ਪਟਿਆਲਾ ਕਿਸੇ ਪਾਰਟੀ ਜਾਂ ਵਿਅਕਤੀ ਦਾ ਨਹੀਂ ਲੋਕਾਂ ਦਾ ਗੜ੍ਹ ਹੈ : ਹਰੀਸ਼ ਚੌਧਰੀ
1 min read
ਪਟਿਆਲਾ ਕਿਸੇ ਪਾਰਟੀ ਜਾਂ ਕਿਸੇ ਵਿਅਕਤੀ ਦਾ ਨਹੀਂ ਸਗੋਂ ਲੋਕਾਂ ਦਾ ਗੜ੍ਹ ਹੈ। ਇਹ ਗੱਲ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਪਟਿਆਲਾ ਵਿਖੇ ਵਰਕਰਾਂ ਤੇ ਆਗੂਆਂ ਨਾਲ ਪਲੇਠੀ ਮੀਟਿੰਗ ਤੋਂ ਪਹਿਲਾਂ ਕਹੀ। ਚੌਧਰੀ ਨੇ ਕਿਹਾ ਕਿ ਅੱਜ ਦੀ ਬੈਠਕ ਦਾ ਮਕਸਦ ਸਿਰਫ਼ ਆਗੂਆਂ ਤੇ ਵਰਕਰਾਂ ਦੀ ਗੱਲ ਸੁਣਨਾ ਹੈ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਪੰਜਾਬ ਦੇ ਹਰ ਜ਼ਿਲੇ ਵਿਚ ਜਾ ਕੇ ਲੋਕਾਂ ਦੀ ਗੱਲ ਸੁਣਨਾ ਹੀ ਉਨ੍ਹਾਂ ਦਾ ਏਜੰਡਾ ਹੈ। ਹਰੀਸ਼ ਚੌਧਰੀ ਅੱਜ ਪਟਿਆਲਾ ਦੇ ਸਰਕਟ ਹਾਊਸ ਵਿਖੇ ਕਾਂਗਰਸੀ ਵਿਧਾਇਕਾਂ ਚੇਅਰਮੈਨ ਬਲਾਕ ਸੰਮਤੀ ਮੈਂਬਰ ਹੋਰ ਆਗੂਆਂ ਤੇ ਵਰਕਰਾਂ ਨਾਲ ਪਲੇਠੀ ਮੀਟਿੰਗ ਕਰਨ ਪੁੱਜੇ ਹਨ। ਦੁਪਹਿਰ ਬਾਰਾਂ ਵਜੇ ਤੱਕ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਇਸ ਮੀਟਿੰਗ ਵਿੱਚ ਨਾ ਪੁੱਜਣ ਦੇ ਸਵਾਲ ਤੇ ਚੌਧਰੀ ਨੇ ਕਿਹਾ ਕਿ ਪਾਰਟੀ ਵੱਲੋਂ ਹਰ ਆਗੂ ਤੇ ਵਰਕਰ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਪਟਿਆਲਾ ਕਾਂਗਰਸ ਵਿੱਚ ਫੇਰਬਦਲ ਸਬੰਧੀ ਸਵਾਲ ਦੇ ਜਵਾਬ ਵਿਚ ਹਰੀਸ਼ ਚੌਧਰੀ ਨੇ ਕਿਹਾ ਕਿ ਅੱਜ ਦਾ ਏਜੰਡਾ ਸਿਰਫ ਵਰਕਰਾਂ ਦੀ ਗੱਲ ਸੁਣਨਾ ਹੈ ਇਸ ਤੋਂ ਇਲਾਵਾ ਹੋਰ ਕੋਈ ਇਹ ਮੁੱਦਾ ਹੀ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪਟਿਆਲਾ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੱਲੋਂ ਇੱਥੇ ਐਤਵਾਰ ਨੂੰ ਪਲੇਠੀ ਮੀਟਿੰਗ ਕੀਤੀ ਗਈ ਹੈ। ਹਾਲਾਂਕਿ ਇਸ ਮੀਟਿੰਗ ਤੋਂ ਪਹਿਲਾਂ ਹੀ ਸ਼ਹਿਰ ਦੇ ਮੇਅਰ ਸਮੇਤ ਹੋਰ ਅਹੁਦਿਆਂ ਤੇ ਫੇਰਬਦਲ ਦੀ ਚਰਚਾ ਛਿੜੀ ਹੋਈ ਹੈ ਅਤੇ ਕਈ ਕੌਂਸਲਰਾਂ ਵੱਲੋਂ ਮੇਅਰ ਬਦਲਣ ਤੱਕ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ।
ਇਸ ਮੌਜੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪਾਰਟੀ ਦਾ ਮਿਸ਼ਨ 2022 ਹੈ ਤੇ ਇਸੇ ਤਹਿਤ ਹੀ ਅੱਜ ਇਹ ਮੀਟਿੰਗ ਕੀਤੀ ਜਾ ਰਹੀ ਹੈ ਵੇਰਕਾ ਨੇ ਕਿਹਾ ਕਿ ਅੱਜ ਪਟਿਆਲਾ ਦੇ ਇਕ ਇੱਕ ਵਰਕਰ ਦੀ ਹਰ ਗੱਲ ਸੁਣੀ ਜਾਵੇਗੀ ਅਤੇ ਦੇਰ ਰਾਤ ਤਕ ਸਰਕਟ ਹਾਊਸ ਵਿਚ ਹੀ ਰਹਿਣਗੇ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾ ਪੁੱਜਣ ਸਬੰਧੀ ਵੇਰਕਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੀ ਅਗਵਾਈ ਕੁਲਜੀਤ ਨਾਗਰਾ ਵੱਲੋਂ ਕੀਤੀ ਜਾ ਰਹੀ ਹੈ।
