ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਸਨਾ ਅਤੇ ਉਪ ਚੇਅਰਮੈਨ ਪੀਆਰ ਨੈਨ ਨੂੰ ਪੁੱਛਗਿੱਛ ਲਈ ਸੰਮਨ ਜਾਰੀ
1 min read

ਡੇਰਾ ਸਿਰਸਾ ਦੀ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਵਿਪਸਨਾ ਇੰਸਾਂ ਅਤੇ ਉਪ ਚੇਅਰਮੈਨ ਪੀਆਰ ਨੈਨ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ 26 ਨਵੰਬਰ ਨੂੰ ਤਲਬ ਕੀਤਾ ਗਿਆ ਸੀ ਪਰ ਉਨਾਂ ਨੇ ਮੈਡੀਕਲ ਰਿਪੋਰਟ ਭੇਜ ਦਿੱਤੀ, ਖੁਦ ਪੇਸ਼ ਨਾ ਹੋਏ ਤਾਂ ਐੱਸਆਈਟੀ ਨੇ ਉਕਤਾਨ ਨੂੰ ਪੁੱਛਗਿੱਛ ਲਈ 3 ਦਸੰਬਰ ਨੂੰ ਹਾਜ਼ਰ ਹੋਣ ਸਬੰਧੀ ਸੰਮਨ ਭੇਜੇ ਹਨ। ਪਹਿਲਾਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਐੱਸਆਈਟੀ ਵੱਲੋਂ ਡੇਰਾ ਮੁਖੀ ਨਾਲ ਕੀਤੇ ਸਵਾਲ-ਜਵਾਬ ਦੀ ਸੂਚੀ ਲੀਕ ਹੋਣ ਦਾ ਡੇਰੇ ਦੀ ਚੇਅਰਪਰਸਨ ਵਿਪਾਸਨਾ ਅਤੇ ਉਪ ਚੇਅਰਮੈਨ ਪੀਆਰ ਨੈਨ ਨੂੰ ਫਾਇਦਾ ਹੋਣਾ ਸੁਭਾਵਿਕ ਹੈ।
ਡੇਰਾ ਮੁਖੀ ਨਾਲ ਹੋਈ ਗੱਲਬਾਤ ਬਾਰੇ ਡੂੰਘਾਈ ਨਾਲ ਪੜ੍ਹ ਕੇ ਉਕਤ ਦੋਵਾਂ ਨੂੰ ਫਾਇਦਾ ਜ਼ਰੂਰ ਮਿਲੇਗਾ, ਕਿਉਂਕਿ ਹੁਣ ਉਨ੍ਹਾਂ ਨੂੰ ਐੱਸਆਈਟੀ ਵਲੋਂ ਪੁੱਛੇ ਜਾਣ ਵਾਲੇ ਸਵਾਲਾਂ ਦਾ ਜਵਾਬ ਦੇਣਾ ਸੌਖਾ ਹੋ ਜਾਵੇਗਾਐੱਸਆਈਟੀ ਦੀ ਲੀਕ ਹੋਈ ਸੂਚੀ ਮੁਤਾਬਿਕ ਡੇਰਾ ਮੁਖੀ ਨੇ ਜਿਆਦਾਤਰ ਸਵਾਲਾਂ ਦਾ ਜਵਾਬ ਦਿੰਦਿਆਂ ਇਹੀ ਕਿਹਾ ਕਿ ਇਸ ਬਾਰੇ ਡੇਰੇ ਦੀ ਮੈਨੇਜਮੈਂਟ ਕਮੇਟੀ ਹੀ ਦੱਸ ਸਕਦੀ ਹੈ। ਡੇਰਾ ਮੁਖੀ ਨੇ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ ਗਏ ਤਿੰਨ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰਾਂ ਬਾਰੇ ਵੀ ਹੈਰਾਨੀਜਨਕ ਜਵਾਬ ਦਿੰਦਿਆਂ ਆਖਿਆ ਕਿ ਉਹ ਤਾਂ ਉਕਤ ਤਿੰਨੋਂ ਡੇਰਾ ਪੇ੍ਮੀਆਂ ਨੂੰ ਕਦੇ ਮਿਲਿਆ ਨਹੀਂ ਤੇ ਨਾ ਹੀ ਉਨ੍ਹਾਂ ਨੂੰ ਉਹ ਜਾਣਦਾ ਹੈ।ਸੰਪਰਕ ਕਰਨ ’ਤੇ ਐੱਸਆਈਟੀ ਦੇ ਮੁਖੀ ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਉਕਤਾਨ ਚੇਅਰਪਰਸਨ ਅਤੇ ਉਪ ਚੇਅਰਮੈਨ ਤੋਂ 3 ਦਸੰਬਰ ਦਿਨ ਸ਼ੁੱਕਰਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸੂਚੀ ਦੀਆਂ ਕਾਪੀਆਂ ਡੇਰਾ ਮੁਖੀ ਅਤੇ ਜੇਲ੍ਹ ਸੁਪਰਡੈਂਟ ਨੂੰ ਵੀ ਦਿੱਤੀਆਂ ਗਈਆਂ ਸਨ। ਕਿੱਥੋਂ ਸੂਚੀ ਲੀਕ ਹੋਈ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੂਚੀ ਲੀਕ ਹੋਣ ਨਾਲ ਜਾਂਚ ਪ੍ਰਭਾਵਿਤ ਨਹੀਂ ਹੋਵੇਗੀ।