ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ ਮੁਕਾਬਲੇ ’ਚ ਪੰਜਾਬ ਦਾ ਲਾਂਸ ਨਾਇਕ ਜਸਵੀਰ ਸਿੰਘ ਸ਼ਹੀਦ,
1 min read
ਦੱਖਣੀ ਕਸ਼ਮੀਰ ਦੇ ਨੌਗਾਓਂ ਦੇ ਵੇਰੀਨਾਗ ਖੇਤਰ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਬੁੱਧਵਾਰ ਦੀ ਸ਼ਾਮ ਜ਼ਖ਼ਮੀ ਹੋਏ ਭਾਰਤੀ ਸੈਨਾ ਦਾ ਲਾਂਸ ਨਾਇਕ ਜਸਵੀਰ ਸਿੰਘ ਨੇ ਸ਼ਹਾਦਤ ਦਾ ਜਾਮ ਪੀ ਲਿਆ ਹੈ। ਖਡੂਰ ਸਾਹਿਬ ਦੇ ਪਿੰਡ ਵੇਈਪੁਈ ਦੇ ਰਹਿਣ ਵਾਲੇ ਜਸਵੀਰ ਸਿੰਘ 19 ਰਾਸ਼ਟਰੀ ਰਾਈਫਲਜ਼ ’ਚ ਲਾਂਸ ਨਾਇਕ ਸਨ। ਜਿਸ ਮੁਕਾਬਲੇ ’ਚ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਦੀ ਜਾਨ ਗਈ, ਉਸ ’ਚ ਕੁੱਲ ਛੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਲਾਂਸ ਨਾਇਕ ਜਸਵੀਰ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਵੇਈਪੁਈ ’ਚ ਸੋਗ ਦੀ ਲਹਿਰ ਦੌੜ ਗਈ। ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸ਼ਹੀਦ ਲਾਂਸ ਨਾਇਕ ਜਸਵੀਰ ਸਿੰਘ ਦੀ ਸ਼ਹਾਦਤ ’ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।
ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ ਗਹਿਰੇ ਸਦਮੇ ‘ਚ
ਖਡੂਰ ਸਾਹਿਬ ਦੇ ਪਿੰਡ ਵੇਈਪੁਈ ਦੇ ਵਸਨੀਕ ਕਿਸਾਨ ਗੁਰਭੇਜ ਸਿੰਘ ਦੇ ਵੱਡੇ ਪੁੱਤਰ ਜਸਵੀਰ ਸਿੰਘ ਦਾ ਜਨਮ 25 ਫਰਵਰੀ 1995 ਨੂੰ ਹੋਇਆ ਸੀ। 28 ਦਸੰਬਰ 2014 ਨੂੰ ਫੌਜ ਵਿੱਚ ਭਰਤੀ ਹੋਇਆ ਜਸਵੀਰ ਸਿੰਘ ਡੇਢ ਮਹੀਨਾ ਪਹਿਲਾਂ ਦੋ ਹਫ਼ਤਿਆਂ ਦੀ ਛੁੱਟੀ ’ਤੇ ਘਰ ਆਇਆ ਸੀ। ਪੁੱਤਰ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਸੁਖਵਿੰਦਰ ਕੌਰ ਡੂੰਘੇ ਸਦਮੇ ਵਿੱਚ ਹੈ। ਪਿਤਾ ਗੁਰਭੇਜ ਸਿੰਘ ਦੇ ਵੀ ਹੋਸ਼ ਉੱਡ ਗਏ ਹਨ। ਉਹ ਪ੍ਰੀਤਮ ਦੇ ਸਿਰ ਬੰਨ੍ਹਿਆ ਸਿਹਰਾ ਦੇਖਣਾ ਚਾਹੁੰਦੇ ਸਨ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
