ਕੈਪਟਨ, ਬਾਦਲ ਤੇ ਮਜੀਠੀਆ ਦੀ ਆਪਸੀ ਸਾਂਝ,ਬਸਪਾ ਨੇ ਬਾਦਲਾਂ ਅੱਗੇ ਕੌਮ ਤੇ ਬਾਬੂ ਕਾਂਸ਼ੀ ਰਾਮ ਦੇ ਸਿਧਾਂਤਾਂ ਦਾ ਸੌਦਾ ਕੀਤਾ : ਚੰਨੀ
1 min read

‘ਚੋਣਾਂ ਪਾਰਟੀ ਦੇ ਏਕੇ ਨਾਲ ਹੀ ਜਿੱਤੀਆਂ ਜਾ ਸਕਦੀਆਂ ਹਨ। ਜਿਵੇਂ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ 32 ਜਥੇਬੰਦੀਆਂ ਦਾ ਏਕਾ ਕਰਕੇ ਸੰਘਰਸ਼ ਕੀਤਾ ਤੇ ਕੇਂਦਰ ਨੂੰ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਪਰ ਤੁਹਾਡੇ ਕੋਲੋਂ ਦੋ ਬੰਦੇ ਨ੍ਹੀਂ ਇਕੱਠੇ ਹੋ ਰਹੇ।’’ ਇਹ ਤਿੱਖੇ ਸ਼ਬਦ ਪੰਜਾਬ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖਡ਼ ਨੇ ਅੱਜ ਇਥੋਂ ਦੀ ਪ੍ਰਤਾਪਪੁਰਾ ਮੰਡੀ ’ਚ ਕਾਂਗਰਸ ਦੀ ਸੂਬਾ ਪੱਧਰੀ ਰੈਲੀ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਜਾਖਡ਼ ਨੇ ਇਥੋਂ ਤਕ ਕਹਿ ਦਿੱਤਾ ਕਿ ਉਨ੍ਹਾਂ ਦੀਆਂ ਗੱਲਾਂ ਮੰਚ ’ਤੇ ਬੈਠੇ ਕਈ ਸਾਥੀਆਂ ਨੂੰ ਚੰਗੀਆਂ ਨਹੀਂ ਲੱਗਣਗੀਆਂ ਪਰ ਪਾਰਟੀ ਨੂੰ 2022 ਦੀਆਂ ਚੋਣਾਂ ਜਿੱਤਣ ਲਈ ਆਪਸੀ ਏਕੇ ਨਾਲ ਮਿਲ ਕੇ ਕੰਮ ਕਰਨਾ ਪਵੇਗਾ। ਕਿਸਾਨੀ ਸੰਘਰਸ਼ ਦੀ ਮਿਸਾਲ ਦਿੰਦਿਆਂ ਜਾਖਡ਼ ਨੇ ਕਿਹਾ ਕਿ ਕਿਸਾਨਾਂ ਨੇ ਆਪਸੀ ਏਕਤਾ ਨਾਲ ਇਕ ਸਾਲ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰਕੇ ਅਖੀਰ ਜਿੱਤ ਪ੍ਰਾਪਤ ਕੀਤੀ ਕਿਉਂਕਿ 32 ਜਥੇਬੰਦੀਆਂ ਦੇ ਆਗੂਆਂ ਨੇ ਆਪੋ-ਆਪਣੇ ਵਖਰੇਵੇਂ ਛੱਡ ਕੇ ਇਕਜੁੱਟ ਹੋ ਕੇ ਸੰਘਰਸ਼ ਕੀਤਾ ਹੈ। ਜਾਖਡ਼ ਨੇ ਕਿਹਾ ਕਿ 2024 ਦੀਆ ਸੰਸਦੀ ਚੋਣਾਂ ਤਾਂ ਹੀ ਜਿੱਤੀਆਂ ਜਾ ਸਕਦੀਆਂ ਹਨ ਜੇਕਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਜਾਵੇਗੀ ਕਿਉਂਕਿ ਦੇਸ਼ ਦੀ ਸੱਤਾ ਹਾਸਲ ਕਰਨ ਦਾ ਰਾਹ ਵਿਚੋਂ ਹੋ ਕੇ ਨਿਕਲਦਾ ਹੈ। ਇਸ ਲਈ ਕਾਂਗਰਸ ਦੀ ਕੌਮੀ ਪ੍ਰਧਾਨ ਨੂੰ ਪੰਜਾਬ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪਹਿਲ ਕਰਨੀ ਹੋਵੇਗੀ।

