ਦਰਦਨਾਕ ਹਾਦਸੇ ‘ਚ ਸਵਿਫਟ ਸਵਾਰ ਬੱਚੇ ਸਮੇਤ ਤਿੰਨ ਦੀ ਮੌਤ
1 min read
ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-89 ‘ਚ ਐਤਵਾਰ ਸ਼ਾਮ ਨੂੰ ਗੈਸ ਸਿਲੰਡਰਾਂ ਨਾਲ ਭਰੀ ਪਿਕਅੱਪ ਗੱਡੀ ਦੀ ਟੀਆਰਜੀਵੀ ਨਾਲ ਟੱਕਰ ਹੋਣ ਕਾਰਨ ਸਵਿਫਟ ਕਾਰ ‘ਚ ਸਵਾਰ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਸੋਹਾਣਾ ਦੇ ਗੁਰੂ ਹਰਕ੍ਰਿਸ਼ਨ ਆਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਅਨੁਜ ਬਾਂਸਲ ਡਰਾਈਵਰ (28), ਕੀਰਤੀ ਗੁਪਤਾ (30) ਅਤੇ 6 ਸਾਲਾ ਨਿਵਾਂਸ਼ ਗੁਪਤਾ ਵਜੋਂ ਹੋਈ ਹੈ। ਜਦਕਿ ਜ਼ਖਮੀਆਂ ‘ਚ ਊਸ਼ਾ ਦੇਵੀ, ਅਨੰਨਿਆ ਗੁਪਤਾ ਅਤੇ ਰਾਜ ਰਾਣੀ ਸ਼ਾਮਲ ਹਨ, ਇਹ ਸਾਰੇ ਆਈਸੀਯੂ ‘ਚ ਦਾਖਲ ਹਨ।
ਜਾਂਚ ਅਧਿਕਾਰੀ ਸੰਜੇ ਕੁਮਾਰ ਨੇ ਦੱਸਿਆ ਕਿ ਅਨੁਜ ਬਾਂਸਲ ਆਪਣੇ ਰਿਸ਼ਤੇਦਾਰਾਂ ਨਾਲ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਤੋਂ ਆਪਣੇ ਰਿਸ਼ਤੇਦਾਰੀ ਵਿੱਚ ਭੋਗ ਸਮਾਗਮ ਲਈ ਸੈਕਟਰ-94 ਮੁਹਾਲੀ ਆ ਰਿਹਾ ਸੀ। ਜਦੋਂ ਉਹ ਸੈਕਟਰ-89 ਭਾਗੋ ਮਾਜਰਾ ਦੇ ਚੌਰਾਹੇ ਨੇੜੇ ਪਹੁੰਚਿਆ ਤਾਂ ਦੂਜੇ ਪਾਸੇ ਤੋਂ ਆ ਰਹੇ ਗੈਸ ਸਿਲੰਡਰਾਂ ਨਾਲ ਭਰੇ ਪਿਕਅੱਪ ਟਰੱਕ ਨੇ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਗੱਡੀ ਸੜਕ ਦੇ ਵਿਚਕਾਰ ਹੀ ਪਲਟ ਗਈ ਅਤੇ ਸਵਿਫਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਕਟਰ ਮਸ਼ੀਨ ਨਾਲ ਕਾਰ ਦੇ ਸ਼ੀਸ਼ੇ ਕੱਟ ਕੇ ਕਾਰ ਵਿਚ ਸਵਾਰ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਕਿਉਂਕਿ ਹਾਦਸੇ ਤੋਂ ਬਾਅਦ ਕਾਰ ਦੇ ਦਰਵਾਜ਼ਿਆਂ ਦੇ ਤਾਲੇ ਬੰਦ ਹੋ ਗਏ ਸਨ। ਜ਼ਖਮੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ‘ਚ ਲਿਜਾਇਆ ਗਿਆ। ਕੀਰਤੀ ਗੁਪਤਾ ਅਤੇ ਉਸ ਦੇ ਪੁੱਤਰ ਨਵਾਜ਼ ਗੁਪਤਾ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਅਨੁਜ ਬਾਂਸਲ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ।
ਤੇਜ਼ ਰਫਤਾਰ ਕਾਰ ਗੁਆ ਬੈਠੀ ਕੰਟਰੋਲ, ਸੜਕ ‘ਤੇ ਖੜ੍ਹੇ ਲੋਕਾਂ ਦੇ ਉੱਡੇ ਚੀਥੜੇ, ਭਿਆਨਕ CCTV ਆਈ ਸਾਹਮਣੇ
ਉਨ੍ਹਾਂ ਦੱਸਿਆ ਕਿ ਪਿਕਅੱਪ ਗੱਡੀ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਪਰ ਉਸ ਦੇ ਕਿਸੇ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਸਬੰਧੀ ਪੁਲੀਸ ਕੋਲ ਕੋਈ ਸੂਚਨਾ ਨਹੀਂ ਪੁੱਜੀ।ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
