ਪੰਜਾਬ ‘ਚ ਆਪਣੇ ਹੀ ਵਿਧਾਇਕਾਂ ਦਾ AAP ਤੋਂ ਉੱਠਿਆ ਭਰੋਸਾ,ਸਾਢੇ ਚਾਰ ਸਾਲਾਂ ‘ਚ 20 ਤੋਂ ਘੱਟ ਕੇ ਰਹਿ ਗਏ 11 ਵਿਧਾਇਕ
1 min read
: ਪੰਜਾਬ ਦੀ ਸਿਆਸਤ ਦੇ ਇਤਿਹਾਸ ’ਚ ਅਜਿਹਾ ਕਦੇ ਨਹੀਂ ਹੋਇਆ ਕਿ ਚੱਲਦੀ ਵਿਧਾਨ ਸਭਾ ’ਚ ਵਿਰੋਧੀ ਪਾਰਟੀ ਦਾ ਕੋਈ ਵਿਧਾਇਕ ਹਾਕਮ ਪਾਰਟੀ ’ਚ ਸ਼ਾਮਲ ਹੋ ਜਾਵੇ। ਉਹ ਵੀ ਉਸ ਪਾਰਟੀ ਦਾ ਜਿਹਡ਼ਾ ਆਉਣ ਵਾਲੀਆਂ ਚੋਣਾਂ ’ਚ ਸੱਤਾ ’ਚ ਆਉਣ ਦਾ ਦਾਅਵਾ ਕਰ ਰਹੀ ਹੋਵੇ। ਪਰ ਆਮ ਆਦਮੀ ਪਾਰਟੀ ਨੇ ਅਜਿਹਾ ਇਤਿਹਾਸ ਰਚ ਦਿੱਤਾ ਹੈ। ਪਾਰਟੀ ਦੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਕਾਂਗਰਸ ’ਚ ਚਲੇ ਗਏ। ਇਸ ਤੋਂ ਠੀਕ ਇਕ ਦਿਨ ਪਹਿਲਾਂ ਬਠਿੰਡਾ ਦਿਹਾਤੀ ਤੋਂ ਪਾਰਟੀ ਦੀ ਨੌਜਵਾਨ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਵੀ ਕਾਂਗਰਸ ਦਾ ਹੱਥ ਫਡ਼ ਲਿਆ ਸੀ। ਪਤਾ ਲੱਗਾ ਹੈ ਕਿ ਤਿੰਨ ਹੋਰ ਵਿਧਾਇਕ ਵੀ ਅਜਿਹਾ ਕਰਨ ਦੀ ਫ਼ਿਰਾਕ ’ਚ ਹਨ। 2017 ’ਚ ਜਿਹਡ਼ੀ ਪਾਰਟੀ ਸਿਸਟਮ ’ਚ ਬਦਲਾਅ ਕਰਨ ਦੇ ਇਰਾਦੇ ਨਾਲ ਮੈਦਾਨ ’ਚ ਆਈ ਸੀ ਤੇ 20 ’ਚੋਂ 19 ਵਿਧਾਇਕ ਪਹਿਲੀ ਵਾਰੀ ਚੁਣੇ ਗਏ ਸਨ। ਪਰ ਹੁਣ ਜਦੋਂ ਪੰਜ ਸਾਲਾਂ ਬਾਅਦ ਇਕ ਵਾਰੀ ਮੁਡ਼ ਤੋਂ ਪਾਰਟੀ ਚੋਣਾਂ ਲਡ਼ਨ ਲਈ ਤਿਆਰ ਹੈ ਤਾਂ ਪਾਰਟੀ ਦੇ ਅੱਧੇ ਦੇ ਲਗਪਗ ਵਿਧਾਇਕ ਉਸ ਦਾ ਸਾਥ ਛੱਡ ਚੁੱਕੇ ਹਨ। 20 ਸੀਟਾਂ ਜਿੱਤ ਕੇ ਪ੍ਰਮੁੱਖ ਵਿਰੋਧੀ ਪਾਰਟੀ ਬਣਨ ਵਾਲੀ ਆਮ ਆਦਮੀ ਪਾਰਟੀ ਤਿੰਨ ਵਿਰੋਧੀ ਧਿਰ ਦੇ ਆਗੂ ਬਦਲ ਚੁੱਕੀ ਹੈ। ਫਿਰ ਵੀ ਪਾਰਟੀ ਨੂੰ ਇਕਜੁੱਟ ਨਹੀਂ ਰੱਖ ਪਾ ਰਹੀ। ਇਸ ਤੋਂ ਪਹਿਲਾਂ ਪਾਰਟੀ ਨੇ 2014 ’ਚ ਸੰਸਦੀ ਚੋਣਾਂ ਤੋਂ ਪੰਜਾਬ ’ਚ ਕਦਮ ਰੱਖਿਆ ਤੇ ਪੰਜਾਬੀਆਂ ਨੇ ਚਾਰ ਉਮੀਦਵਾਰਾਂ ਭਗਵੰਤ ਮਾਨ, ਡਾ. ਧਰਮਵੀਰ ਗਾਂਧੀ, ਪ੍ਰੋ. ਸਾਧੂ ਸਿੰਘ ਤੇ ਐੱਚਐੱਸ ਖਾਲਸਾ ਨੂੰ ਸੰਸਦੀ ਚੋਣਾਂ ’ਚ ਭਾਰੀ ਵੋਟਾਂ ਨਾਲ ਜਿਤਵਾ ਕੇ ਭੇਜਿਆ। ਪਰ 2019 ਦੀਆਂ ਸੰਸਦੀ ਚੋਣਾਂ ’ਚ ਇਕ ਸੰਸਦ ਮੈਂਬਰ ਹੀ ਰਹਿ ਗਿਆ। ਅਸਲ ’ਚ ਪਾਰਟੀ ’ਚ ਦਿੱਲੀ ਬਨਾਮ ਸਥਾਨਕ ਦੀ ਲਡ਼ਾਈ ਕਾਰਨ ਅਜਿਹਾ ਹੋ ਰਿਹਾ ਹੈ। ਪਾਰਟੀ ਦੇ ਰਾਸ਼ਟਰੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗਣ ਤੋਂ ਬਾਅਦ ਤੋਂ ਹੀ ਪਾਰਟੀ ਦਾ ਝਾਡ਼ੂ ਤੀਲੇ-ਤੀਲੇ ਹੋ ਗਿਆ। ਉਦੋਂ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਧਾ ਦਰਜਨ ਤੋਂ ਜ਼ਿਆਦਾ ਵਿਧਾਇਕਾਂ ਨੂੰ ਇਕੱਠਾ ਕਰ ਕੇ ਬਗ਼ਾਵਤ ਕਰ ਦਿੱਤੀ ਤੇ ਕਿਹਾ ਕਿ ਫ਼ੈਸਲਾ ਲੈਣ ਦਾ ਅਧਿਕਾਰ ਸੂਬਾਈ ਇਕਾਈ ਨੂੰ ਹੋਣਾ ਚਾਹੀਦਾ ਹੈ। ‘ਆਪ’ ਨੇ ਖਹਿਰਾ ਨੂੰ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਤੇ ਪਾਰਟੀ ਬੁਰੀ ਤਰ੍ਹਾਂ ਨਾਲ ਟੁੱਟ ਗਈ। ਸਿਰਫ਼ ਤਕਨੀਕੀ ਕਾਰਨਾਂਕਰ ਕੇ ਇਹ ਟੁੱਟੇ ਹੋਏ ਵਿਧਾਇਕ ‘ਆਪ’ ਦੇ ਨਾਲ ਰਹੇ ਜਿਸ ਕਾਰਨ ਪਾਰਟੀ ਪ੍ਰਮੁੱਖ ਵਿਰੋਧੀ ਪਾਰਟੀ ਦਾ ਆਪਣਾ ਰੁਤਬਾ ਬਣਾ ਕੇ ਰੱਖ ਸਕੀ, ਹਾਲਾਂਕਿ ਹਕੀਕਤ ਇਹ ਸੀ ਕਿ ਪਾਰਟੀ ਦੇ ਵਿਧਾਇਕ ਟੁੱਟ ਚੁੱਕੇ ਸਨ। ਬਾਗ਼ੀ ਵਿਧਾਇਕਾਂ ’ਚੋਂ ਜ਼ਿਆਦਾਤਰ ਕਾਂਗਰਸ ’ਚ ਚਲੇ ਗਏ ਤੇ ਇਸ ਸਮੇਂ ਸਿਰਫ਼ ਕੰਵਰ ਸੰਧੂ ਹੀ ਅਜਿਹੇ ਹਨ ਜਿਹਡ਼ੇ ਨਾ ਤਾਂ ਆਪ ’ਚ ਹਨ ਤੇ ਨਾ ਹੀ ਕਿਸੇ ਹੋਰ ਪਾਰਟੀ ’ਚ ਗਏ। 2022 ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾਵੇ ਪਰ ਪਾਰਟੀ ਹਾਈ ਕਮਾਨ ਅਜਿਹਾ ਨਹੀਂ ਕਰ ਰਹੀ। ਬਾਗ਼ੀ ਵਿਧਾਇਕ ‘ਆਪ’ ਲੀਡਰਸ਼ਿਪ ’ਤੇ ਪੰਜਾਬ ਦੀ ਅਣਦੇਖੀ ਕਰਨ ਦਾ ਦੋਸ਼ ਵੀ ਲਾ ਰਹੇ ਹਨ। ਇਸ ਤਰ੍ਹਾਂ ਨਹੀਂ ਹੈ ਕਿ ਸਿਰਫ਼ ਵਿਧਾਇਕ ਹੀ ਆਮ ਆਦਮੀ ਪਾਰਟੀ ਨੂੰ ਛੱਡ ਰਹੇ ਹਨ। ਇਸ ਤੋਂ ਪਹਿਲਾਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਘੁੱਗੀ ਵਰਗੇ ਸੂਬਾਈ ਕਨਵੀਨਰਾਂ ਸਮੇਤ ਕਈ ਆਗੂ ਵੀ ਪਾਰਟੀ ਨੂੰ ਛੱਡ ਗਏ।