ਇਕ ਵਾਰ ਮੌਕਾ ਮੰਗਣ ਵਾਲੇ ‘ਆਪ’ ਸੁਪਰੀਮੋ ਕੇਜਰੀਵਾਲ ’ਤੇ ਵਰ੍ਹਦਿਆਂ ਜਾਖਡ਼ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦੋ ਵਾਰ ਮੌਕਾ ਦਿੱਤਾ ਸੀ ਪਰ ਉਹ ਮੌਕਾ ਨਹੀਂ ਸੰਭਾਲ ਸਕੇ। ਪੰਜਾਬ ਦੇ ਲੋਕ ਸਮਝਦਾਰ ਹਨ ਤੇ ਉਨ੍ਹਾਂ ਦਾ ਭਰੋਸਾ ਨਹੀਂ ਕਰਨਗੇ। ਜਾਖਡ਼ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਦੌਰਾਨ ਭਰੋਸੇਯੋਗਤਾ ਦੇ ਆਧਾਰ ਉੱਤੇ ਹੀ ਵੋਟਾਂ ਪਾਉਣ। ਅਕਾਲੀ ਦਲ ਬਾਰੇ ਜਾਖਡ਼ ਨੇ ਕਿਹਾ ਕਿ ਅਕਾਲੀ ਦਲ ਜੁਝਾਰੂ ਪਾਰਟੀ ਸੀ ਪਰ ਬਾਦਲਾਂ ਨੇ ਉਸ ਨੂੰ ਨਿੱਜੀ ਹਿੱਤਾਂ ਵਾਲੀ ਪਾਰਟੀ ਬਣਾ ਦਿੱਤਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਯੁੱਗ ਦਾ ਪਰਿਵਰਤਨ ਹੋ ਰਿਹਾ ਹੈ। ਅਮੀਰ ਘਰਾਣਿਆਂ ਨਾਲ ਸਬੰਧ ਰੱਖਣ ਵਾਲੇ ਕੈਪਟਨ, ਬਾਦਲ ਤੇ ਮਜੀਠੀਆ ਦੀ ਆਪਸੀ ਸਾਂਝ ਹੈ। ਉਹ (ਚੰਨੀ) ਗਰੀਬ ਤੇ ਆਮ ਪਰਿਵਾਰ ਵਿਚੋਂ ਹਨ ਤੇ ਹੁਣ ਆਮ ਲੋਕਾਂ ਦਾ ਯੁੱਗ ਸ਼ੁਰੂ ਹੋ ਚੁੱਕਾ ਹੈ। ਬਸਪਾ ’ਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਬਾਦਲ ਅੱਗੇ ਕੌਮ ਤੇ ਬਾਬੂ ਕਾਂਸ਼ੀ ਰਾਮ ਦੇ ਸਿਧਾਂਤਾਂ ਦਾ ਸੌਦਾ ਕਰ ਲਿਆ ਹੈ। ਬਸਪਾ ਨੇ 20 ਸੀਟਾਂ ਲਈਆਂ ਸਨ, ਜਿਨ੍ਹਾਂ ਵਿਚੋਂ ਅੱਧੇ ਤੋਂ ਵੱਧ ਸੀਟਾਂ ’ਤੇ ਅਕਾਲੀ ਦਲ ਨੇ ਆਪਣੇ ਹੀ ਬੰਦੇ ਬਸਪਾ ’ਚ ਸ਼ਾਮਲ ਕਰਵਾ ਕੇ ਉਨ੍ਹਾਂ ਨੂੰ ਟਿਕਟਾਂ ਦੇ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਬਸਪਾ ਦੇ ਕਈ ਪੁਰਾਣੇ ਆਗੂ ਸਾਡੀ ਪਾਰਟੀ ਵਿਚ ਸ਼ਾਮਲ ਹੋਏ ਹਨ ਜਿਨ੍ਹਾਂ ਦਾ ਉਹ ਸਵਾਗਤ ਕਰਦੇ ਹਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖਡ਼, ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਤੇ ਹੋਰਨਾਂ ਦਾ ਸਵਾਗਤ ਕਰਦਿਆ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਹ ਅਕਾਲੀ ਦਲ ਵਿਚ ਰਹਿ ਚੁੱਕੇ ਹਨ ਤੇ ਇਹ ਜਾਣ ਚੁੱਕੇ ਹਨ ਕਿ ਸੁਖਬੀਰ ਸਿੰਘ ਬਾਦਲ ਸਿਰੇ ਦਾ ਝੂਠਾ ਵਿਅਕਤੀ ਹੈ। ਕੈਪਟਨ ਬਾਰੇ ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਹਿੰਦੇ ਰਹੇ ਹਨ ਕਿ ਕੈਪਟਨ ਭਾਜਪਾ ਦੀ ਬੋਲੀ ਬੋਲ ਰਿਹਾ ਹੈ ਅਤੇ ਹੁਣ ਇਹ ਸਾਰਾ ਕੁਝ ਸਭ ਦੇ ਸਾਹਮਣੇ ਆ ਚੁੱਕਾ ਹੈ।
