ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੀ ਉਸਾਰੀ ਪੂਰੀ ਕਰਨ ਲਈ ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਤੋਂ ਮੰਗੀ ਮਦਦ
1 min read
ਪਾਕਿਸਤਾਨ ਸਰਕਾਰ ਨੇ ਮੰਗਲਵਾਰ ਨੂੰ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਦੋ ਸਾਲ ਦੀ ਵਰ੍ਹੇਗੰਢ ਮੌਕੇ ਸਿੱਖ ਭਾਈਚਾਰੇ ਦੇ ਪ੍ਰਵਾਸੀ ਸਿੱਖਾਂ ਨੂੰ ਲਾਂਘੇ ਦੇ ਕੰਪਲੈਕਸ ਖੇਤਰ ਦੇ ਦੂਜੇ ਪੜਾਅ ਦੇ ਵਿਕਾਸ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।
ਕਰਤਾਰਪੁਰ ਸਾਹਿਬਤੋਂ ਵਰ੍ਹੇਗੰਢ ਮੌਕੇ ਆਯੋਜਿਤ ਸਮਾਗਮ ਦੀ ਸਮਾਪਤੀ ਤੋਂ ਬਾਅਦ, ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮੁਹੰਮਦ ਲਤੀਫ ਨੇ ਦੱਸਿਆ ਕਿ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਸੰਘੀ ਮੰਤਰੀ ਨੂਰ-ਉਲ-ਹੱਕ ਕਾਦਰੀ ਨੇ ਯੂਰਪ ਅਤੇ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਨੂੰ ਲਾਂਘੇ ਦੇ ਦੂਜੇ ਪੜਾਅ ਦੇ ਵਿਕਾਸ ਵਿੱਚ ਨਿਵੇਸ਼ਕਰਨ ਦਾ ਸੱਦਾ ਦਿੱਤਾ ਸੀ।ਇਹ ਸਮਾਗਮ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪਰਿਸਰ ‘ਤੇ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ, ਸਿੱਖ ਸਿਆਸੀ ਆਗੂਆਂ, ਹਿੰਦੂਆਂ, ਮੁਸਲਮਾਨਾਂ ਅਤੇ ਈਸਾਈਆਂ ਸਮੇਤ ਪਾਕਿਸਤਾਨੀ ਸਿੱਖ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਮੁਸਲਮਾਨਾਂ ਨੇ ਵੀ ਗੁਰਦੁਆਰਾ ਸਾਹਿਬ ਅੰਦਰ ਨਮਾਜ਼ ਅਦਾ ਕੀਤੀ, ਜੋ ਧਾਰਮਿਕ ਮਹਾਨਤਾ ਦੀ ਮਿਸਾਲ ਹੈ।
ਸੂਤਰਾਂ ਨੇ ਦੱਸਿਆ ਕਿ ਫੰਡ ਦੀ ਕਮੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਲਾਂਘੇ ਦੇ ਦੂਜੇ ਪੜਾਅ ਦੇ ਵਿਕਾਸ ਦੀ ਸ਼ੁਰੂਆਤ ਨਹੀਂ ਕੀਤੀ ਹੈ ਤੇ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਅਮੀਰ ਸਿੱਖਾਂ ਤੋਂ ਦਾਨ ਰਾਹੀਂ ਫੰਡਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਅਮਰੀਕਾ ਤੋਂ ਸਿੱਖ ਕਾਰੋਬਾਰੀਆਂ ਦੇ ਇੱਕ ਵਫ਼ਦ ਨੇ ਲਾਂਘੇ ਦਾ ਦੌਰਾ ਕੀਤਾ ਸੀ ਅਤੇ ਕਰਤਾਰਪੁਰ ਸਾਹਿਬ ਦੇ ਵਿਕਾਸ ਲਈ ਯੋਜਨਾਵਾਂ ਦੀ ਗੱਲ ਕਹੀ ਸੀ, ਜਿਸ ਵਿੱਚ ਮਲਟੀਪਲੈਕਸ, ਹੋਟਲ ਆਦਿ ਦੀ ਉਸਾਰੀ ਸ਼ਾਮਲ ਸੀ।
ਲਤੀਫ ਨੇ ਕਿਹਾ ਕਿ ਪੀ.ਐੱਮ.ਯੂ ਵੱਲੋਂ ਸੱਭਿਆਚਾਰਕ ਪਾਰਕ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਦਾ ਟੈਂਡਰ ਆਉਣ ਵਾਲੇ ਸਮੇਂ ਵਿੱਚ ਜਾਰੀ ਕੀਤਾ ਜਾਵੇਗਾ। ਪੀਐਮਯੂ ਦੇ ਸੀਈਓ ਨੇ ਕਿਹਾ ਕਿ ਉੱਥੇ ਐਮਰਜੈਂਸੀ ਬਚਾਅ ਸੇਵਾ ਵੀ ਸਥਾਪਿਤ ਕੀਤੀ ਜਾ ਰਹੀ ਹੈ।
