ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਸਹੁੰ ਚੁੱਕਣ ਦੇ ਮੁੱਦੇ ‘ ਤੇ ਦਿੱਤੀ ਇਹ ਸਫਾਈ
1 min read
ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ’ਚ 15 ਦਸੰਬਰ 2015 ਨੂੰ ਕੀਤੀ ‘ਸਦਭਾਵਨਾ ਰੈਲੀ’ ਵਿੱਚ ਸਟੇਜ ਤੋਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਸੀ ਕਿ ਉਹ ਮੁੱਖ ਮੰਤਰੀ ਬਣਨ ਦੇ ਚਾਰ ਹਫ਼ਤਿਆਂ ਦੇ ਅੰਦਰ ਸੂਬੇ ’ਚੋਂ ਨਸ਼ੇ ਦਾ ਲੱਕ ਤੋੜ ਦੇਣਗੇ। ਪੰਜਾਬ ਦੇ ਅੰਦਰ ਕੈਪਟਨ ਦੀ ਸਰਕਾਰ ਬਣਨ ਤੋਂ ਬਾਅਦ ਵੀ ਨਸ਼ਾ ਖਤਮ ਨਾ ਹੋਣ ਕਾਰਨ ਇਹ ਮੁੱਦਾ ਭਖਦਾ ਰਿਹਾ, ਇੱਥੋਂ ਤੱਕ ਕਿ ਤਖ਼ਤਾਂ ਦੇ ਜਥੇਦਾਰਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਨੂੰ ਹੁਣ ਮਰਿਆਦਾ ਦੀ ਉਲੰਘਣਾ ਮੰਨਿਆ ਹੈ। ਹੁਣ ਜਦੋਂ ਕਿ ਕੈਪਟਨ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਪਾਰਟੀ ਵੀ ਬਣਾ ਲਈ ਹੈ, ਪਰ ਚੋਣਾਂ ਦੇ ਮਾਹੌਲ ਵਿੱਚ ਇਹ ਮੁੱਦਾ ਮੁੜ ਭਖ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਕੈਪਟਨ ਨੇ ਖੁਦ ਆਪਣੇ ਫੇਸਬੁਕ ਅਕਾਊਂਟ ਉੱਤੇ ਸਪਸ਼ਟੀਕਰਨ ਦਿੱਤਾ ਹੈ।
ਕੈਪਟਨ ਨੇ ਕਿਹਾ ਕਿ ‘ਮੇਰੇ ਸਿਆਸੀ ਵਿਰੋਧੀਆਂ ਵੱਲੋਂ 2016 ਦੀ ਬਠਿੰਡਾ ਰੈਲੀ ਵਿੱਚ ਨਸ਼ਾ ਤਸਕਰੀ ਦੇ ਮੁੱਦੇ ‘ਤੇ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਸਹੁੰ ਚੁੱਕਣ ਦੇ ਮੁੱਦੇ ਨੂੰ ਵਾਰ-ਵਾਰ ਉਛਾਲਿਆ ਜਾ ਰਿਹਾ ਹੈ।’
‘ਮੈਂ ਆਪਣੀ ਸਹੁੰ ਵਿੱਚ ਕਿਹਾ ਸੀ ਕਿ ਮੈਂ 4 ਹਫ਼ਤਿਆਂ ਵਿੱਚ ਨਸ਼ਾ ਤਸਕਰੀ ਦੀ ਰੀੜ ਦੀ ਹੱਡੀ ਤੋੜ ਦਿਆਂਗਾ। ਮੇਰੀ ਸਰਕਾਰ ਦੌਰਾਨ 65,000 ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਅਤੇ ਦੁਨੀਆ ਭਰ ਦੇ 6 ਵੱਡੇ ਤਸਕਰਾਂ ਵਿੱਚੋਂ ਦੋ ਨੂੰ ਭਾਰਤ ਵਾਪਸ ਲਿਆਂਦਾ ਗਿਆ। ਇੱਕ ਹਾਂਗਕਾਂਗ ਦੀ ਜੇਲ੍ਹ ਵਿੱਚ ਹੈ ਅਤੇ ਇੱਕ ਰੋਮ ਵਿੱਚ ਪੁਲਿਸ ਹਿਰਾਸਤ ਵਿੱਚ ਹੈ। ਇਸ ਦੇ ਨਾਲ ਹੀ ਇੱਕ-ਇੱਕ ਜਾਰਜੀਆ ਅਤੇ ਅਰਮੇਨੀਆ ਵਿੱਚ ਹਨ ਜਿਨ੍ਹਾਂ ਨੂੰ ਜਲਦੀ ਹੀ ਵਾਪਿਸ ਲਿਆਏ ਜਾਣ ਦੀ ਸੰਭਾਵਨਾ ਹੈ।’
‘ਮੈਂ ਹੀ ਸੀ ਜਿਸਨੇ ਹਰਪ੍ਰੀਤ ਸਿੱਧੂ ਦੀ ਅਗਵਾਈ ਵਿੱਚ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਸੀ ਜਿਸਨੇ ਇਹਨਾਂ ਸਾਰੇ ਆਪਰੇਸ਼ਨਾਂ ਦੀ ਅਗਵਾਈ ਕੀਤੀ ਸੀ।’
‘ਅਕਾਲੀ ਦਲ, ‘ਆਪ’ ਅਤੇ ਹੁਣ ਕਾਂਗਰਸ ਇਸ ਨੂੰ ਆਪਣੇ ਸਿਆਸੀ ਏਜੰਡਿਆਂ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਵਾਰ-ਵਾਰ ਹੋ ਰਹੇ ਇਸ ਪ੍ਰਚਾਰ ਵਿੱਚ ਨਾ ਫਸੋ।ਅਸਲ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ।’
ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ’ਚ 15 ਦਸੰਬਰ 2015 ਨੂੰ ਕੀਤੀ ‘ਸਦਭਾਵਨਾ ਰੈਲੀ’ ਵਿੱਚ ਸਟੇਜ ਤੋਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਸੀ। ਅਕਾਲੀ ਦੇ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਡਰੱਗ ਮਾਮਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਮੁੜ ਭਖ ਗਿਆ ਹੈ।
