ਗ੍ਰਹਿ ਮੰਤਰਾਲੇ ਤੋਂ ਭਾਜਪਾ ਲੀਡਰਾਂ ਨੇ ਸੁਰੱਖਿਆ ਦੀ ਕੀਤੀ ਅਪੀਲ
1 min read

ਸੂਤਰਾਂ ਮੁਤਾਬਕ ਚੋਣ ਪ੍ਰਚਾਰ ਦੌਰਾਨ ਕੁਝ ਕੇਂਦਰੀ ਮੰਤਰੀਆਂ ਤੇ ਭਾਜਪਾ ਨੇਤਾਵਾਂ ਦਾ ਸੁਰੱਖਿਆ ਘੇਰਾ ਹੋਰ ਸਖ਼ਤ ਕੀਤਾ ਜਾਵੇਗਾ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਨੇਤਾਵਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ।ਇਸ ਤੋਂ ਇਲਾਵਾ ਕੇਂਦਰ ਸਰਕਾਰ ਕੌਮੀ ਸਵੈ-ਸੇਵਕ ਸੰਘ ਦੇ ਨੇਤਾਵਾਂ, ਭਾਜਪਾ ’ਚ ਸ਼ਾਮਲ ਹੋਏ ਦੂਸਰੀਆਂ ਪਾਰਟੀਆਂ ਦੇ ਨੇਤਾਵਾਂ ਤੇ ਧਾਰਮਿਕ ਸੰਗਠਨਾਂ ਨਾਲ ਜੁਡ਼ੇ ਲੋਕਾਂ ਨੂੰ ਵੀ ਵੀਆਈਪੀ ਸੁਰੱਖਿਆ ਦੇਣ ਦਾ ਫ਼ੈਸਲਾ ਕੀਤਾ ਹੈ।
ਆਈਐੱਸਆਈ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੀ ਆਡ਼ ’ਚ ਖ਼ਾਲਿਸਤਾਨੀ ਅੰਦੋਲਨ ਨੂੰ ਮੁਡ਼ ਤੋਂ ਹਵਾ ਦੇਣ ’ਚ ਸਰਗਰਮ ਹੈ। ਗਡ਼ਬਡ਼ੀ ਫੈਲਾਉਣ ਲਈ ਇਸ ਨੇ ਸਾਰੇ ਛੋਟੇ-ਵੱਡੇ ਅੱਤਵਾਦੀ ਸਮੂਹਾਂ ਨੂੰ ਸਰਗਰਮ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਆਈਐੱਸਆਈ ਨੇ ਵਿਦੇਸ਼ ’ਚ ਸਰਗਰਮ ਸਿੱਖ ਅੱਤਵਾਦੀ ਸਮੂਹਾਂ ਨੂੰ ਪੰਜਾਬ ’ਚ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਵਧਾਉਣ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐੱਸਵਾਈਐੱਫ), ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਵਰਗੇ ਸੰਗਠਨਾਂ ਨੂੰ ਖ਼ਾਸ ਨਿਰਦੇਸ਼ ਦਿੱਤੇ ਹਨ।

ਹਾਲ ਹੀ ’ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਦਿੱਲੀ ਤੇ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਨੂੰ ਵਾਈ ਸ਼੍ਰੇਣੀ ਤੋਂ ਵਧਾ ਕੇ ਜ਼ੈੱਡ ਕਰ ਦਿੱਤਾ ਗਿਆ ਹੈ। ਉਹ ਭਾਜਪਾ ਦੇ ਪੰਜਾਬ ਦੇ ਚੋਣ ਇੰਚਾਰਜ ਵੀ ਹਨ।
