ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਪਿੰਡ ਪਪਰਾਲੀ ਵਿਖੇ ਸਰ੍ਹੋਂ ਦੇ ਲਹਿਰਾਉਂਦੇ ਖੇਤਾਂ ਵਿਚ ਬੈਠ ਕੇ ਮੱਕੀ ਦੀ ਰੋਟੀ ਤੇ ਸਾਗ ਦਾ ਸਵਾਦ ਲਿਆ
1 min read
![Arvind Kejriwal Photos [HD]: Latest Images, Pictures, Stills of Arvind Kejriwal - Oneindia](https://i0.wp.com/www.oneindia.com/img/2018/09/arvind-kejriwal-1536555407.jpg?resize=640%2C480&ssl=1)
ਅਰਵਿੰਦ ਕੇਜਰੀਵਾਲ ਕੁਰਾਲੀ-ਰੂਪਨਗਰ ਬਾਈਪਾਸ ’ਤੇ ਪੈਂਦੇ ਪਿੰਡ ਪਪਰਾਲੀ ਵਿਖੇ ਇਕ ਕਿਸਾਨ ਦੀ ਮੋਟਰ ’ਤੇ ਪੁੱਜੇ। ਦੱਸਿਆ ਜਾਂਦਾ ਹੈ ਕਿ ਇਥੇ ਪਹਿਲਾਂ ਹੀ ਕਈ ਕਿਸਾਨ ਤੇ ਲੋਕ ਮੌਜੂਦ ਸਨ ਅਤੇ ਕਿਸਾਨਾਂ ਤੇ ਵਲੰਟੀਅਰਜ਼ ਨੇ ਕੇਜਰੀਵਾਲ, ਭਗਵੰਤ ਮਾਨ ਸਣੇ ਹੋਰਨਾਂ ਲਈ ਮੱਕੀ ਦੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਸੀ। ਇੱਥੇ ਕਿਸਾਨਾਂ ਨੇ ਕੇਜਰੀਵਾਲ ਨੂੰ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਨਾ ਦੇਣ ਦੀ ਗੱਲ ਦੱਸੀ। ਕੇਜਰੀਵਾਲ ਨੇ ਕਿਸਾਨਾਂ ਨੂੰ ਬਦਲਾਅ ਲਿਆਉਣ ਲਈ ‘ਆਪ’ ਦੀ ਮਦਦ ਕਰਨ ਦੀ ਅਪੀਲ ਕੀਤੀ।
ਇਕ ਕਿਸਾਨ ਨੇ ਕੇਜਰੀਵਾਲ ਨੂੰ ਦਿੱਲੀ ’ਚ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਮਦਦ ਕਰਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਲੀ ਵਿਚ ਧਰਨੇ ’ਤੇ ਬੈਠੇ ਸਨ ਤਾਂ ਪਹਿਲਾਂ ‘ਆਪ’ ਦੀ ਸਰਕਾਰ ਮਦਦ ਲਈ ਅੱਗੇ ਆਈ ਸੀ। ਇਕ ਹੋਰ ਕਿਸਾਨ ਨੇ ਭਗਵੰਤ ਮਾਨ ਦੇ ਹਵਾਲੇ ਨਾਲ ਦੱਸਿਆ ਕਿ ‘ਆਪ’ ਨੂੰ ਰੋਕਣ ਲਈ ਰਵਾਇਤੀ ਪਾਰਟੀਆਂ ਦੇ ਆਗੂ ਮਿਲੇ ਹੋਏ ਹਨ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਸਰਕਾਰ ਬਣਨ ’ਤੇ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਖੇਤੀ ਨੀਤੀਆਂ ਵਿਚ ਬਦਲਾਅ ਵੀ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਮੰਜੇ ’ਤੇ ਬੈਠ ਕੇ ਰੋਟੀ ਖਾਧੀ ਤੇ ਬਾਅਦ ਵਿਚ ਚਾਹ ਵੀ ਪੀਤੀ।
