ਜੇਲ੍ਹ ਵਾਰਡਨ ਚਲਾ ਰਿਹਾ ਸੀ ਕੈਦੀਆਂ ਨਾਲ ਮਿਲ ਕੇ ਜੇਲ੍ਹ ‘ਚ ਨਸ਼ੇ ਦਾ ਨੈੱਟਵਰਕ
1 min read
ਕੇਂਦਰੀ ਜੇਲ੍ਹ ਬਠਿੰਡਾ ਇਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਕੇਂਦਰੀ ਜੇਲ੍ਹ ਬਠਿੰਡਾ ‘ਚ ਤਾਇਨਾਤ ਇਕ ਜੇਲ੍ਹ ਵਾਰਡਨ ਜੇਲ੍ਹ ‘ਚ ਬੰਦ ਕੁਝ ਕੈਦੀਆਂ ਨਾਲ ਮਿਲ ਕੇ ਜੇਲ੍ਹ ਅੰਦਰ ਨਸ਼ਿਆਂ ਦਾ ਨੈੱਟਵਰਕ ਚਲਾ ਰਿਹਾ ਸੀ, ਉੱਥੇ ਹੀ ਬਾਹਰੋਂ ਨਸ਼ਾ ਲਿਆ ਕੇ ਜੇਲ੍ਹ ਦੇ ਅੰਦਰ ਹੀ ਤਸਕਰੀ ਕਰ ਰਿਹਾ ਸੀ। ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸ਼ੱਕ ਦੇ ਆਧਾਰ ‘ਤੇ ਮੁਲਜ਼ਮ ਜੇਲ੍ਹ ਵਾਰਡਨ ‘ਤੇ ਨਜ਼ਰ ਰੱਖੀ ਗਈ ਤੇ ਉਸ ਨੂੰ 3 ਜਨਵਰੀ ਨੂੰ 15 ਗ੍ਰਾਮ ਹੈਰੋਇਨ (ਚਿੱਟੇ) ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਿਸ ਪੁੱਛਗਿੱਛ ਦੌਰਾਨ ਜੇਲ੍ਹ ਵਾਰਡਨ ਨੇ ਦੱਸਿਆ ਕਿ ਉਸ ਦੇ ਨਾਲ ਜੇਲ੍ਹ ‘ਚ ਬੰਦ ਅੱਧੀ ਦਰਜਨ ਕੈਦੀ ਵੀ ਨਸ਼ਾ ਤਸਕਰੀ ‘ਚ ਸ਼ਾਮਲ ਹਨ, ਜੋ ਉਸ ਦੀ ਮਦਦ ਨਾਲ ਜੇਲ੍ਹ ਦੇ ਬਾਹਰੋਂ ਨਸ਼ਾ ਲਿਆ ਕੇ ਕੈਦੀਆਂ ਤੇ ਹਵਾਲਾਤੀਆਂ ਨੂੰ ਵੇਚਦੇ ਹਨ। ਇਸ ਪੂਰੇ ਮਾਮਲੇ ‘ਚ ਥਾਣਾ ਸਦਰ ਦੀ ਪੁਲਿਸ ਨੇ ਕੇਂਦਰੀ ਜੇਲ੍ਹ ਬਠਿੰਡਾ ਦੇ ਸੀਨੀਅਰ ਸੁਪਰਡੈਂਟ ਦੀ ਸ਼ਿਕਾਇਤ ‘ਤੇ ਦੋਸ਼ੀ ਜੇਲ੍ਹ ਵਾਰਡਨ ਨੂੰ ਗ੍ਰਿਫਤਾਰ ਕਰ ਕੇ ਜੇਲ ‘ਚ ਬੰਦ ਕਰ ਦਿੱਤਾ ਜਦਕਿ 5 ਕੈਦੀਆਂ ਸਮੇਤ ਕੁੱਲ 7 ਲੋਕਾਂ ਖਿਲਾਫ ਐਨਡੀਪੀਐਸ ਐਕਟ ਤੇ ਜੇਲ੍ਹ ‘ਚ ਮੁਕੱਦਮਾ ਦਰਜ ਕੀਤਾ ਗਿਆ। ਮੁਨੈਅਰ ਐਕਟ ਤਹਿਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮਾਮਲੇ ‘ਚ ਨਾਮਜ਼ਦ ਕੈਦੀਆਂ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਉਹ ਜੇਲ੍ਹ ‘ਚ ਨਸ਼ੇ ਦਾ ਨੈੱਟਵਰਕ ਕਿੰਨੇ ਸਮੇਂ ਤੋਂ ਚਲਾ ਰਹੇ ਸਨ।
