ਕੱਚੇ ਕਾਮਿਆਂ ਨੂੰ PUNBUS ‘ਚ ਪੱਕਾ ਕਰਨਾ ਯੂਨੀਅਨ ਨੂੰ ਮਨਜ਼ੂਰ ਨਹੀਂ, ਫਿਰ ਦਿੱਤੀ ਹੜਤਾਲ ਦੀ ਧਮਕੀ
1 min read
ਬੀਤੇ ਦਿਨੀਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਕਰਨ ਵਾਲੇ ਰੋਡਵੇਜ਼ ਦੇ ਕੱਚੇ ਕਾਮਿਆਂ ਨੂੰ ਆਵਾਜਾਈ ਵਿਭਾਗ ਪਨਬਸ ‘ਚ ਪੱਕਾ ਕਰਨ ਦਾ ਆਫ਼ਰ ਪਨਬਸ ਯੂਨੀਅਨ ਨੂੰ ਨਾਗਵਾਰ ਗੁਜ਼ਰਿਆ ਹੈ। ਦੂਜੇ ਪਾਸੇ, ਕੰਟਰੈਕਟ ਮੁਲਾਜ਼ਮ ਖ਼ੁਦ ਪੰਜਾਬ ਰੋਡਵੇਜ਼ ‘ਚ ਪੱਕੇ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਅਧਿਕਾਰੀ ਉਨ੍ਹਾਂ ਨੂੰ ਤਰਕ ਦੇ ਕੇ ਪਨਬੱਸ ‘ਚ ਹੀ ਰੈਗੂਲਰ ਹੋ ਜਾਣ ਦਾ ਦਬਾਅ ਬਣਾ ਰਹੇ ਹਨ। ਦੱਸ ਦੇਈਏ ਕਿ ਪਨਬਸ ਇਕ ਗ਼ੈਰ-ਸਰਕਾਰੀ ਕੰਪਨੀ ਦੇ ਤੌਰ ‘ਤੇ ਕੰਮ ਕਰ ਰਹੀ ਹੈ ਜਿਸ ਵਿਚ ਪੰਜਾਬ ਰੋਡਵੇਜ਼ ਦੇ ਅਧਿਕਾਰੀ ਡਾਇਰੈਕਟਰ ਬਣਾਏ ਗਏ ਹਨ।ਪੰਜਾਬ ਰੋਡਵੇਜ਼ ਬੱਸ ਅਤੇ ਪੀਆਰਟੀਸੀ ਕੰਟ੍ਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਇਸ ਸੰਬੰਧੀ ਟਾਰਂਸਪੋਰਟ ਮੰਤਰੀ ਅਤੇ ਸਕੱਤਰ ਆਵਾਜੀ ਵਿਭਾਗ ਨਾਲ ਵੀ ਗੱਲਬਾਤ ਹੋ ਚੁੱਕੀ ਹੈ। ਸੋਮਵਾਰ ਨੂੰ ਇਕ ਵਾਰ ਫਿਰ ਬੈਠਕ ਰੱਖੀ ਗਈ ਹੈ। ਜੇਕਰ ਇਸ ਬੈਠਕ ‘ਚ ਕੰਟ੍ਰੈਕਟ ਮੁਲਾਜ਼ਮਾਂ ਨੂੰ ਪੰਜਾਬ ਰੋਡਵੇਜ਼ ‘ਚ ਰੈਗੂਲਰ ਕਰਨ ਦਾ ਫ਼ੈਸਲਾ ਨਹੀਂ ਹੁੰਦਾ ਹੈ ਤਾਂ ਫਿਰ ਮੰਗਲਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਣ-ਬੁੱਝ ਕੇ ਸਰਕਾਰੀ ਅਮਲਾ ਪੰਜਾਬ ਰੋਡਵੇਜ਼ ਨੂੰ ਖ਼ਤਮ ਕਰਨ ‘ਤੇ ਤੁਲਿਆ ਹੈ। ਪੰਜਾਬ ਰੋਡਵੇਜ਼ ਦੇ ਬੇੜੇ ‘ਚ ਸਿਰਫ਼ 300 ਪੁਰਾਣੀਆਂ ਬੱਸਾਂ ਹੀ ਬਚੀਆਂ ਹਨ। ਯੂਨੀਅਨ ਦੀ ਮੰਗ ਹੈ ਕਿ ਸਰਕਾਰੀ ਬੱਸਾਂ ਦੀ ਗਿਣਤੀ ਵਧਾ ਕੇ 10,000 ਕੀਤੀ ਜਾਵੇ ਤੇ ਪੰਜਾਬ ਰੋਡਵੇਜ਼ ‘ਚ ਹੀ ਕੱਚੇ ਕਾਮਿਆਂ ਨੂੰ ਪੱਕਾ ਕਰ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਈ ਵਿਭਾਗ ਤਿੰਨ ਸਾਲ ਤਕ ਕੰਟ੍ਰੈਕਟ ‘ਤੇ ਕੰਮ ਕਰ ਚੁੱਕੇ ਮੁਲਾਜ਼ਮਾਂ ਨੂੰ ਪੱਕਾ ਕਰ ਚੁੱਕੇ ਹਨ। ਇਸ ਸੰਬੰਧੀ ਟਰਾਂਸਪੋਰਟ ਮੰਤਰੀ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ। ਹੁਣ ਆਖਰੀ ਫ਼ੈਸਲੇ ਲਈ ਸੋਮਵਾਰ ਨੂੰ ਚੰਡੀਗੜ੍ਹ ‘ਚ ਬੈਠਕ ਹੋਵੇਗੀ। ਉਨ੍ਹਾਂ ਕਿਹਾ ਕਿ ਯੂਨੀਅਨ ਸਿਰਫ਼ ਕੁਝ ਮੰਗਾਂ ਹੀ ਸਰਕਾਰ ਦੇ ਸਾਹਮਣੇ ਰੱਖ ਰਹੀ ਹੈ ਕਿ ਕੰਟ੍ਰੈਕਟ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਸਰਕਾਰੀ ਬੇੜੇ ‘ਚ ਬੱਸਾਂ ਦੀ ਗਿਣਤੀ 10,000 ਕੀਤੀ ਜਾਵੇ। ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਨੀਤੀ ਲਾਗੂ ਕੀਤੀ ਜਾਵੇ ਤੇ ਮਾਮੂਲੀ ਕੇਸਾਂ ਨੂੰ ਆਧਾਰ ਬਣਾ ਕੇ ਨੌਕਰੀ ਤੋਂ ਹਟਾ ਦਿੱਤੇ ਗਏ ਮੁਲਾਜ਼ਮਾਂ ਨੂੰ ਵਾਪਸ ਨੌਕਰੀ ‘ਤੇ ਲਾਇਆ ਜਾਵੇ।
