ਕਿੱਲੀ ਚਾਹਲਾ ਰੈਲੀ ਤੋਂ ਮਾਇਆਵਤੀ, ਚੌਟਾਲਾ ਤੇ ਵੱਡੇ ਬਾਦਲ ਕਰਨਗੇ ਚੋਣ ਪ੍ਰਚਾਰ ਦਾ ਆਗਾਜ਼
1 min read
ਜਗਰਾਓਂ ਲਾਗਲੇ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾ ’ਚ ਸ਼੍ਰੋਮਣੀ ਅਕਾਲੀ ਦਲ -ਬਸਪਾ ਵੱਲੋਂ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ 14 ਦਸੰਬਰ ਦੀ ਰੈਲੀ ਰਾਹੀਂ ਪੰਜਾਬ ’ਚ ਚੋਣ ਪ੍ਰਚਾਰ ਦਾ ਆਗਾਜ਼ ਕਰਨ ਦਿੱਗਜ ਪਹੁੰਚ ਰਹੇ ਹਨ। ਲੱਖਾਂ ਦੀ ਗਿਣਤੀ ’ਚ ਇਕੱਠ ਜਟਾਉਣ ਲੱਗੇ ਅਕਾਲੀ ਦਲ ਦੀ ਇਸ ਰੈਲੀ ਨੂੰ ਬਸਪਾ ਸੁਪਰੀਮੋ ਮਾਇਆਵਤੀ, ਇਨੈਲੋ ਦੇ ਓਮ ਪ੍ਰਕਾਸ ਚੌਟਾਲਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹਮਖਿਆਲੀ ਪਾਰਟੀਆਂ ਦੇ ਕੌਮੀ ਆਗੂ ਸੰਬੋਧਨ ਕਰਨਗੇ। ਅਕਾਲੀ ਦਲ ਦੇ ਦਾਅਵੇ ਅਨੁਸਾਰ ਇਸ ਰੈਲੀ ਵਿੱਚ ਪੰਜਾਬ ਭਰ ਤੋਂ 5 ਲੱਖ ਦੇ ਕਰੀਬ ਪਾਰਟੀ ਵਰਕਰ ਅਤੇ ਸਮਰਥਕ ਸ਼ਿਰਕਤ ਕਰਨਗੇ। ਇਸ ਲਈ ਪਾਰਟੀ ਵੱਲੋਂ ਕਿੱਲੀ ਚਾਹਲਾ ਵਿਖੇ ਜਿਥੇ 40 ਏਕੜ ਜਮੀਨ ਵਿੱਚ ਰੈਲੀ ਕੀਤੀ ਜਾ ਰਹੀ ਹੈ, ਉਥੇ 50 ਏਕੜ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
‘ਪੰਜਾਬੀ ਜਾਗਰਣ’ ਵੱਲੋਂ ਰੈਲੀ ਸਥਾਨ ਦਾ ਦੌਰਾ ਕਰਨ ਮੌਕੇ ਸ੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਰੈਲੀ ਦਾ ਜਿਥੇ ਮੁੱਖ ਮਕਸਦ ਸ੍ਰੋਮਣੀ ਅਕਾਲੀ ਦਲ ਦੇ 101ਵੇਂ ਸਥਾਪਨਾ ਦਿਵਸ ਨੂੰ ਮਨਾਉਣਾ ਹੈ, ਉਥੇ ਇਸ ਰੈਲੀ ਰਾਹੀਂ ਸੂਬੇ ਭਰ ਵਿੱਚ ਅਕਾਲੀ ਦਲ ਵੱਲੋਂ ਚੋਣਾਂ ਦੀ ਤਿਆਰੀਆਂ ਨੂੰ ਕਮਰ ਕਸ ਲੈਣ ਦਾ ਸੁਨੇਹਾ ਹੋਵੇਗਾ, ਇਸ ਲਈ ਇਹ ਰੈਲੀ ਇਤਿਹਾਸਕ ਅਤੇ ਰਾਜਨੀਤਿਕ ਪੱਖੋ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਰੈਲੀ ਦੇ ਪ੍ਰਬੰਧਾਂ ਨੂੰ ਲੈ ਕੇ ਗੱਲ ਕਰਦਿਆਂ ਕਿਹਾ ਕਿ ਇਸ ਰੈਲੀ ਵਿੱਚ ਵੱਡਾ ਇਕੱਠ ਉਮੜੇਗਾ। ਇਸ ਲਈ ਸੂਬੇ ਦੇ 40 ਹਲਕਿਆ ਵਿਚੋਂ 100-100 ਬੱਸਾਂ ਆਉਣਗੀਆਂ ਅਤੇ ਬਾਕੀ ਹਲਕਿਆਂ ਵਿਚੋਂ 40 ’ਤੋਂ 50 ਬੱਸਾਂ ਅਤੇ ਛੋਟੇ ਵਾਹਨਾਂ ’ਤੇ ਵਰਕਰਾਂ ਅਤੇ ਸਮਰਥਕਾਂ ਦਾ ਹਜੂਮ ਉਮੜੇਗਾ। ਇਸ ’ਤੋਂ ਇਲਾਵਾ 14 ਦਸੰਬਰ ਦੀ ਇਸ ਰੈਲੀ ਦੇ ਇਕ ਦਿਨ ਪਹਿਲਾਂ ਹੈ 13 ਦਸੰਬਰ ਨੂੰ ਪੰਜਾਬ ਦੇ ਦੂਰ-ਦੁਰਾਡੇ ਇਲਾਕਿਆਂ ਵਿਚੋਂ ਪਾਰਟੀ ਦੇ ਵਰਕਰ ਅਤੇ ਸਮਰਥਕ ਪਹੁੰਚ ਜਾਣਗੇ । ਇਸ ਲਈ ਜਿੱਥੇ ਰੈਲੀ ਵਾਲੇ ਸਥਾਨ ਨੇੜੇ ਹੀ 20 ਹਜ਼ਾਰ ਲੋਕਾਂ ਦੇ ਠਹਿਰਨ ਲਈ ਵੱਡਾ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ, ਉਥੇ ਇੰਨੀ ਹੀ ਵੱਡੀ ਗਿਣਤੀ ਲਈ ਇਲਾਕੇ ਦੇ ਮੈਰਿਜ ਪੈਲੇਸਾਂ, ਗੁਰਦੁਆਰਿਆਂ ਅਤੇ ਸਾਂਝੀਆਂ ਥਾਵਾਂ ’ਤੇ ਵੀ ਬੰਦੋਬਸਤ ਕੀਤਾ ਜਾ ਰਿਹਾ ਹੈ।

ਸਮੁੱਚੀ ਲੀਡਰਸ਼ਿਪ ਦੀਆਂ ਲਾਈਆਂ ਡਿਊਟੀਆਂ
ਭਾਈ ਗਰੇਵਾਲ ਅਨੁਸਾਰ ਇਸ ਮਹਾ ਰੈਲੀ ਵਿੱਚ ਬਸਪਾ ਸਪਰੀਮੋ ਮਾਇਆਵਤੀ, ਓਮ ਪ੍ਰਕਾਸ ਚੌਟਾਲਾ, ਪ੍ਰਕਾਸ਼ ਸਿੰਘ ਬਾਦਲ ਸਮੇਤ ਹਮਖਿਆਲੀ ਪਾਰਟੀਆਂ ਦੇ ਕੌਮੀ ਆਗੂਆਂ ਦੇ ਪਹੁੰਚਣ ਨੂੰ ਲੈ ਕੇ ਇਸ ਰੈਲੀ ਦੇ ਪ੍ਰਬੰਧਾਂ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਕਰ ਰਹੇ ਹਨ। ਉਨ੍ਹਾਂ ਵੱਲੋਂ ਇਸ ਰੈਲੀ ਲਈ ਮੁੱਖ ਪ੍ਰਬੰਧ ਜਿਥੇ ਲੁਧਿਆਣਾ ਅਤੇ ਮੋਗਾ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਸੌਪੇ ਗਏ ਹਨ, ਉਥੇ ਸੂਬੇ ਦੇ ਹਰ ਇਕ ਹਲਕਾ ਵਾਈਜ਼ ਰੈਲੀ ਦੀ ਸਫਲਤਾ ਲਈ ਸਮੁੱਚੀ ਲੀਡਰਸ਼ਿਪ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।