ਚੰਡੀਗੜ੍ਹ ‘ਚ ਲੱਗੀਆਂ ਪਾਬੰਦੀਆਂ,
1 min read
ਕੋਰੋਨਾ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਸੰਭਲ ਜਾਓ ਵਰਨਾ ਦੁਬਾਰਾ ਲਾਕਡਾਊਨ ਦੀ ਨੌਬਤ ਆ ਜਾਵੇਗੀ। ਕਈ ਹਫਤਿਆਂ ਤੋਂ ਸੈਰ-ਸਪਾਟੇ ਵਾਲੀਆਂ ਥਾਵਾਂ ਤੇ ਬਾਜ਼ਾਰਾਂ ‘ਚ ਭੀੜ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਨੇ ਦੋ ਵੱਡੇ ਫੈਸਲੇ ਲਏ ਹਨ।
ਪ੍ਰਸ਼ਾਸਨ ਨੇ ਪਹਿਲਾ ਫ਼ੈਸਲਾ ਸੁਖਨਾ ਲੇਕ ਨੂੰ ਬੰਦ ਕਰਨ ਦਾ ਲਿਆ ਹੈ। ਸੁਖਨਾ ਲੇਕ ‘ਤੇ ਐਤਵਾਰ ਨੂੰ ਇਕੱਠੀ ਹੋਈ ਭੀੜ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸੁਖਨਾ ਲੇਕ ‘ਚ ਬੋਟਿੰਗ, ਮਨੋਰੰਜਨ ਪਾਰਕ ਸਮੇਤ ਸਾਰੀਆਂ ਗਤੀਵਿਧੀਆਂ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀਆਂ ਹਨ। ਐਤਵਾਰ ਨੂੰ ਲੇਕ ਪੂਰੀ ਤਰ੍ਹਾਂ ਬੰਦ ਰਹੇਗੀ। ਲੇਕ ਸਿਰਫ ਸੋਮਵਾਰ ਤੋਂ ਸ਼ਨਿੱਚਰਵਾਰ ਤਕ ਸੈਰ ਲਈ ਖੁੱਲ੍ਹੀ ਰਹੇਗੀ।
ਹਾਲਾਂਕਿ ਪ੍ਰਸ਼ਾਸਨ ਨੇ ਐਤਵਾਰ ਨੂੰ ਸੁਖਨਾ ਲੇਕ ਬੰਦ ਰੱਖਣ ਦਾ ਫੈਸਲਾ ਲਿਆ। ਇਸ ਦੇ ਨਾਲ ਹੀ ਬੋਟਿੰਗ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ, ਸ਼ਹਿਰ ਵਾਸੀ ਸੋਮਵਾਰ ਤੋਂ ਸ਼ਨਿਚਰਵਾਰ ਤਕ ਸਵੇਰ ਅਤੇ ਸ਼ਾਮ ਦੀ ਸੈਰ ਲਈ ਸੁਖਨਾ ਲੇਕ ਜਾ ਸਕਦੇ ਹਨ। ਪਰ ਕੋਰੋਨਾ ਨਿਯਮਾਂ ਦਾ ਖਿਆਲ ਰੱਖਣਾ ਪਵੇਗਾ। ਇਸ ਦੌਰਾਨ ਮਾਸਕ ਤੇ ਸਹੀ ਦੂਰੀ ਵਰਗੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਮੌਜੂਦ ਰਹੇਗੀ।
ਸਮਰੱਥਾ ਦੇ 50 ਫ਼ੀਸਦ ਗੈਸਟ ਨੂੰ ਹੀ ਐਂਟਰੀ, ਦੋਵੇਂ ਡੋਜ਼ ਜ਼ਰੂਰੀ
