ਚੰਨੀ ਦੇ ਆਪਣੇ ਹਲਕੇ ਦੇ ਸਰਕਾਰੀ ਸਕੂਲ ਦੀ ਹਾਲਤ ਤਰਸਯੋਗ : ਸਿਸੋਦੀਆ
1 min read

ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਹਲਕੇ ਚਮਕੌਰ ਸਾਹਿਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਹੈ, ਲੱਗਦਾ ਨਹੀਂ ਕਿ ਉਨ੍ਹਾਂ ਸਕੂਲਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇ। ਇਹ ਪ੍ਰਗਟਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਪਿੰਡ ਮਕੜੌਨਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕਰਨ ਉਪਰੰਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸਿਸੋਦੀਆ ਨੇ ਕਿਹਾ ਕਿ ਚੰਨੀ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਉੱਥੋਂ ਦੇ ਪ੍ਰਾਇਮਰੀ ਸਰਕਾਰੀ ਸਮਾਰਟ ਸਕੂਲਾਂ ਦੀ ਲਿਸਟ ਮੰਗੀ ਸੀ ਜੋ ਅਸੀਂ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ। ਹੁਣ ਪੰਜਾਬ ਸਰਕਾਰ ਸਾਨੂੰ ਵੀ ਪੰਜਾਬ ਵਿੱਚ ਚੱਲ ਰਹੇ 250 ਦੇ ਕਰੀਬੀ ਪ੍ਰਾਇਮਰੀ ਸਮਾਰਟ ਸਕੂਲਾਂ ਦੀ ਲਿਸਟ ਦੇਵੇ ਜਿਥੇ ਉਨ੍ਹਾਂ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਹੋਣ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ ਤੇ ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਸਾਰੇ ਪ੍ਰਾਇਮਰੀ ਸਕੂਲਾਂ ਦਾ ਦੌਰਾ ਕਰਕੇ ਵੇਖਣਾ ਚਾਹੁੰਦਾ ਸੀ ਕਿ ਉਨ੍ਹਾਂ ਵਜ਼ਾਰਤ ਵਿੱਚ ਹੁੰਦੇ ਹੋਏ ਸਿੱਖਿਆ ਤੇ ਵਿਦਿਆਰਥੀਆਂ ਲਈ ਸਕੂਲਾਂ ਦਾ ਪ੍ਰਬੰਧ ਕਿਵੇਂ ਕੀਤਾ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਕੜੌਨਾ ਕਲਾਂ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਇੱਕੋ ਅਧਿਆਪਕਾ ਸਾਰੇ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਹੈ ਅਤੇ ਉਸ ਅਧਿਆਪਕਾ ਨੂੰ ਤਨਖਾਹ ਵੀ ਸਿਰਫ 6 ਹਜ਼ਾਰ ਰੁਪਏ ਹੀ ਮਿਲਦੀ ਹੈ। ਬੱਚਿਆਂ ਲਈ ਮਿਡ-ਡੇ-ਮੀਲ ਵਿੱਚ ਖਾਣਾ ਤਿਆਰ ਕਰਨ ਵਾਲੇ ਕਮਰਿਆਂ ਵਿੱਚ ਗੰਦਗੀ ਪਈ ਹੋਈ ਸੀ ਅਤੇ ਸਭ ਤੋਂ ਜ਼ਰੂਰੀ ਸਕੂਲ ਦੇ ਬਾਥਰੂਮ ਅਤੇ ਲੈਟਰੀਨਾਂ ਦਾ ਬਹੁਤ ਹੀ ਮਾੜਾ ਹਾਲ ਸੀ, ਜਦੋਂ ਕਿ ਮੁੱਖ ਮੰਤਰੀ ਚੰਨੀ ਵੱਡੇ-ਵੱਡੇ ਬਿਆਨ ਦੇ ਰਹੇ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ ਨੰਬਰ-1 ਹਨ ਪਰ ਹਾਲਾਤ ਇਹ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ ਰੱਬ ਆਸਰੇ ਹੀ ਚੱਲ ਰਹੇ ਹਨ। ਇਹ ਪੰਜਾਬ ਦੇ ਬੱਚਿਆਂ ਨਾਲ ਬਹੁਤ ਧੋਖਾ ਹੋ ਰਿਹਾ ਹੈ।
ਸਿੱਖਿਆ ਤੇ ਹੈਲਥ ਸਿਸਟਮ ਸੁਧਾਰਨਾ ਮੁੱਖ ਮਕਸਦ
ਇਸ ਮੌਕੇ ਅਧਿਆਪਕਾਂ ਨੇ ਆਪਣੀਆਂ ਮੁਸ਼ਕਿਲਾਂ ਸਬੰਧੀ ਵੀ ਸ੍ਰੀ ਸਿਸੋਦੀਆ ਨੂੰ ਜਾਣੂ ਕਰਵਾਇਆ। ਉਨ੍ਹਾਂ ਪੂਰੇ ਸਕੂਲ ਵਿੱਚ ਘੁੰਮ ਕੇ ਬੜੀ ਬਰੀਕੀ ਨਾਲ ਸਕੂਲ ਦਾ ਨਿਰੀਖਣ ਕੀਤਾ ਤੇ ਦਾਅਵਾ ਕੀਤਾ ਕਿ 2022 ਵਿੱਚ ਉਹ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣਗੇ ਅਤੇ ਉਨ੍ਹਾਂ ਦਾ ਮੁੱਖ ਮਕਸਦ ਸਿੱਖਿਆ ਅਤੇ ਹੈਲਥ ਨੂੰ ਲੈ ਕੇ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਕਿਸੇ ਪ੍ਰਾਇਵੇਟ ਸਕੂਲਾਂ ਨਾਲੋਂ ਘੱਟ ਨਹੀਂ ਹਨ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੰਜਾਬ ਵਿੱਚ ਪੰਜ ਸਾਲ ਮਿਲੇ ਸਨ ਪਰ ਉਨ੍ਹਾਂ ਨੇ ਪੰਜਾਬ ਲਈ ਕੀ ਕੀਤਾ ਹੈ? ਦਿੱਲੀ ਦੇ ਸਰਕਾਰੀ ਸਕੂਲਾਂ ਦਾ ਵੀ ਇਹ ਹੀ ਹਾਲ ਸੀ, ਪਰ ਜਦੋਂ ਦੀ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਬਣੀ ਹੈ, ਉਦੋਂ ਤੋਂ ਹੀ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ।
