July 5, 2022

Aone Punjabi

Nidar, Nipakh, Nawi Soch

ਜੀਵਨ ਦਾ ਰਾਹ ਤਿਆਗ ਤੋਂ ਬਿਨਾਂ ਅਧੂਰਾ

1 min read

ਇਹ ਜਗਤ ਗ੍ਰਹਿਣ ਅਤੇ ਤਿਆਗ ਕਰਨ ਦਾ ਹੀ ਨਤੀਜਾ ਹੈ। ਇਹ ਦੋਵੇਂ ਇਕ-ਦੂਜੇ ਦੇ ਪੂਰਕ ਵੀ ਹਨ ਅਤੇ ਨਤੀਜਾ ਵੀ। ਤਿਆਗ ਦੇ ਬਿਨਾਂ ਜੀਵਨ ਇਕ ਕਦਮ ਵੀ ਅੱਗੇ ਨਹੀਂ ਵਧ ਸਕਦਾ ਕਿਉਂਕਿ ਇਕ ਸਾਹ ਲੈਣ ਲਈ ਵੀ ਪਹਿਲਾਂ ਸਾਹ ਛੱਡਣਾ ਪੈਂਦਾ ਹੈ। ਵੈਸੇ ਤਿਆਗ ਸਵਾਰਥ ਲਈ ਵੀ ਹੁੰਦਾ ਹੈ ਅਤੇ ਪਰਮਾਰਥ ਲਈ ਵੀ ਕਿਉਂਕਿ ਸਵਾਰਥ ਲਈ ਤਿਆਗ ਤਾਂ ਪਸ਼ੂ-ਪੰਛੀ ਵੀ ਕਰਦੇ ਹਨ। ਪਰਮਾਰਥ ਲਈ ਤਿਆਗ ਕਰਨ ਵਾਲੇ ਮਨੁੱਖ ਟਾਵੇਂ-ਟਾਵੇਂ ਹੀ ਹੁੰਦੇ ਹਨ। ਜੋ ਅਜਿਹਾ ਕਰਦੇ ਹਨ ਉਹ ਅਮਰ ਹੋ ਜਾਂਦੇ ਹਨ। ਸੱਚ ਦੀ ਰਾਖੀ ਕਰਨ ਲਈ ਦੇਸ਼ ਤੇ ਪਰਿਵਾਰ ਦਾ ਤਿਆਗ ਕਰਨ ਵਾਲੇ ਰਾਜਾ ਹਰੀਸ਼ਚੰਦਰ ਨੂੰ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣੀਆਂ ਅਸਥੀਆਂ ਦਾ ਵੀ ਤਿਆਗ ਕਰਨ ਵਾਲੇ ਮਹਾਰਿਸ਼ੀ ਦਧੀਚੀ ਨੂੰ ਭਲਾ ਕੌਣ ਭੁੱਲ ਸਕਦਾ ਹੈ? ਜੀਵਨ ਦਾ ਰਾਹ ਚਾਹੇ ਸੰਸਾਰਕ ਹੋਵੇ ਜਾਂ ਰੂਹਾਨੀਅਤ ਵਾਲਾ, ਉਹ ਤਿਆਗ ਦੇ ਬਿਨਾਂ ਮੁਕੰਮਲ ਨਹੀਂ ਹੋ ਸਕਦਾ। ਗੀਤਾ ਵਿਚ ਤਿਆਗ ਨੂੰ ਦੈਵੀ ਸੰਪਦਾ ਅਤੇ ਸ਼ਾਂਤੀ ਦਾ ਉਤਸਵ ਕਿਹਾ ਗਿਆ ਹੈ। ਨਿਸ਼ਕਾਮ ਕਰਮ ਦਾ ਬੀਜ ਤਿਆਗ ਵਿਚ ਹੀ ਪੁੰਗਰਦਾ ਹੈ। ਪੁਰਸ਼ਾਰਥ ਦੇ ਚਾਰੋਂ ਥੰਮ੍ਹ ਤਿਆਗ ਦੀ ਪਵਿੱਤਰ ਧਰਤੀ ’ਤੇ ਖੜ੍ਹੇ ਹਨ। ਸੰਨਿਆਸ ਤਾਂ ਤਿਆਗ ਦਾ ਹੀ ਬਦਲਵਾਂ ਰੂਪ ਹੈ। ਪੁਰਸ਼ਾਰਥ ਦੀ ਸਿੱਧੀ ਵੀ ਤਿਆਗ ਤੋਂ ਬਿਨਾਂ ਸੰਭਵ ਨਹੀਂ। ਜੇਕਰ ਰਾਜ-ਭਾਗ ਦਾ ਤਿਆਗ ਨਾ ਕੀਤਾ ਹੁੰਦਾ ਤਾਂ ਸਿਧਾਰਥ ਕਦੇ ਮਹਾਤਮਾ ਬੁੱਧ ਨਹੀਂ ਸੀ ਬਣ ਸਕਦੇ। ਦੇਸ਼ ਦੇ ਭਲੇ ਲਈ ਆਪਣੇ ਸੁੱਖਾਂ ਦਾ ਤਿਆਗ ਕਰਨ ਕਾਰਨ ਹੀ ਗਾਂਧੀ ਜੀ ਰਾਸ਼ਟਰ ਪਿਤਾ ਅਖਵਾਏ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਦੇ ਤਿਆਗ ਨੂੰ ਭਲਾ ਕੌਣ ਮਾਪ ਸਕਦਾ ਹੈ? ਉਨ੍ਹਾਂ ਅਮਰ ਸ਼ਹੀਦਾਂ ਦਾ ਕਰਜ਼ਾ ਕੌਣ ਤਾਰਨ ਦੀ ਸਮਰੱਥਾ ਰੱਖਦਾ ਹੈ ਜਿਨ੍ਹਾਂ ਨੇ ਦੇਸ਼ ਦੀ ਰਾਖੀ ਲਈ ਜਾਨ ਵਾਰ ਦਿੱਤੀ। ਆਤਮ-ਸੁੱਖ ਦਾ ਤਿਆਗ ਕੀਤੇ ਬਿਨਾਂ ਕੋਈ ਲੋਕ ਹਿੱਤ ਨਹੀਂ ਹੁੰਦਾ ਅਤੇ ਲੋਕ ਹਿੱਤ ਤੋਂ ਬਿਨਾਂ ਕੋਈ ਤਿਆਗ ਨਹੀਂ ਹੋ ਸਕਦਾ। ਤਿਆਗ ਆਤਮਿਕ ਸੁੱਖ ਵੀ ਹੈ ਅਤੇ ਸਮਾਜ ਦਾ ਉਦਾਰ ਕਰਨ ਵਾਲਾ ਵੀ। ਤਿਆਗ ਵਿਚ ਉਹ ਖ਼ਾਸੀਅਤ ਹੈ ਕਿ ਮਨੁੱਖ ਆਪਣੇ ਔਗੁਣਾਂ ਦਾ ਤਿਆਗ ਕਰ ਕੇ ਆਪਣੇ ਜੀਵਨ ਨੂੰ ਸ੍ਰੇਸ਼ਠ ਬਣਾ ਸਕਦਾ ਹੈ। ਅਸਲ ਵਿਚ ਤਿਆਗ ਹੀ ਜੀਵਨ ਦਾ ਮੰਗਲਮਈ ਰਸਤਾ ਹੈ। ਇਸੇ ਰਸਤੇ ’ਤੇ ਚੱਲ ਕੇ ਜੀਵਨ ਨੂੰ ਮਿਸਾਲੀ ਬਣਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *