ਕੇਜਰੀਵਾਲ ‘ਤੇ ਕਾਂਗਰਸ ਦਾ ਤਨਜ਼, ਦਿੱਲੀ ‘ਚ ਕੂੜੇ ਦੇ ਪਹਾੜ, ਚੰਡੀਗੜ੍ਹ ‘ਚ ਕੂੜਾ ਹਟਾਉਣ ਦਾ ਦਾਅਵਾ ਕਰ ਰਹੀ ਆਪ
1 min read
ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਬੁਲਾਰੇ ਤੇ ਆਗੂ ਇਕ ਦੂਜੇ ‘ਤੇ ਤਿੱਖੇ ਦੋਸ਼ ਲਗਾ ਰਹੇ ਹਨ। ਇਸ ਸਮੇਂ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਚੋਣਾਂ ਨੂੰ ਲੈ ਕੇ ਡੰਪਿੰਗ ਗਰਾਊਂਡ ਵੱਡਾ ਮੁੱਦਾ ਬਣਿਆ ਹੋਇਆ ਹੈ। ਅਜਿਹੇ ‘ਚ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਗਾਉਂਦੇ ਹੋਏ ਇਕ ਬਿਆਨ ਜਾਰੀ ਕੀਤਾ ਹੈ।
ਰਾਜੀਵ ਸ਼ਰਮਾ ਨੇ ਕਿਹਾ ਕਿ ਦਿੱਲੀ ਵਿਚ ਹੁਣ ਕੂੜੇ ਦੇ ਢੇਰਾਂ ਦੇ ਤਿੰਨ ਵੱਡੇ ਪਹਾੜ ਹਨ, ਜੋ ਦਿਨੋਂ ਦਿਨ ਵਧਦੇ ਜਾ ਰਹੇ ਹਨ। ਦਿੱਲੀ ਸਰਕਾਰ ਉਸ ਕਰੋੜਾਂ ਟਨ ਰਹਿੰਦ-ਖੂੰਹਦ ਦਾ ਕੋਈ ਢੁੱਕਵਾਂ ਪ੍ਰਬੰਧਨ ਕਰਨ ‘ਚ ਨਾਕਾਮ ਰਹੀ ਹੈ। ਜੇ ਉਹ ਦਿੱਲੀ ਦੇ ਕੂੜੇ ਦਾ ਨਿਪਟਾਰਾ ਨਹੀਂ ਕਰ ਸਕੇ ਤਾਂ ਚੰਡੀਗੜ੍ਹ ਦਾ ਕੂੜਾ ਚੁੱਕਣ ਦਾ ਵਾਅਦਾ ਕਿਵੇਂ ਕਰ ਸਕਦੇ ਹਨ। ਕੇਜਰੀਵਾਲ ‘ਤੇ ਦੋਸ਼ ਲਗਾਉਂਦੇ ਹੋਏ ਕਾਂਗਰਸ ਬੁਲਾਰੇ ਨੇ ਕਿਹਾ ਕਿ ਉਹ ਦੇਸ਼ ‘ਚ ਆਪਣਾ ਪ੍ਰਚਾਰ ਕਰਨ ਲਈ ਦਿੱਲੀ ‘ਚ ਇਕੱਠੇ ਕੀਤੇ ਕਰੋੜਾਂ ਰੁਪਏ ਰਾਸ਼ਟਰੀ ਮੀਡੀਆ ‘ਤੇ ਖਰਚ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸ਼ਾਸਨ ‘ਚ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਦਿੱਲੀ ਵਿਚ ਪਾਣੀ ਦੀ ਗੁਣਵੱਤਾ ਬਹੁਤੇ ਖੇਤਰਾਂ ਵਿਚ ਬਹੁਤ ਮਾੜੀ ਹੈ। ਉਸ ਦੇ ਸ਼ਾਸਨ ਦੇ ਮਾਡਲ ਦੀ ਅਸਫਲਤਾ ਕਾਰਨ, ਦਿੱਲੀ ਦੇ ਲੋਕਾਂ ਨੇ ਵਾਰ-ਵਾਰ ਉਸ ਦੀ ਪਾਰਟੀ ਨੂੰ ਦਿੱਲੀ ਦੀਆਂ ਤਿੰਨੋਂ ਨਗਰ ਨਿਗਮਾਂ ਵਿਚ ਹਰਾਇਆ ਹੈ।
ਹਿਮਾਚਲ ‘ਚ ਜ਼ਿਮਨੀ ਚੋਣ ਹਾਰੀ, ਹੁਣ ਚੰਡੀਗੜ੍ਹ ਨਿਗਮ ਚੋਣਾਂ ਵੀ ਭਾਜਪਾ ਹਾਰੇਗੀ-ਰਾਠੌੜ
ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੁਲਦੀਪ ਸਿੰਘ ਰਾਠੌੜ ਨੇ ਕਿਹਾ ਕਿ ਭਾਜਪਾ ਸਰਕਾਰ ਹਿਮਾਚਲ ਪ੍ਰਦੇਸ਼ ਉਪ ਚੋਣਾਂ ਵਿਚ ਮਿਲੀ ਵੱਡੀ ਹਾਰ ਤੋਂ ਦੁਖੀ ਹੋ ਕੇ ਪੈਟਰੋਲ ਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਉਣ ਲਈ ਮਜਬੂਰ ਹੋਈ ਹੈ। ਚੋਣਾਂ ਵਿਚ ਹਾਰ ਦੇ ਡਰੋਂ ਕੇਂਦਰ ਸਰਕਾਰ ਨੇ ਕਾਲੇ ਖੇਤੀ ਕਾਨੂੰਨ ਵੀ ਵਾਪਸ ਲੈ ਲਏ ਸਨ। ਇਕ ਸਾਲ ਤੋਂ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ 750 ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਰਾਕੇਸ਼ ਰਾਠੌੜ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪਿਛਲੇ ਸਾਲ ਦਿੱਲੀ ਵਿਧਾਨ ਸਭਾ ‘ਚ ਤਿੰਨ ਖੇਤੀ ਕਾਨੂੰਨ ਪਾਸ ਕਰਕੇ ਮੋਦੀ ਸਰਕਾਰ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਹਿਮਾਚਲ ਜ਼ਿਮਨੀ ਚੋਣਾਂ ‘ਚ ਹਾਰੀ ਹੈ, ਉਸੇ ਤਰ੍ਹਾਂ ਦੀ ਹਾਲਤ ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਵੀ ਭਾਜਪਾ ਦੀ ਹੋਵੇਗੀ।
