ਖੇਤੀ ਕਾਨੂੰਨਾਂ ‘ਤੇ ਜਥੇਦਾਰ ਦਾ ਵੱਡਾ ਬਿਆਨ, ਕਿਹਾ; ਅੰਦੋਲਨ ਨੂੰ ਬਣਾਇਆ ਜਾ ਰਿਹਾ ਸੀ ਸਿੱਖ ਬਨਾਮ ਭਾਰਤ ਸਰਕਾਰ
1 min read
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਲਈ ਜੰਮ ਕੇ ਤਾਰੀਫ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੱਖਾਂ ਬਨਾਮ ਭਾਰਤ ਸਰਕਾਰ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕੁੱਝ ਧਿਰਾਂ ਦੀ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਨਾਲ ਨਾਕਾਮ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਖੁਸ਼ੀ ਵਾਲੀ ਗੱਲ ਹੈ। ਇਸਤੋਂ ਇਲਾਵਾ ਇਹ ਹੋਰ ਵੀ ਖੁਸ਼ੀ ਵਾਲੀ ਗੱਲ ਹੈ ਕਿ ਇਹ ਐਲਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਵਾਲੇ ਦਿਨ ਕੀਤਾ ਗਿਆ।
ਜਥੇਦਾਰ ਨੇ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਸੀ ਕਿ ਖੇਤੀ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕੁੱਝ ਧਿਰਾਂ ਅਜਿਹੀਆਂ ਵੀ ਸਨ, ਜਿਹੜੀਆਂ ਸਿੱਖ ਸੋਚ, ਸਿੱਖ ਨਿਸ਼ਾਨ, ਸਿੱਖ ਫਲਸਫੇ, ਸਿੱਖ ਇਤਿਹਾਸ ਅਤੇ ਸਿੱਖ ਭਾਵਨਾਵਾਂ ਨੂੰ ਦਰਕਿਨਾਰ ਕਰ ਰਹੀਆਂ ਸਨ।
ਇਸਤੋਂ ਇਲਾਵਾ ਕੁੱਝ ਧਿਰਾਂ ਅਜਿਹੀਆਂ ਵੀ ਸਨ, ਜਿਹੜੀਆਂ ਇਸ ਕਿਸਾਨੀ ਮਸਲੇ ਨੂੰ ਸਿੱਖ ਬਨਾਮ ਭਾਰਤ ਸਰਕਾਰ ਬਣਾ ਰਹੀਆਂ ਸਨ, ਇਥੋਂ ਤੱਕ ਕਿ ਸਿੱਖ ਬਨਾਮ ਹਿੰਦੂ ਬਣਾਉਣ ਦਾ ਵੀ ਕੋਝਾ ਯਤਨ ਕੀਤਾ ਗਿਆ, ਜਿਨ੍ਹਾਂ ਨਾਲ ਆਉਣ ਵਾਲੇ ਸਮੇਂ ਵਿੱਚ ਵੱਡੇ ਨੁਕਸਾਨ ਹੋ ਸਕਦੇ ਸਨ। ਪਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਕੇ ਇਨ੍ਹਾਂ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ‘ਤੇ ਪ੍ਰਧਾਨ ਮੰਤਰੀ ਦੀ ਜਿੰਨੀ ਵੀ ਤਾਰੀਫ ਹੋਵੇ ਘੱਟ ਹੈ। ਉਨ੍ਹਾਂ ਕਿਹਾ ਕਿ ਉਹ ਇਸ ਲਈ ਭਾਰਤ ਸਰਕਾਰ ਅਤੇ ਪੂਰੀ ਕੈਬਨਿਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।