ਇਸ ਮੌਕੇ ਵਿਧਾਇਕ ਰਾਜਿੰਦਰ ਬੇਰੀ, ਸੁਸ਼ੀਲ ਕੁਮਾਰ ਰਿੰਕੂ, ਅਵਤਾਰ ਸਿੰਘ ਬਾਵਾ ਹੈਨਰੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਮਹਿੰਦਰ ਸਿੰਘ ਕੇਪੀ ਤੋਂ ਇਲਾਵਾ ਕਾਂਗਰਸ ਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਵੀ ਮੰਚ ’ਤੇ ਮੌਜੂਦ ਸਨ।

64 ਕਰੋਡ਼ ਦੇ ਸੁਸਾਇਟੀ ਕਰਜ਼ੇ ਮਾਫ਼ ਕਰਨ ਦਾ ਐਲਾਨ
ਮੁੱਖ ਮੰਤਰੀ ਚੰਨੀ ਨੇ ਇਸ ਮੌਕੇ ਐਲਾਨ ਕੀਤਾ ਕਿ ਸੂਬਾ ਵਾਸੀਆਂ ਦੇ ਸੁਸਾਇਟੀਆਂ ਕੋਲੋਂ ਲਏ ਹੋਏ ਕਰੀਬ 64 ਕਰੋਡ਼ ਰੁਪਏ ਦੇ ਕਰਜ਼ਿਆਂ ’ਤੇ ਕੈਬਨਿਟ ਮੀਟਿੰਗ ਦੌਰਾਨ ਲੀਕ ਫੇਰ ਕੇ ਮੁਆਫ਼ ਕਰ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਨੂੰ ਕਰਤਾਰਪੁਰ ਤੇ ਆਦਮਪੁਰ ਨੂੰ ਸਬ-ਡਵੀਜ਼ਨ ਦਾ ਦਰਜਾ ਦੇਣ ਐਲਾਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਇਹ ਕਹਿੰਦੇ ਹਨ ਕਿ ਉਹ ਸਿਰਫ ਐਲਾਨ ਹੀ ਕਰਦੇ ਹਨ ਪਰ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਕੀਤੇ ਗਏ ਐਲਾਨਾਂ ਨੂੰ ਅਮਲੀ ਤੌਰ ’ਤੇ ਲਾਗੂ ਵੀ ਕਰ ਦਿੱਤਾ ਹੈ। ਬਿਜਲੀ ਦੇ ਬਿੱਲ ਮਾਫ, ਪੈਟਰੋਲ ਤੇ ਡੀਜ਼ਲ ਤੋਂ ਜੀਐੱਸਟੀ ਘੱਟ ਕਰਨ, ਬਿਜਲੀ ਯੂਨਿਟ 3 ਰੁਪਏ ਕਰਨ, ਪਾਣੀ ਦੇ ਬਿੱਲ ਮੁਆਫ ਕਰਨ ਅਤੇ ਰੇਤੇ ਦੀ ਕੀਮਤ ਦਰਿਆ ’ਚੋਂ 5.50 ਰੁਪਏ ਵਰਗ ਫੁੱਟ ਕਰਨ ਦੇ ਐਲਾਨ ਅਮਲੀ ਤੌਰ ’ਤੇ ਲਾਗੂ ਹੋ ਚੁੱਕੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਬੂਟਾ ਮੰਡੀ ’ਚ ਨਵੇਂ ਬਣੇ ਡਾ. ਬੀਆਰ ਅੰਬੇਡਕਰ ਗਰਲਜ਼ ਕਾਲਜ ਦਾ ਉਦਘਾਟਨ ਕਰਨ ਤੋਂ ਇਲਾਵਾ 120 ਫੁੱਟੀ ਰੋਡੀ ’ਤੇ ਸ਼੍ਰੋਮਣੀ ਭਗਤ ਸਤਿਗੁਰੂ ਕਬੀਰ ਭਵਨ ਤੇ ਸਵੀਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਾ ਸੀ ਪਰ ਚੰਡੀਗਡ਼੍ਹ ’ਚ ਕੈਬਨਿਟ ਦੀ ਮੀਟਿੰਗ ਹੋਣ ਕਰਕੇ ਉਨ੍ਹਾਂ ਦੀ ਥਾਂ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਾਲਜ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖੇ। ਚੰਨੀ ਨੇ ਐਲਾਨ ਕੀਤਾ ਕਿ ਬਾਬਾ ਨਾਮਦੇਵ ਤੇ ਬਾਬਾ ਸੈਣ ਭਗਤ ਸਿੰਘ ਦੇ ਨਾਂ ’ਤੇ ਚੇਅਰਾਂ ਸਥਾਪਤ ਕੀਤੀਆਂ ਜਾਣਗੀਆਂ।
