ਜਗਰਾਉਂ ਚ ਪੁਲਿਸ ਪਾਰਟੀ ਤੇ ਚਲਾਈਆਂ ਗੋਲੀਆਂ, ਦੋ ASI ਦੀ ਮੌਤ
1 min read
ਜਗਰਾਉਂ ਦੀ ਦਾਣਾ ਮੰਡੀ ਵਿਚ ਪੁਲਿਸ ਤੇ ਕੁਝ ਅਣਪਛਾਤੇ ਵਿਅਕਤੀਆਂ ਵਿਚਾਲੇ ਹੋਈ ਝੜਪ ’ਚ ਚੱਲੀ ਗੋਲੀ ਦੌਰਾਨ ਏਐੱਸਆਈ ਰੈਂਕ ਦੇ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਹੋਮਗਾਰਡ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ।
ਐੱਸਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ’ਚ ਤਾਇਨਾਤ ਏਐੱਸਆਈ ਭਗਵਾਨ ਸਿੰਘ, ਏਐੱਸਆਈ ਦਲਵਿੰਦਰਜੀਤ ਸਿੰਘ ਤੇ ਇੱਕ ਹੋਮਗਾਰਡ ਜਵਾਨ ਰਾਜਵਿੰਦਰ ਸਿੰਘ ਸ਼ਹਿਰ ’ਚ ਕਾਰ ਵਿਚ ਘੁੰਮ ਰਹੇ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰ ਰਹੇ ਸਨ। ਜਦ ਉਹ ਨਵੀਂ ਦਾਣਾ ਮੰਡੀ ’ਚ ਪਹੁੰਚੇ ਤਾਂ ਸ਼ੱਕੀ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ।
ਇੱਕ ਗੋਲੀ ਏਐਸਆਈ ਭਗਵਾਨ ਸਿੰਘ ਦੇ ਸਿਰ ਵਿੱਚ ਲੱਗੀ ਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਦੂਸਰੀ ਗੋਲੀ ਏਐੱਸਆਈ ਦਲਵਿੰਦਰਜੀਤ ਸਿੰਘ ਨੂੰ ਲੱਗੀ। ਹੋਮਗਾਰਡ ਜਵਾਨ ਰਾਜਵਿੰਦਰ ਸਿੰਘ ਨੇ ਭੱਜ ਕੇ ਜਾਨ ਬਚਾਈ। ਗੰਭੀਰ ਰੂਪ ’ਚ ਜ਼ਖ਼ਮੀ ਏ.ਐੱਸ.ਆਈ. ਦਲਵਿੰਦਰਜੀਤ ਸਿੰਘ ਦੀ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਹੀ ਮੌਤ ਹੋ ਗਈ। ਰਾਜਵਿੰਦਰ ਸਿੰਘ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਕੋਲ ‘ਹੁੰਦਈ ਆਈ 10’ ਕਾਰ ਸੀ ਜਿਸ ਦਾ ਰੰਗ ਚਿੱਟਾ ਸੀ। ਇਸ ਦਾ ਨੰਬਰ 0673 ਹੀ ਪੜ੍ਹਿਆ ਗਿਆ ਹੈ। ਉਨ੍ਹਾਂ ਕੋਲ ਇੱਕ ਐਲਪੀ 1069 ਲਾਲ ਰੰਗ ਦਾ ਕੈਂਟਰ ਵੀ ਸੀ। ਉਹ ਪੁਲਿਸ ਮੁਲਾਜ਼ਮਾਂ ’ਤੇ ਫਾਇਰਿੰਗ ਕਰ ਕੇ ਫਰਾਰ ਹੋ ਗਏ। ਏਐੱਸਆਈ ਭਗਵਾਨ ਸਿੰਘ ਸ਼ਹਿਰ ਨੇੜਲੇ ਪਿੰਡ ਕੋਠੇ ਅੱਠ ਚੱਕ ਅਤੇ ਏ.ਐਸ.ਆਈ. ਦਲਵਿੰਦਰਜੀਤ ਸਿੰਘ ਉਰਫ਼ ਬੱਬੀ ਪੱਟੀ ਨੇੜਲੇ ਪਿੰਡ ਮਾਹਲ ਦਾ ਵਸਨੀਕ ਸੀ।