ਤਾਲਿਬਾਨੀ ਸਜ਼ਾ ਦੇ ਹੱਕ ‘ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ,
1 min read
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਲੋਕਾਂ ਦੇ ਸਾਹਮਣੇ ਫਾਂਸੀ ਦੇਣ ਦੀ ਵਕਾਲਤ ਕੀਤੀ ਹੈ। ਐਤਵਾਰ ਨੂੰ ਮਾਲੇਰਕੋਟਲਾ ਦੀ ਅਨਾਜ ਮੰਡੀ ਵਿਖੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਸਮਰਥਨ ਵਿੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਗੀਤਾ, ਕੁਰਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਬਾਹਰ ਲਿਆ ਕੇ ਫਾਂਸੀ ਦਿੱਤੀ ਜਾਵੇ। ਉਸ ਨੂੰ ਸੰਵਿਧਾਨ ਦੀ ਸਭ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਇਹ ਬੇਈਮਾਨੀ ਦੀ ਗਲਤੀ ਨਹੀਂ ਸਗੋਂ ਇਕ ਕੌਮ ਨੂੰ ਡੋਬਣ ਦੀ ਸਾਜ਼ਿਸ਼ ਹੈ। ਸਾਡੀਆਂ ਜੜ੍ਹਾਂ ‘ਚ ਘੁਣ ਲਗਾਉਣ ਦੀ ਕੋਸ਼ਿਸ਼ ਹੈ। ਪੰਜਾਬੀ ਇਸ ਨੂੰ ਕਦੀ ਕਾਮਯਾਬ ਨਹੀਂ ਹੋਣ ਦਿਆਂਗੇ ਜੋ ਪੰਜਾਬੀਆਂ ਨਾਲ ਟਕਰਾਏਗਾ, ਉਹ ਚੂਰ-ਚੂਰ ਹੋ ਜਾਵੇਗਾ।
ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ‘ਚ ਸਾਜ਼ਿਸ਼ ਘੜੀ ਜਾ ਰਹੀ ਹੈ। ਆਪਸੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀਅਤ ‘ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧੂ ਨੇ ਕਿਹਾ ਕਿ ਰਾਜਨੀਤੀ ਏਨੀ ਗੰਦੀ ਹੋ ਗਈ ਹੈ, ਮੈਲੀ ਹੋ ਗਈ ਹੈ, ਸਿਆਸਤ ਏਨੀ ਸਵਾਰਥੀ ਹੋ ਗਈ ਹੈ ਕਿ ਲੋਕ ਵੋਟਾਂ ਦੀ ਸਿਆਸਤ ਲਈ ਗੁਰੂ ਦੀ ਬੇਅਦਬੀ ਕਰਵਾ ਸਕਦੇ ਹਨ ਜੋ ਸ੍ਰੀ ਦਰਬਾਰ ਸਾਹਿਬ ‘ਚ ਹੋਇਆ ਹੈ, ਉਹ ਕਿਸੀ ਮਸਜਿਦ ਜਾਂ ਮੰਦਰ ‘ਚ ਵੀ ਹੋ ਸਕਦਾ ਹੈ।
ਪੰਜਾਬ ‘ਚ ਜਾਂ ਤਾਂ ਰੇਤ ਮਾਫੀਆ ਹੋਵੇਗਾ ਜਾਂ ਸਿੱਧੂ
ਸਿੱਧੂ ਨੇ ਕਿਹਾ ਕਿ ਉਹ ਪੰਜਾਬ ‘ਚੋਂ ਰੇਤ ਮਾਫੀਆ, ਕੇਬਲ ਮਾਫੀਆ, ਸ਼ਰਾਬ ਮਾਫੀਆ, ਲੈਂਡ ਮਾਫੀਆ ਦਾ ਖਾਤਮਾ ਕਰਦੇ ਰਹਿਣਗੇ। ਪੰਜਾਬ ‘ਚ ਜਾਂ ਤਾਂ ਮਾਫੀਆ ਹੋਵੇਗਾ ਜਾਂ ਨਵਜੋਤ ਸਿੰਘ ਸਿੱਧੂ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚੋਂ ਮਾਫੀਆ ਦਾ ਖਾਤਮਾ ਕਰ ਕੇ ਖ਼ਜ਼ਾਨਾ ਭਰ ਕੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣਗੇ। ਸਿੱਧੂ ਪੰਜਾਬ ਨੂੰ ਕਦੇ ਵੀ ਪਿੱਠ ਨਹੀਂ ਦਿਖਾਉਣਗੇ। ਸਿੱਧੂ ਨੇ ਕਿਹਾ ਕਿ ਮਾਫੀਆ ਦੀ ਜੇਬ ‘ਚ ਜਾਣ ਵਾਲੇ 40 ਹਜ਼ਾਰ ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ‘ਚ ਪਾਏ ਜਾਣਗੇ ਜਿਸ ਕਾਰਨ ਮਾਲੇਰਕੋਟਲਾ ‘ਚ ਅਗਲੇ ਛੇ ਮਹੀਨਿਆਂ ‘ਚ ਮੈਡੀਕਲ ਕਾਲਜ ਸਥਾਪਿਤ ਹੋ ਜਾਵੇਗਾ। ਮਾਲੇਰਕੋਟਲਾ ਜ਼ਿਲ੍ਹਾ ਬਣਾਇਆ ਗਿਆ ਹੈ ਪਰ ਇਸ ਦੇ ਵਿਸਥਾਰ ਲਈ ਜਲਦੀ ਹੀ ਬੁਨਿਆਦੀ ਢਾਂਚਾ ਤਿਆਰ ਕਰ ਲਿਆ ਜਾਵੇਗਾ।
