ਚੰਡੀਗੜ੍ਹ ਪੀਜੀਆਈ ਦੇ ਅੰਦਰ ਪਾਰਕ ‘ਚ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ, ਪ੍ਰਸ਼ਾਸਨ ‘ਤੇ ਮਰੀਜ਼ਾਂ ਦੀ ਦੇਖਭਾਲ ਨਾ ਕਰਨ ਦਾ ਦੋਸ਼
1 min read
ਮਹਿਲਾ ਨੇ ਬੁੱਧਵਾਰ ਰਾਤ ਪੀਜੀਆਈ ਦੇ ਇਕ ਪਾਰਕ ਵਿਚ ਬੱਚੇ ਨੂੰ ਜਨਮ ਦਿੱਤਾ। ਔਰਤ ਮਾਨਸਿਕ ਤੌਰ ‘ਤੇ ਬਿਮਾਰ ਹੈ। ਜਦੋਂ ਔਰਤ ਜਣੇਪੇ ਦੇ ਦਰਦ ਵਿਚ ਰੋ ਰਹੀ ਸੀ ਤਾਂ ਇਕ ਸੁਰੱਖਿਆ ਗਾਰਡ ਨੇ ਪੀਜੀਆਈ ਦੇ ਨਹਿਰੂ ਹਸਪਤਾਲ ਦੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਕੁਝ ਸਿਹਤ ਕਰਮਚਾਰੀ ਉੱਥੇ ਪਹੁੰਚ ਗਏ ਅਤੇ ਮਹਿਲਾ ਨੂੰ ਨਹਿਰੂ ਹਸਪਤਾਲ ਦੇ ਐੱਸਐੱਲਆਰ ਵਾਰਡ ‘ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਔਰਤ ਅਤੇ ਬੱਚੇ ਦੀ ਹਾਲਤ ਸਥਿਰ ਹੈ।
ਪੀਜੀਆਈ ਦੇ ਸੁਰੱਖਿਆ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਭਾਰਗਵ ਆਡੀਟੋਰੀਅਮ ਕੋਲ ਕੇ ਪਾਰਕ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਮਰੀਜ਼ ਦੇ ਪਰਿਵਾਰ ਨਾਲ ਇੱਥੇ ਆਈ ਸੀ। ਬੁੱਧਵਾਰ ਦੇਰ ਸ਼ਾਮ ਤੋਂ ਇਸ ਦੀ ਹਾਲਤ ਵਿਗੜ ਗਈ ਸੀ। ਰਾਤ ਕਰੀਬ 9.30 ਵਜੇ ਔਰਤ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਸੁਰੱਖਿਆ ਗਾਰਡ ਨੇ ਹਸਪਤਾਲ ਦੇ ਸਟਾਫ਼ ਨੂੰ ਇਲਾਜ ਲਈ ਬੁਲਾਇਆ।ਜਦੋਂ ਔਰਤ ਨੂੰ ਜਣੇਪੇ ਦਾ ਦਰਦ ਹੋ ਰਿਹਾ ਸੀ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਹੰਗਾਮਾ ਵੀ ਕੀਤਾ। ਲੋਕਾਂ ਨੇ ਪੀਜੀਆਈ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਇੱਥੇ ਮਰੀਜ਼ਾਂ ਦੀ ਦੇਖਭਾਲ ਨਹੀਂ ਕੀਤੀ ਜਾਂਦੀ। ਮਰੀਜ਼ਾਂ ਨੂੰ ਇਲਾਜ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਜੇਕਰ ਔਰਤ ਨੂੰ ਪੀਜੀਆਈ ਪ੍ਰਸ਼ਾਸਨ ਨੇ ਸਮੇਂ ਸਿਰ ਦਾਖ਼ਲ ਕਰਵਾਇਆ ਹੁੰਦਾ ਤਾਂ ਉਸ ਨੂੰ ਇਸ ਠੰਡ ਦੇ ਮੌਸਮ ਵਿਚ ਦੇਰ ਰਾਤ ਪਾਰਕ ਵਿਚ ਆਪਣੇ ਬੱਚੇ ਨੂੰ ਜਨਮ ਨਹੀਂ ਦੇਣਾ ਪੈਂਦਾ ਅਤੇ ਉਸ ਨੂੰ ਇਸ ਤਕਲੀਫ ਤੋਂ ਨਾ ਲੰਘਣਾ ਪੈਂਦਾ। ਇਸ ਦੇ ਨਾਲ ਹੀ ਜਦੋਂ ਹਸਪਤਾਲ ਪ੍ਰਸ਼ਾਸਨ ਤੋਂ ਇਸ ਔਰਤ ਦਾ ਨਾਂ ਅਤੇ ਪਤਾ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਇਹ ਔਰਤ ਪਹਿਲਾਂ ਕਦੇ ਵੀ ਇਲਾਜ ਲਈ ਪੀਜੀਆਈ ਦਾਖ਼ਲ ਨਹੀਂ ਹੋਈ।
