July 2, 2022

Aone Punjabi

Nidar, Nipakh, Nawi Soch

ਕੇਜਰੀਵਾਲ ਬੋਲੇ – ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣ ਦੀ ਫੈਲ ਰਹੀ ਅਫਵਾਹ, ਇਹ ਸੱਚ ਹੈ ਤਾਂ ਬੀਜੇਪੀ-ਕਾਂਗਰਸ ਨੂੰ ਵੋਟ ਦੇਣਾ ਵਿਅਰਥ

1 min read

ਆਮ ਆਦਮੀ ਪਾਰਟੀ’ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਕ ਅਫਵਾਹ ਤੇਜ਼ੀ ਨਾਲ ਫੈਲ ਰਹੀ ਹੈ ਕਿ ਕੇਂਦਰ ਸਰਕਾਰ ਜਲਦ ਹੀ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣ ਦੀ ਸੋਚ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇ ਇਹ ਸੱਚ ਹੈ ਤਾਂ ਕੁਝ ਮਹੀਨੇ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਵਾਲੀ ਹੈ ਤੇ ਚੰਡੀਗੜ੍ਹ ਪੰਜਾਬ ਦਾ ਹੀ ਹਿੱਸਾ ਹੋਵੇਗਾ ਤਾਂ ਫਿਰ ਬੀਜੇਪੀ ਤੇ ਕਾਂਗਰਸ ਨੂੰ ਵੋਟ ਦੇਣਾ ਵਿਅਰਥ ਹੋਵੇਗਾ। ਦੱਸਣਯੋਗ ਹੈ ਕਿ ਚੰਡੀਗੜ੍ਹ ਕੇਂਦਰ ਸ਼ਸਤ ਪ੍ਰਦੇਸ਼ ਹੈ। ਨਾਲ ਹੀ ਇਹ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਦੀ ਰਾਜਧਾਨੀ ਵੀ ਹੈ। ਦੋਵੇਂ ਸੂਬੇ ਇਸ ‘ਤੇ ਦਾਅਵਾ ਕਰਦੇ ਰਹਿੰਦੇ ਹਨ। ਹੁਣ ਕੇਜਰੀਵਾਲ ਦੇ ਇਸ ਨਵੇਂ ਬਿਆਨ ਨਾਲ ਹਰਿਆਣਾ ਵਿਚ ਸਿਆਸਤ ਗਰਮਾ ਸਕਦੀ ਹੈ।ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਚੋਣ ਪ੍ਰਚਾਰ ਲਈ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ 1996 ‘ਚ ਚੰਡੀਗੜ੍ਹ ਨਗਰ ਨਿਗਮ ਬਣਨ ਤੋਂ ਬਾਅਦ ਤੁਸੀਂ ਕਾਂਗਰਸ ਨੂੰ 13 ਸਾਲ ਤੇ ਭਾਜਪਾ ਨੂੰ 12 ਸਾਲ ਰਾਜ ਕਰਨ ਦਾ ਸਮਾਂ ਦਿੱਤਾ ਸੀ ਪਰ ਦੋਵਾਂ ਨੇ ਮਿਲ ਕੇ ਚੰਡੀਗੜ੍ਹ ਦਾ ਬੇੜਾ ਗਰਕ ਕਰ ਦਿੱਤਾ। ‘ਆਮ ਆਦਮੀ ਪਾਰਟੀ’ ਨੂੰ 5 ਸਾਲ ਲਈ ਇਕ ਮੌਕਾ ਦਿਓ। ਅਸੀਂ ਤੁਹਾਨੂੰ ਵਿਕਾਸ ਦਿਖਾਵਾਂਗੇ।ਕਾਂਗਰਸ ਤੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕੇਜਰੀਵਾਲ ਨੇ ਕਿਹਾ ਕਿ ਕਦੇ ਚੰਡੀਗੜ੍ਹ ਏਸ਼ੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਹੁੰਦਾ ਸੀ ਪਰ ਦੋਵਾਂ ਪਾਰਟੀਆਂ ਨੇ ਸ਼ਹਿਰ ਨੂੰ ਗੰਦਾ ਕਰ ਦਿੱਤਾ ਹੈ। ਅੱਜ ਚੰਡੀਗੜ੍ਹ ਸਫ਼ਾਈ ਦੇ ਮਾਮਲੇ ਵਿਚ 66ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਜਪਾ ‘ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ, ‘ਭਾਜਪਾ ਕਹਿੰਦੀ ਹੈ ਕਿ ਵਿਕਾਸ ਲਈ ਡਬਲ ਇੰਜਣ ਵਾਲੀ ਸਰਕਾਰ ਹੋਣੀ ਜ਼ਰੂਰੀ ਹੈ। ਮੈਂ ਭਾਜਪਾ ਆਗੂਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਚੰਡੀਗੜ੍ਹ ਦੇ ਸੰਸਦ ਮੈਂਬਰ ਭਾਜਪਾ ਦੇ ਹਨ, ਮੇਅਰ ਭਾਜਪਾ ਦਾ ਹੈ, ਰਾਜਪਾਲ ਭਾਜਪਾ ਦਾ ਹੈ ਤੇ ਕੇਂਦਰ ਭਾਜਪਾ ਦਾ ਹੈ। ਸਰਕਾਰ ਵੀ ਭਾਜਪਾ ਦੀ ਹੈ, ਫਿਰ ਵੀ ਅੱਜ ਤਕ ਕੁਝ ਕਿਉਂ ਨਹੀਂ ਕੀਤਾ।ਕੇਜਰੀਵਾਲ ਨੇ ਚੰਡੀਗੜ੍ਹ ਵਾਸੀਆਂ ਨਾਲ ਸ਼ਹਿਰ ਦੇ ਵਿਕਾਸ ਤੇ ਸਹੂਲਤਾਂ ਨਾਲ ਸਬੰਧਤ ਪੰਜ ਵਾਅਦੇ ਕੀਤੇ। ਸਭ ਤੋਂ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਾਂਗੇ। ਜੋ ਪੈਸਾ ਪਹਿਲਾਂ ਨਗਰ ਨਿਗਮ ਦੇ ਭਾਜਪਾ ਅਤੇ ਕਾਂਗਰਸੀ ਆਗੂ ਖਾ ਜਾਂਦੇ ਸਨ, ਉਹ ਹੁਣ ਲੋਕਾਂ ਦੇ ਵਿਕਾਸ ‘ਤੇ ਖਰਚ ਕੀਤੇ ਜਾਣਗੇ। ‘ਆਪ’ ਦੀ ਸਰਕਾਰ ਆਉਣ ‘ਤੇ ਦਿੱਲੀ ਵਾਂਗ ਚੰਡੀਗੜ੍ਹ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਨਗਰ ਨਿਗਮ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਨਗਰ ਨਿਗਮ ਦੇ ਕਰਮਚਾਰੀ ਖੁਦ ਲੋਕਾਂ ਦੇ ਘਰ ਆ ਕੇ ਉਨ੍ਹਾਂ ਦਾ ਸਾਰਾ ਕੰਮ (ਭਾਵੇਂ ਰਾਸ਼ਨ ਕਾਰਡ ਬਣਾਉਣਾ ਹੋਵੇ ਜਾਂ ਬਿਜਲੀ-ਪਾਣੀ ਦਾ ਕੁਨੈਕਸ਼ਨ ਲੈਣਾ ਆਦਿ) ਕਰਨਗੇ। ਦੂਸਰਾ ਅਸੀਂ ਡੱਡੂ ਮਾਜਰਾ ਵਿੱਚ ਕੂੜੇ ਦੇ ਪਹਾੜਾਂ ਨੂੰ ਖਤਮ ਕਰਾਂਗੇ। ਚੰਡੀਗੜ੍ਹ ਵਿੱਚ ਕਿਤੇ ਵੀ ਕੂੜਾ ਨਹੀਂ ਮਿਲੇਗਾ। ਤੀਸਰਾ, ਦਿੱਲੀ ਵਾਂਗ ਚੰਡੀਗੜ੍ਹ ਵਿੱਚ ਵੀ ਪਾਣੀ ਮੁਫ਼ਤ ਮਿਲੇਗਾ। ਚੌਥਾ, ਸ਼ਹਿਰ ਦੀਆਂ ਸੜਕਾਂ ਬਣਾਉਣ, ਸਫ਼ਾਈ ਅਤੇ ਰੱਖ-ਰਖਾਅ ਦਾ ਸਾਰਾ ਕੰਮ ਹੁਣ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ। ਪੰਜਵਾਂ, ਔਰਤਾਂ ਦੀ ਸੁਰੱਖਿਆ ਲਈ ਦਿੱਲੀ ਵਾਂਗ ਚੰਡੀਗੜ੍ਹ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਸੀਸੀਟੀਵੀ ਕੈਮਰੇ ਅਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ।

Leave a Reply

Your email address will not be published. Required fields are marked *