ਪਟਿਆਲਾ ਹਾਈਵੇ ‘ਤੇ ਦਿਸੀ Navjot Singh Sidhu ਦੀ ਦਰਿਆਦਿਲੀ, ਹਾਦਸੇ ‘ਚ ਜ਼ਖ਼ਮੀ ਨੌਜਵਾਨ ਨੂੰ ਪਹੁੰਚਾਇਆ ਹਸਪਤਾਲ
1 min read
ਪੰਜਾਬ ਸਰਕਾਰ ‘ਤੇ ਆਪਣੇ ਤਿੱਖੇ ਹਮਲਿਆਂ ਕਾਰਨ ਅਕਸਰ ਸੁਰਖੀਆਂ ‘ਚ ਰਹਿਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਹਾਲ ‘ਚ ਦੂਸਰਾ ਪੱਖ ਵੀ ਸਾਹਮਣੇ ਆਇਆ ਹੈ। ਮੌਕਾ ਮਿਲਣ ‘ਤੇ ਉਹ ਲੋੜਵੰਦਾਂ ਦੀ ਮਦਦ ਲਈ ਵੀ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਦੀ ਇਕ ਉਦਾਹਰਨ ਮੰਗਲਵਾਰ ਨੂੰ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਉਹ ਚੰਡੀਗੜ੍ਹ ਤੋਂ ਪਟਿਆਲਾ ਵਾਪਸ ਆ ਰਹੇ ਸਨ। ਰਸਤੇ ‘ਚ ਧਰੇੜੀ ਜੱਟਾਂ ਬਹਾਦੁਰਗੜ੍ਹ ਟੋਲ ਪਲਾਜ਼ਾ ਨੇੜੇ ਕਾਰ ਸਵਾਰ ਨੌਜਵਾਨ ਅਮਨਜੋਤ ਹਾਦਸੇ ‘ਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਤੁਰੰਤ ਮੈਡੀਕਲ ਮਦਦ ਦੀ ਲੋੜ ਸੀ। ਸਿੱਧੂ ਉੱਥੋਂ ਲੰਘ ਰਹੇ ਸਨ। ਉਨ੍ਹਾਂ ਜ਼ਰੂਰਤ ਪੈਣ ‘ਤੇ ਦਰਿਆਦਿਲੀ ਦਿਖਾਉਂਦੇ ਹੋਏ ਜ਼ਖ਼ਮੀ ਅਮਨਜੋਤ ਨੂੰ ਚੁੱਕ ਕੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ ਤੇ ਉਸਦੀ ਜਾਨ ਬਚਾਈ।
ਘਟਨਾ ਮੰਗਲਵਾਰ ਰਾਤ ਸਾਢੇ 10 ਵਜੇ ਦੀ ਹੈ ਜਦੋਂ ਟੋਲ ਪਲਾਜ਼ਾ ਨੇੜੇ ਹਾਦਸਾਗ੍ਰਸਤ ਕਾਰ ਨੇੜੇ ਭੀੜ ਦੇਖ ਕੇ ਸਿੱਧੂ ਨੇ ਗੱਡੀ ਰੋਕ ਲਈ ਤੇ ਲੋਕਾਂ ਦੀ ਮਦਦ ਲਈ ਜ਼ਖ਼ਮੀ ਨੌਜਵਾਨ ਨੂੰ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ। ਨੌਜਵਾਨ ਦੀ ਪਛਾਣ ਅਮਨਜੋਤ ਸਿੰਘ ਦੇ ਰੂਪ ‘ਚ ਹੋਈ ਹੈ। ਉਹ ਪਟਿਆਲਾ ਦੀ ਸੁਖਰਾਮ ਕਾਲੋਨੀ ਨਿਵਾਸੀ ਹੈ। ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ।ਦੱਸਿਆ ਜਾ ਰਿਹਾ ਹੈ ਕਿ ਅਮਨਜੋਤ ਸਿੰਘ ਰਾਜਪੁਰਾ ਸੇਵਾ ਕੇਂਦਰ ‘ਚ ਨੌਕਰੀ ਕਰਦਾ ਹੈ ਤੇ ਆਪਣੀ ਕਾਰ ਵਿਚ ਰਾਜਪੁਰਾ ਤੋਂ ਪਟਿਆਲਾ ਪਰਤ ਰਿਹਾ ਸੀ। ਟੋਲ ਪਲਾਜ਼ਾ ਨੇੜੇ ਅੱਖਾਂ ‘ਚ ਸਾਹਮਣਿਓਂ ਆ ਰਹੀ ਗੱਡੀ ਦੀ ਤੇਜ਼ ਲਾਈਟ ਪੈਣ ‘ਤੇ ਗੱਡੀ ਹਾਦਸਾਗ੍ਰਸਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ। ਲੋਕਾਂ ਨੇ ਉਸ ਨੂੰ ਕਾਰ ‘ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਉਣ ਲਈ ਰਸਤੇ ‘ਚੋਂ ਲੰਘ ਰਹੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸਿੱਧੂ ਪਰਤ ਰਹੇ ਸਨ, ਉਨ੍ਹਾਂ ਗੱਡੀ ਰੋਕ ਲਈ। ਸਿੱਧੂ ਨੇ ਮੌਕੇ ਦੀ ਨਜ਼ਾਕਤ ਸਮਝਦੇ ਹੋਏ ਅਮਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਅਮਨ ਨੇ ਮਦਦ ਲਈ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ।
