੈ।ਖ ਮੰਤਰੀ ਚੰਨੀ ਨੇ ਟਵੀਟ ਕਰਦੇ ਹੋਏ ਕਿਹਾ, ”ਮੈਂ ਸਾਡੇ ਅੰਨ ਦਾਤਿਆਂ ਨੂੰ ਸਲਾਮ ਕਰਦਾ ਹਾਂ, ਜੋ ਉਨ੍ਹਾਂ ਨੇ ਅਦੁੱਤੀ ਜ਼ਜ਼ਬਾ ਵਿਖਾਇਆ ਹੈ ਅਤੇ ਇੱਕ ਸਾਲ ਤੋਂ ਦਿੱਲੀ ਵਿੱਚ ਬੈਠੇ, ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਹਨ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਿਸਾਨਾਂ ਦਾ ਅਹਿੰਸਾ ਭਰਿਆ ਸੰਘਰਸ਼ ਨਾ ਸਿਰਫ਼ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਗੋਂ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਣ ਲਈ ਬਹਾਦਰੀ, ਸਬਰ ਅਤੇ ਦ੍ਰਿੜਤਾ ਦੀ ਅਨੋਖੀ ਮਿਸਾਲ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਸਾਨਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਟਵੀਟ ਕਰਦੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋ ਗਿਆ ਹੈ। ਕਿਸਾਨਾਂ ਨੇ ਇਸ ਇਤਿਹਾਸਕ ਅੰਦੋਲਨ ਦੌਰਾਨ ਬਹੁਤ ਕੁੱਝ ਸਹਿਣ ਕੀਤਾ ਹੈ। ਗਰਮੀ, ਸਰਦੀ, ਬਾਰਸ਼, ਤੂਫਾਨ ਵਿਚਕਾਰ ਸਾਜਿਸ਼ਾਂ ਨੂੰ ਵੀ ਝੱਲਿਆ ਹੈ

ਕੇਜਰੀਵਾਲ ਨੇ ਕਿਹਾ ਕਿ ਦੇਸ਼ ਕਿਸਾਨਾਂ ਨੇ ਸਾਨੂੰ ਸਬਕ ਸਿਖਾਇਆ ਹੈ ਕਿ ਸਬਰ ਦੇ ਨਾਲ ਹੱਕ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸਾਨ ਭਰਾਵਾਂ ਦੇ ਹੌਸਲੇ, ਜਜ਼ਬੇ ਅਤੇ ਕੁਰਬਾਨੀਆਂ ਨੂੰ ਸਲਾਮ ਕਰਦਾ ਹਾਂ।
