ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਦੋਆਬੇ ਦੇ ਕਾਂਗਰਸੀ ਆਗੂ ਅਵਤਾਰ ਹੈਨਰੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ
1 min read
ਰਾਣਾ ਗੁਰਜੀਤ ਨੇ ਹੈਨਰੀ ਦੇ ਜਲੰਧਰ ਉੱਤਰੀ ਹਿੱਸੇ ਨੂੰ ਪੰਜਾਬ ‘ਚ ਨਸ਼ਾ ਸਮੱਗਲਿੰਗ ਦਾ ਜਨਕ ਦੱਸ ਕੇ ਇੱਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ। ਰਾਣਾ ਦਾ ਕਹਿਣਾ ਹੈ ਕਿ ਖਹਿਰਾ ਤੇ ਹੈਨਰੀ ਵਰਗੇ ਲੀਡਰਾਂ ਦੇ ਗਲਤ ਕੰਮਾਂ ਕਾਰਨ ਕਾਂਗਰਸ ਨੂੰ ਬਾਅਦ ‘ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਰਾਣਾ ਗੁਰਜੀਤ ਸਿੰਘ ਨੇ ਐਤਵਾਰ ਨੂੰ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਮਨੀ ਲਾਂਡਰਿੰਗ ਮਾਮਲੇ ‘ਚ ਪਟਿਆਲਾ ਜੇਲ੍ਹ ਵਿੱਚ ਬੰਦ ਸੁਖਪਾਲ ਸਿੰਘ ਖਹਿਰਾ ਦੀ ਟਿਕਟ ਰੱਦ ਕਰਨ ਦੀ ਮੰਗ ਕੀਤੀ ਸੀ।
ਰਾਣਾ ਗੁਰਜੀਤ ਨੇ ਸਾਬਕਾ ਮੰਤਰੀ ਅਵਤਾਰ ਹੈਨਰੀ ‘ਤੇ ਸਿੱਧਾ ਇਲਜ਼ਾਮ ਲਾਇਆ ਹੈ ਕਿ ਪੰਜਾਬ ‘ਚ ਨਸ਼ੇ ਦੀ ਸ਼ੁਰੂਆਤ ਜਲੰਧਰ ਉੱਤਰੀ ਖੇਤਰ ‘ਚ ਪੈਂਦੀ ਕਾਜ਼ੀ ਮੰਡੀ ਤੋਂ ਹੋਈ ਹੈ। ਕਾਜ਼ੀ ਮੰਡੀ ਲੰਬੇ ਸਮੇਂ ਤੋਂ ਨਸ਼ੇ ਦੀ ਮੰਡੀ ਬਣੀ ਹੋਈ ਹੈ ਜਿਸ ਕਾਰਨ ਹਜ਼ਾਰਾਂ ਨੌਜਵਾਨ ਬਰਬਾਦ ਹੋ ਰਹੇ ਹਨ। ਤੁਸੀਂ ਅਜਿਹੇ ਬਿਆਨ ਦੇ ਕੇ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ, ਦੇ ਜਵਾਬ ‘ਚ ਰਾਣਾ ਨੇ ਕਿਹਾ ਕਿ ਅਵਤਾਰ ਹੈਨਰੀ ਤਾਂ ਉਮੀਦਵਾਰ ਹੀ ਨਹੀਂ ਹੈ, ਉਸ ਦਾ ਪੁੱਤਰ ਬਾਵਾ ਹੈਨਰੀ ਚੋਣ ਹਾਰਨ ਵਾਲਾ ਹੈ। ਇਹ ਲੋਕ ਉਸ ਦੀ ਹਾਰ ਦਾ ਠੀਕਰਾ ਉਨ੍ਹਾਂ ਸਿਰ ਹੀ ਭੰਨਣਗੇ।
ਸੁਖਪਾਲ ਖਹਿਰਾ, ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਸਮੇਤ 6 ਆਗੂਆਂ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਸੀਨੀਅਰ ਕਾਂਗਰਸੀ ਆਗੂ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਵਿਚ ਸ਼ਾਮਲ ਕਰਾਰ ਦਿੰਦਿਆਂ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ। ਇਸ ਦੇ ਜਵਾਬ ‘ਚ ਹੁਣ ਰਾਣਾ ਨੇ ਵਿਰੋਧੀਆਂ ‘ਤੇ ਪਲਟਵਾਰ ਕੀਤਾ ਹੈ।
