July 1, 2022

Aone Punjabi

Nidar, Nipakh, Nawi Soch

ਜਲੰਧਰ ‘ਚ ਖੋਲ੍ਹਿਆ ਚੋਣ ਦਫਤਰ, ਪੰਜਾਬ ਭਾਜਪਾ ਨੇ ਸ਼ੇਖਾਵਤ ਨੇ ਕਿਹਾ-ਪੰਜਾਬ ਦਾ ਖ਼ਜ਼ਾਨਾ ਕਿਵੇਂ ਝੱਲੇਗਾ ਲਾਰਿਆਂ ਦਾ ਭਾਰ

1 min read

 ਭਾਰਤੀ ਜਨਤਾ ਪਾਰਟੀ ਖੇਤੀ ਕਾਨੂੰਨ ਵਾਪਸ ਹੋਣ ਮਗਰੋਂ ਹੁਣ ਵਿਧਾਨ ਸਭਾ ਚੋਣਾਂ 2022 ਲਈ ਪੂਰੇ ਜੋਸ਼ ਵਿਚ ਨਜ਼ਰ ਆ ਰਹੀ ਹੈ। ਕਦੀ ਖ਼ੁਸ਼ਹਾਲੀ ਦਾ ਪ੍ਰਤੀਕ ਰਿਹਾ ਪੰਜਾਬ ਅੱਜ ਦੋ ਪਰਿਵਾਰਾਂ ਦੀਆਂ ਗਲਤ ਨੀਤੀਆਂ ਕਾਰਨ ਆਰਥਿਕ ਵੈਂਟੀਲੇਟਰ ਉੱਪਰ ਪਿਆ ਔਖੇ ਸਾਹ ਲੈ ਰਿਹਾ ਹੈ। ਪਿਛਲੇ ਕਈ ਦਹਾਕਿਆਂ ਦੌਰਾਨ ਦਿੱਲੀ ’ਚ ਬੈਠੇ ਗਾਂਧੀ ਅਤੇ ਪੰਜਾਬ ਵਿਚ ਬੈਠੇ ਬਾਦਲ ਪਰਿਵਾਰ ਦੀਆਂ ਆਪਹੁਦਰੀ ਨੀਤੀਆਂ ਕਾਰਨ ਅੱਜ ਦੇਸ਼ ਦਾ ਸਭ ਤੋਂ ਪੱਛਡ਼ਿਆ ਅਤੇ ਕਰਜ਼ਾਈ ਸੂਬਾ ਭਾਰਤੀ ਜਨਤਾ ਪਾਰਟੀ ਵੱਲ ਆਸ ਦੀਆਂ ਨਜ਼ਰਾਂ ਨਾਲ ਤੱਕ ਰਿਹਾ ਹੈ। ਇਹ ਗੱਲ ਕੇਂਦਰੀ ਜਲਸ਼ਕਤੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਭਾਜਪਾ ਦੇ ਸੂਬਾਈ ਚੋਣ ਦਫਤਰ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ 26 ਦਸੰਬਰ ਦਾ ਦਿਨ ਜਿੱਥੇ ਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਮਹਾਨ ਦਿਨ ਹੈ, ਜਿਸ ਤੋਂ ਸਾਨੂੰ ਆਪਣੀ ਧਾਰਮਿਕ ਆਜ਼ਾਦੀ ਅਤੇ ਭਾਈਚਾਰਕ ਸਾਂਝ ਨੂੰ ਬਹਾਲ ਰੱਖਣ ਲਈ ਹਰ ਕੁਰਬਾਨੀ ਕਰਨ ਦੀ ਪ੍ਰੇਰਨਾ ਮਿਲਦੀ ਹੈ, ਉੱਥੇ ਹੀ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਹੋਣ ਕਾਰਨ ਇਸ ਦਿਵਸ ਮੌਕੇ ਭਾਜਪਾ ਦੇ ਸੂਬਾ ਚੋਣ ਦਫਤਰ ਦਾ ਉਦਘਾਟਨ ਹੋਣ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ।

