ਡੱਬਵਾਲੀ ਟਰਾਂਸਪੋਰਟ ਵੱਲੋਂ ਵਿਭਾਗ ਖ਼ਿਲਾਫ਼ ਰਿੱਟ ਦਾਇਰ, PRTC ਦੇ ਟਾਈਮ ਟੇਬਲ ’ਚ ਨਿਯਮਾਂ ਦੇ ਉਲੰਘਣ ਦਾ ਦੋਸ਼
1 min read
ਬਾਦਲ ਪਰਿਵਾਰ ਦੀ ਡੱਬਵਾਲੀ ਟਰਾਂਸਪੋਰਟ ਕੰਪਨੀ ਨੇ ਪੀਆਰਟੀਸੀ ਦੇ ਟਾਇਮ ਟੇਬਲ ਵਿਚ ਨਿਯਮਾਂ ਦਾ ਉਲੰਘਣ ਹੋਣ ਦਾ ਹਵਾਲਾ ਦੇ ਕੇ ਟਰਾਂਸਪੋਰਟ ਵਿਭਾਗ ਵਿਰੁੱਧ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਹੈ।
ਜਾਣਕਾਰੀ ਅਨੁਸਾਰ ਟਰਾਂਸਪੋਰਟ ਵਿਭਾਗ ਵੱਲੋਂ ਬਠਿੰਡਾ ’ਚ ਬੱਸਾਂ ਦੇ ਰੂਟਾਂ ਲਈ ਟਾਇਮ ਟੇਬਲ ਬਣਾਏ ਹਨ। ਡੱਬਵਾਲੀ ਟਰਾਂਸਪੋਰਟ ਕੰਪਨੀ ਨੇ ਹਾਈ ਕੋਰਟ ਵਿਚ ਰਿੱਟ ਦਾਇਰ ਕਰਕੇ ਦੋਸ਼ ਲਾਏ ਹਨ ਕਿ ਨਿਯਮਾਂ ਅਨੁਸਾਰ ਟਾਇਮ ਟੇਬਲ ਬਣਾਉਣ ਸਮੇਂ ਜ਼ਰੂਰੀ ਹੁੰਦਾ ਹੈ ਕਿ ਸਰਟੀਫਿਕੇਟ ’ਤੇ ਰੂਟ ਦੇ ਪਰਮਿਟ ਨੰਬਰ ਦੇ ਨਾਲ-ਨਾਲ ਸਬੰਧਤ ਬੱਸ ਦਾ ਨੰਬਰ ਵੀ ਜ਼ਰੂਰ ਪਾਇਆ ਜਾਵੇ, ਪ੍ਰੰਤੂ ਵਿਭਾਗ ਵੱਲੋਂ ਬਣਾਏ ਗਏ ਟਾਈਮ ਟੇਬਲ ਵਿਚ ਸਬੰਧਤ ਬੱਸਾਂ ਦੇ ਨੰਬਰ ਨਹੀਂ ਪਾਏ ਗਏ। ਇਸ ਤੋਂ ਇਲਾਵਾ ਹਾਈ ਕੋਰਟ ਦਾ ਹੀ ਆਦੇਸ਼ ਹੈ ਕਿ ਜਿਹੜੀ ਬੱਸ ਦਾ ਟੈਕਸ ਨਹੀਂ ਭਰਿਆ ਹੁੰਦਾ, ਉਸ ਦਾ ਨਾਂ ਟਾਇਮ ਟੇਬਲ ਵਿਚ ਨਾ ਹੀ ਰੱਖਿਆ ਜਾਵੇ। ਪਰ ਇਥੇ ਇਨ੍ਹਾਂ ਆਦੇਸ਼ਾਂ ਦੀ ਵੀ ਉਲੰਘਣਾ ਹੋਈ ਹੈ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਬੱਸ ਕੰਪਨੀਆਂ ਹਨ ਜਿਨ੍ਹਾਂ ਵੱਲ ਟੈਕਸਾਂ ਦੇ ਕਰੋੜਾਂ ਰੁਪਏ ਬਕਾਇਆ ਹਨ। ਇਨ੍ਹਾਂ ’ਚ ਸਭ ਤੋਂ ਵੱਡੀ ਬੱਸ ਕੰਪਨੀ ਪੀਆਰਟੀਸੀ ਹੈ ਜਿਸ ਵੱਲ ਟੈਕਸ ਦੇ ਕਰੀਬ 290 ਕਰੋੜ ਰੁਪਏ ਬਕਾਇਆ ਹਨ। ਇਸ ਤਰ੍ਹਾਂ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਕੀਤੀ ਹੈ ਬਲਕਿ ਹਾਈ ਕੋਰਟ ਦੇ ਆਦੇਸ਼ ਵੀ ਨਹੀਂ ਮੰਨੇ ਗਏ।

ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਮੈਨੇਜਰ ਤੇਜਿੰਦਰ ਸਿੰਘ ਮਾਸ਼ਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਿੱਟ ਦਰਜ ਕਰਕੇ ਸੁਣਵਾਈ ਲਈ 10 ਦਸੰਬਰ ਦੀ ਤਰੀਕ ਨਿਰਧਾਰਤ ਕੀਤੀ ਹੈ। ਜਿਸ ਵਿਚ ਟਰਾਂਸਪੋਰਟ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਤੇ ਆਰਟੀਏ ਨੂੰ ਨੋਟਿਸ ਵੀ ਭੇਜਿਆ ਗਿਆ ਹੈ। ਦੂਜੇ ਪਾਸੇ ਆਰਟੀਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਨਿਯਮਾਂ ਦੀ ਜਾਣਕਾਰੀ ਘੱਟ ਸੀ। ਪਤਾ ਲੱਗਣ ’ਤੇ ਬਣਾਏ ਗਏ ਟਾਇਮ ਟੇਬਲ ਰੱਦ ਕਰ ਦਿੱਤੇ ਹਨ। ਹੁਣ ਨਵੇਂ ਟਾਇਮ ਟੇਬਲ ਬਣਾਉਣ ਸਮੇਂ ਨਿਯਮਾਂ ਤੇ ਕਾਨੂੰਨ ਦਾ ਖਿਆਲ ਰੱਖਿਆ ਜਾਵੇਗਾ।