ਕੇਂਦਰ ਨੇ ਫਿਰ ਕੀਤਾ ਕਿਸਾਨਾਂ ਨਾਲ ਸੰਪਰਕ, ਮੰਗਾਂ ‘ਤੇ ਜਲਦ ਹੀ ਦੇ ਸਕਦਾ ਹੈ ਲਿਖਤੀ ਭਰੋਸਾ
1 min read
ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਬਾਵਜੂਦ ਬਾਕੀ ਬਚੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅਜਿਹੇ ‘ਚ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੇ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਕੇਂਦਰ ਸਰਕਾਰ ਨੇ ਕੁਝ ਕਿਸਾਨ ਆਗੂਆਂ ਨਾਲ ਦੁਬਾਰਾ ਸੰਪਰਕ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਜਲਦ ਹੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ‘ਤੇ ਲਿਖਤੀ ਭਰੋਸਾ ਦੇ ਸਕਦੀ ਹੈ। ਹਰਿਆਣਾ ‘ਚ ਕਿਸਾਨਾਂ ‘ਤੇ ਚੱਲ ਰਹੇ ਕੇਸਾਂ ਦੀ ਵਾਪਸੀ ‘ਤੇ ਕੇਂਦਰ ਸਰਕਾਰ ਅੱਜ ਹੀ ਕਿਸਾਨਾਂ ਨੂੰ ਪੱਤਰ ਜਾਰੀ ਕਰ ਸਕਦੀ ਹੈ। ਲਿਖਤੀ ਭਰੋਸੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਅੰਦੋਲਨ ਵਾਪਸ ਲੈਣ ਦਾ ਫੈਸਲਾ ਲੈ ਸਕਦੀਆਂ ਹਨ।

ਇਹ ਖ਼ਬਰ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਤਿੰਨ ਦਿਨ ਪਹਿਲਾਂ 4 ਦਸੰਬਰ ਨੂੰ ਦਿੱਲੀ ਦੀ ਸਰਹੱਦ ਨਾਲ ਲੱਗਦੇ ਸਿੰਘੂ ਬਾਰਡਰ ‘ਤੇ ਧਰਨੇ ਵਾਲੀ ਥਾਂ ‘ਤੇ ਹੋਈ ਮੀਟਿੰਗ ‘ਚ ਐੱਸ.ਕੇ.ਐੱਮ ਨੇ ਫੈਸਲਾ ਕੀਤਾ ਸੀ ਕਿ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਕਿਸਾਨ ਆਪਣਾ ਅੰਦੋਲਨ ਖਤਮ ਨਹੀਂ ਕਰਨਗੇ।
ਐਸਕੇਐਮ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਮੋਰਚੇ ਨੇ ਭਵਿੱਖ ਦੀ ਰਣਨੀਤੀ ਅਤੇ ਕੇਂਦਰ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਨ ਲਈ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਚੜੂਨੀ, ਯੁੱਧਵੀਰ ਸਿੰਘ, ਸ਼ਿਵ ਕੁਮਾਰ ਕੱਕਾ ਅਤੇ ਅਸ਼ੋਕ ਧਾਵਲੇ ਦੀ ਇੱਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਹੈ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਹਰਿਆਣਾ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ ਤੋਂ ਬਾਅਦ ਹੁਣ ਕਿਸਾਨ ਆਗੂਆਂ ਵੱਲੋਂ ਦੂਜੀ ਮੀਟਿੰਗ ਕੀਤੀ ਜਾ ਰਹੀ ਹੈ। ਹਰਿਆਣਾ ਸਰਕਾਰ ਦੇ ਨਿਯੁਕਤ ਅਧਿਕਾਰੀ ਵੱਲੋਂ ਦਿੱਤੇ ਗਏ ਕਈ ਭਰੋਸੇ ਤੋਂ ਬਾਅਦ ਉਨ੍ਹਾਂ ਮੁੱਦਿਆਂ ‘ਤੇ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਅਤੇ ਰੂਪਰੇਖਾ ਉਲੀਕਣ ਲਈ ਸਿੰਘੂ ਬਾਰਡਰ ‘ਤੇ ਮੀਟਿੰਗ ਕੀਤੀ ਜਾ ਰਹੀ ਹੈ।