 ਸ਼ੇਖਾਵਤ ਨੇ ਕਿਹਾ ਕਿ 1981 ਵਿਚ ਪੰਜਾਬ ਖੁਸ਼ਹਾਲੀ ਦਾ ਰੋਲ ਮਾਡਲ ਸੀ, ਜਿਸ ਦੀ ਜੀਡੀਪੀ ਉਪਰਲੇ ਪਾਇਦਾਨ ’ਤੇ ਸੀ ਪਰ ਅਸੀਮ ਸੰਭਾਵਨਾਵਾਂ ਨਾਲ ਭਰਪੂਰ ਪੰਜਾਬ ਦੀ ਸੱਤਾ ਉੱਪਰ ਕਾਬਜ਼ ਰਹੇ ਉਪਰੋਕਤ ਦੋਵਾਂ ਗਾਂਧੀ ਅਤੇ ਬਾਦਲ ਪਰਿਵਾਰਾਂ ਦੀਆਂ ਸੌਡ਼ੇ ਪਰਿਵਾਰਕ ਹਿੱਤਾਂ ਤੋਂ ਪ੍ਰੇਰਿਤ ਨੀਤੀਆਂ ਕਾਰਨ ਸੂਬਾ ਹੇਠਾਂ ਨੂੰ ਸਰਕਦਾ ਹੋਇਆ 2001 ਵਿੱਚ ਚੌਥੇ ਅਤੇ 2021 ਤਕ ਦੇਸ਼ ਦੇ ਸਭ ਤੋਂ ਨੀਵੇਂ ਪਾਇਦਾਨ ਉੱਪਰ ਪੁੱਜ ਗਿਆ ਹੈ। ਪੰਜਾਬ ਦੀ ਹਾਲਤ ਏਨੀ ਪਤਲੀ ਅਤੇ ਚਿੰਤਾਜਨਕ ਹੋ ਚੁੱਕੀ ਹੈ ਕਿ ਸੂਬਾ 4 ਲੱਖ ਕਰੋਡ਼ ਰੁਪਏ ਦਾ ਕਰਜ਼ਾਈ ਹੈ ਅਤੇ ਇਸ ਦੇ ਕੁੱਲ ਮਾਲੀਆ ਆਮਦਨ ਦਾ ਇਕ ਤਿਹਾਈ ਹਿੱਸਾ ਸਿਰਫ ਵਿਆਜ ਅਦਾ ਕਰਨ ਵਿਚ ਹੀ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਦੀਵਾਲੀਆ ਪੰਜਾਬ ਦਾ ਖਜ਼ਾਨਾ ਕਿਵੇਂ ਝੂਠੇ ਲਾਰਿਆਂ ਦਾ ਭਾਰ ਝੱਲ ਸਕੇਗਾ।

ਕੇਂਦਰੀ ਮੰਤਰੀ ਸ਼ੇਖਾਵਤ ਨੇ ਪੰਜਾਬ ਵਿਚ ਚੋਣਾਂ ਤੋਂ ਐਨ ਪਹਿਲਾਂ ਹੀ ਬੇਅਦਬੀਆਂ ਦਾ ਦੌਰ ਸ਼ੁਰੂ ਹੋਣ ਉੱਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਮੁਫਤ ਸਹੂਲਤਾਂ ਦੇ ਸਬਜ਼ਬਾਗ ਦਿਖਾਉਣ ਵਾਲੀਆਂ ਕਾਂਗਰਸ, ਅਕਾਲੀ ਅਤੇ ਆਮ ਆਦਮੀ ਪਾਰਟੀ ਨੂੰ ਇਹ ਜ਼ਰੂਰ ਸਪੱਸ਼ਟ ਕਰਨਾ ਪਵੇਗਾ ਕਿ ਕਰਜ਼ੇ ਦੀ ਦਲਦਲ ਵਿਚ ਫਸੇ ਸੂਬੇ ਦੇ ਵਾਸੀਆਂ ਨੂੰ ਮੁਫਤ ਸਹੂਲਤਾਂ ਦੇਣ ਲਈ ਉਹ ਬਜਟ ਕਿੱਥੋਂ ਲਿਆਉਣਗੀਆਂ? ਕੀ ਕੁਝ ਨਵੇਂ ਟੈਕਸ ਲਗਾਏ ਜਾਣਗੇ? ਇਹ ਤਾਂ ਇੱਕ ਜੇਬ੍ਹ ਵਿਚੋਂ ਕੱਢ ਕੇ ਦੂਜੀ ਜੇਬ੍ਹ ਵਿਚ ਪਾਉਣ ਵਾਲੀ ਗੱਲ ਹੋਵੇਗੀ ਅਤੇ ਇਸ ਨਾਲ ਕੁਝ ਚੋਣਵੇਂ ਵਰਗਾਂ ਉੱਪਰ ਇਸ ਦਾ ਦੋਹਰਾ ਬੋਝ ਪੈ ਜਾਵੇਗਾ।

ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਾਸੀ ਅਕਾਲੀ ਅਤੇ ਕਾਂਗਰਸ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਨਵੇਂ ਬਦਲ ਦੀ ਤਲਾਸ਼ ਵਿਚ ਹਨ। ਇਨ੍ਹਾਂ ਵਿਚੋਂ ਇਕ ਧਿਰ ਆਪਣੀ ਦਿੱਲੀ ਅਤੇ ਪੰਜਾਬ ਲੀਡਰਸ਼ਿਪ ਦੇ ਹੰਕਾਰੀ ਵਤੀਰੇ, ਦੂਜੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਤੇ ਤੀਜੀ ਧਿਰ ਦਿੱਲੀ ਵਿਚ ਫੋਕੇ ਦਾਅਵਿਆਂ ਅਤੇ ਲਾਰਿਆਂ ਦੀ ਹਕੀਕਤ ਜੱਗ-ਜ਼ਾਹਰ ਹੋ ਜਾਣ ਕਾਰਨ ਸੂਬੇ ਦੀ ਜਨਤਾ ’ਚ ਆਪਣਾ ਵਿਸ਼ਵਾਸ ਗੁਆ ਚੁੱਕੀਆਂ ਹਨ। ਕੇਜਰੀਵਾਲ ਦੇ ਦਿੱਲੀ ਵਿਕਾਸ ਮਾਡਲ ਦੀ ਪੋਲ ਖੋਲ੍ਹਦਿਆਂ ਸ਼ੇਖਾਵਤ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਦੇ 13 ਹਜ਼ਾਰ ਕਰੋਡ਼ ਦੇ ਫੰਡ ਰੋਕ ਕੇ ਵਿਕਾਸ ਵਿਚ ਅਡ਼ਚਨ ਪਾਉਣ ਵਾਲੇ ਝੂਠੇ ਸੁਪਨੇ ਦਿਖਾ ਕੇ ਕੇਜਰੀਵਾਲ ਹੁਣ ਪੰਜਾਬ ਦੀ ਸੱਤਾ ਹਥਿਆਉਣਾ ਚਾਹੁੰਦੇ ਹਨ, ਜਦਕਿ ਨਿਰੋਲ ਕਿਸਾਨੀ ਹਿੱਤਾਂ ਦੇ ਦਮਗਜੇ ਮਾਰਨ ਵਾਲੀਆਂ ਕਿਸਾਨ ਯੂਨੀਅਨਾਂ ਵੱਲੋਂ ਵੀ ਯੂ-ਟਰਨ ਲੈਂਦੇ ਹੋਏ ਚੋਣਾਂ ਵਿਚ ਕੁੱਦਣਾ ਉਨ੍ਹਾਂ ਦੇ ਢੋਲ ਦੀ ਪੋਲ ਖੋਲ੍ਹਣ ਲਈ ਕਾਫੀ ਹੈ। ਇਸ ਦੇ ਨਾਲ ਹੀ ਪੰਜਾਬ ਦੀ ਨਿਘਰੀ ਕਾਨੂੰਨ ਵਿਵਸਥਾ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ ਅਤੇ ਭਾਈਚਾਰਕ ਸਾਂਝ ਨੂੰ ਦਰਪੇਸ਼ ਚੁਣੌਤੀਆਂ ਬਾਰੇ ਇਨ੍ਹਾਂ ਵਿਚੋਂ ਕਿਸੇ ਵੀ ਧਿਰ ਕੋਲ ਕੋਈ ਨੀਤੀ ਨਹੀਂ ਹੈ। ਇਸ ਲਈ ਪੰਜਾਬ ਵਾਸੀ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਸਰਕਾਰ ਹੱਥ ਪੰਜਾਬ ਦੀ ਸੱਤਾ ਸੌਂਪਣ ਲਈ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਹਨ।

Leave a Reply

Your email address will not be published. Required fields are marked *