ਯੂਟੀ ਪ੍ਰਸ਼ਾਸਨ ਦੇ ਦੂਜੇ ਫੈਸਲੇ ਤਹਿਤ ਰੈਸਟੋਰੈਂਟਾਂ, ਹੋਟਲਾਂ, ਕੈਫੇ, ਕੌਫੀ ਸ਼ੌਪ, ਖਾਣ ਪੀਣ ਦੀਆਂ ਥਾਵਾਂ, ਮੈਰਿਜ ਪੈਲੇਸਾਂ, ਬੈਂਕੁਏਟ ਹਾਲਾਂ ‘ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ। ਹੁਣ ਇਹ ਸਿਰਫ 50 ਫੀਸਦੀ ਸਮਰੱਥਾ ਨਾਲ ਹੀ ਖੁੱਲ੍ਹ ਸਕਦੇ ਹਨ। ਸ਼ਰਤ ਇਹ ਹੈ ਕਿ ਸਿਰਫ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਬਾਲਗ ਵਿਅਕਤੀ ਜਾਂ ਦੋਵੇਂ ਖੁਰਾਕਾਂ ਵਾਲੇ ਜਾਂ ਜਿਨ੍ਹਾਂ ਦੀ ਦੂਜੀ ਖੁਰਾਕ ਦੀ ਨਿਯਤ ਮਿਤੀ ਆਉਣੀ ਬਾਕੀ ਹੈ, ਨੂੰ ਹੀ ਐਂਟਰੀ ਮਿਲੇਗੀ। ਅਜਿਹੇ ਲੋਕ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਇਕ ਵੀ ਖੁਰਾਕ ਨਹੀਂ ਲਈ ਅਤੇ ਉਹ ਲੋਕ ਜਿਨ੍ਹਾਂ ਦੀ ਦੂਜੀ ਖੁਰਾਕ ਦੀ ਮਿਤੀ ਲੰਘ ਗਈ ਹੈ, ਉਹ ਵੀ ਇਨ੍ਹਾਂ ਥਾਵਾਂ ‘ਤੇ ਨਹੀਂ ਜਾ ਸਕਦੇ ਹਨ। ਉਨ੍ਹਾਂ ਦੇ ਦਾਖਲੇ ‘ਤੇ ਪਾਬੰਦੀ ਹੋਵੇਗੀ। ਫਿਰ ਚਾਹੇ ਉਹ ਮੁਲਾਜ਼ਮ ਹੀ ਕਿਉਂ ਨਾ ਹੋਣ ਤਾਂ ਵੀ ਉਸ ਨੂੰ ਇਨ੍ਹਾਂ ਥਾਵਾਂ ‘ਤੇ ਦਾਖਲਾ ਨਹੀਂ ਮਿਲੇਗਾ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ-2005 ਤਹਿਤ ਧਾਰਾ-51, 60 ਅਤੇ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਐਡਵਾਈਜ਼ਰ ਧਰਮਪਾਲ ਨੇ ਇਹ ਹੁਕਮ ਜਾਰੀ ਕੀਤੇ ਹਨ।
ਜਿਮ, ਸਪਾ, ਫਿਟਨੈੱਸ ਸੈਂਟਰ ਹੋਣਗੇ ਬੰਦ
ਸਥਿਤੀ ਲਗਾਤਾਰ ਵਿਗੜ ਰਹੀ ਹੈ, ਅਗਲੇ ਇਕ-ਦੋ ਦਿਨਾਂ ‘ਚ ਸਿੱਧੇ ਸੰਪਰਕ ”ਚ ਆਉਣ ਵਾਲੇ ਕੰਮ ਬੰਦ ਹੋ ਸਕਦੇ ਹਨ। ਅਗਲੇ ਆਰਡਰ ਜਿੰਮ, ਸਪਾ, ਫਿਟਨੈਸ ਸੈਂਟਰ ਤੇ ਹੇਅਰ ਸੈਲੂਨ ਲਈ ਆ ਸਕਦੇ ਹਨ। ਇਸ ਤੋਂ ਪਹਿਲਾਂ ਵੀ ਇਹ ਸਭ ਤੋਂ ਲੰਬੇ ਸਮੇਂ ਲਈ ਬੰਦ ਰਹੇ ਸਨ।
