ਜਿੰਨਾ ਜ਼ੋਰ ਸੀ ਸਾਰਾ ਲਾ ਤਾ, ਪੈਸਾ ਕਰਜ਼ਾ ਚੁੱਕ ਕੇ ਲਾ ਤਾ, ਵਿਕ ਗਏ ਟੱਕ ਜ਼ਮੀਨਾਂ ਦੇ, ਹੁਣ ਕਿਸਮਤ ਚੰਦਰੀ ਬੰਦ ਪਈ ਆ ਵਿੱਚ ਮਸ਼ੀਨਾਂ ਦੇ: ਚਰਨਜੀਤ ਸਿੰਘ ਚੰਨੀ
1 min read
ਜ਼ਿਲ੍ਹਾ ਬਰਨਾਲਾ ਦੇ ਰਾਖਵਾਂ ਹਲਕਾ ਭਦੌੜ ਤੋਂ ਚਰਨਜੀਤ ਸਿੰਘ ਚੰਨੀ ਨੇ ਖੁਦ ਚੋਣ ਲੜੀ ਹੈ। ਉਨ੍ਹਾਂ ਪਿਛਲੀ ਫੇਰੀ ਦੌਰਾਨ ਜਿੱਥੇ ਹਲਕੇ ਦੇ ਇੱਕ ਪਿੰਡ ਵਿੱਚ ਨੌਜਵਾਨਾਂ ਨਾਲ ਕ੍ਰਿਕਟ ਖੇਡੀ ਉੱਥੇ ਹੀ ਮੰਗਲਵਾਰ ਦੀ ਫੇਰੀ ਦੌਰਾਨ ਉਨ੍ਹਾਂ ਨੇ ਪਿੰਡ ਬੱਲੋਕੇ ਵਿਖੇ ਇਕ ਆਜੜੀ ਨੂੰ ਰੋਕ ਉਸ ਦੀ ਬੱਕਰੀ ਦਾ ਦੁੱਧ ਬੋਤਲ ਦੇ ਵਿੱਚ ਚੋਇਆ। ਭਦੌੜ ਦੇ ਨਿੱਜੀ ਪੈਲੇਸ ‘ਚ ਵਰਕਰਾਂ ਤੇ ਪੰਚਾਇਤਾਂ ਦੇ ਧੰਨਵਾਦ ਤੇ ਮਿਲਣੀ ਦੌਰਾਨ ਜਿਉਂ ਹੀ ਉਹ ਤਪਾ ਮੰਡੀ ਦੇ ਇਕ ਨਿੱਜੀ ਪੈਲੇਸ ‘ਚ ਪੁੱਜੇ ਤਾਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਉਨ੍ਹਾਂ ਇਕ ਗੀਤ ਗਾ ਕੇ ਦਿੱਤਾ- ਜਿੰਨਾ ਜ਼ੋਰ ਸੀ ਸਾਰਾ ਲਾ ਤਾ, ਪੈਸਾ ਕਰਜ਼ਾ ਚੁੱਕ ਕੇ ਲਾ ਤਾ, ਵਿਕ ਗਏ ਟੱਕ ਜ਼ਮੀਨਾਂ ਦੇ, ਹੁਣ ਕਿਸਮਤ ਚੰਦਰੀ ਬੰਦ ਪਈ ਆ ਵਿੱਚ ਮਸ਼ੀਨਾਂ ਦੇ। ਜਦੋਂ ਉਨ੍ਹਾਂ ਤੋਂ ਕਾਂਗਰਸ ਪਾਰਟੀ ਨੂੰ ਕਿੰਨੀਆਂ ਸੀਟਾਂ ਆਉਣਗੀਆਂ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ ਮੈਂ 10 ਤਰੀਕ ਨੂੰ ਮਸ਼ੀਨਾਂ ਨੂੰ ਪੁੱਛ ਕੇ ਦੱਸਾਂਗਾ ਕਿ ਕਾਂਗਰਸ ਨੂੰ ਕਿੰਨੀਆਂ ਸੀਟਾਂ ਆਉਣਗੀਆਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੱਕਰੀ ਨੂੰ ਚੋਣ ਅਤੇ ਕਿਸਮਤ ਬੰਦ ਮਸ਼ੀਨਾਂ ਵਾਲੇ ਗੀਤ ਦੀਆਂ ਦੋਵੇਂ ਵੀਡੀਓ ਹਲਕਾ ਭਦੌੜ ਦੇ ਲੋਕ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਹਨ।
