ਪੰਜਾਬ ਦੇ ਸਰਕਾਰੀ ਸਕੂਲ ‘ਚ 60 ਵਿਦਿਆਰਥੀਆਂ ਦੇ ਜ਼ਬਰਦਸਤੀ ਕੱਟੇ ਗਏ ਵਾਲ, ਪ੍ਰਿੰਸੀਪਲ ਖਿਲਾਫ਼ ਮਾਪਿਆਂ ਦਾ ਫੁੱਟਿਆ ਗੁੱਸਾ
1 min read

ਪਿੰਡ ਜਲਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਸ਼ਨੀਵਾਰ ਨੂੰ ਹੰਗਾਮਾ ਹੋਇਆ। ਪ੍ਰਿੰਸੀਪਲ ਨੇ ਕਥਿਤ ਤੌਰ ’ਤੇ ਵਿਦਿਆਰਥੀਆਂ ਦੇ ਵਾਲ ਕੱਟਵਾ ਦਿੱਤੇ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬਿਨਾਂ ਦੱਸੇ ਸਕੂਲ ‘ਚ ਹੀ ਬੱਚਿਆਂ ਦੇ ਵਾਲ ਕੱਟ ਦਿੱਤੇ। ਇਕ ਵਿਅਕਤੀ ਨੂੰ ਬੁਲਾ ਕੇ ਕਰੀਬ 50-60 ਬੱਚਿਆਂ ਦੇ ਵਾਲ ਕੱਟਵਾਏ ਗਏ। ਬੱਚਿਆਂ ਨੂੰ ਬਿਨਾਂ ਦੱਸੇ ਉਨ੍ਹਾਂ ਦੇ ਵਾਲ ਕਟਵਾ ਕੇ ਦੁਖੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਨਾਲ ਹੀ ਬੱਚਿਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਕਲਾਸ ‘ਚੋਂ ਬਾਹਰ ਬੁਲਾਇਆ ਗਿਆ ਅਤੇ ਬਾਅਦ ‘ਚ ਧੱਕੇ ਨਾਲ ਸਾਡੇ ਵਾਲ ਕੱਟੇ ਗਏ। ਦੂਜੇ ਪਾਸੇ ਇਸ ਸਬੰਧੀ ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਆਪਣੇ ਵਾਲ ਕਟਵਾ ਕੇ ਆਓ, ਪਰ ਬੱਚਿਆਂ ਨੇ ਵਾਲ ਨਹੀਂ ਕਟਵਾਏ | ਬੱਚਿਆਂ ਨੇ ਆਪਣੇ ਵਾਲਾਂ ‘ਤੇ ਵੱਖ-ਵੱਖ ਰੰਗ ਅਤੇ ਡਿਜ਼ਾਈਨ ਕਰਵਾਏ ਸਨ। ਜਿਸ ਕਾਰਨ ਉਨ੍ਹਾਂ ਦੇ ਵਾਲ ਕੱਟੇ ਗਏ ਹਨ। ਇਸ ਦਾ ਵਿਰੋਧ ਕਰਨਾ ਜਾਇਜ਼ ਨਹੀਂ ਹੈ। ਸਕੂਲ‘ਚ ਅਨੁਸ਼ਾਸਨ ਨੂੰ ਹਰ ਕੀਮਤ ’ਤੇ ਯਕੀਨੀ ਬਣਾਇਆ ਜਾਵੇਗਾ। ਵਾਲ ਕੱਟਣ ਵਾਲੇ ਵਿਅਕਤੀ ਨੇ ਕਿਹਾ ਕਿ ਪ੍ਰਿੰਸੀਪਲ ਦੇ ਕਹਿਣ ‘ਤੇ ਉਸ ਨੇ ਵਾਲ ਕੱਟੇ ਹਨ। ਇਸ‘ਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।
ਬੱਚਿਆਂ ਦੀ ਛਾਂਟੀ ਕਰਕੇ ਉਨ੍ਹਾਂ ਨੂੰ ਜਮਾਤ‘ਚ ਬੁਲਾਉਣ ਦਾ ਦੋਸ਼
ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਵੱਲੋਂ ਪਹਿਲਾਂ ਹੀ ਤੈਅ ਕੀਤਾ ਗਿਆ ਸੀ ਕਿ ਕਿਹੜੇ ਬੱਚਿਆਂ ਦੇ ਵਾਲ ਕੱਟਣੇ ਹਨ। ਉਸ ਨੇ ਪਹਿਲਾਂ ਨਾਈ ਨੂੰ ਸਕੂਲ ਬੁਲਾਇਆ ਅਤੇ ਉਸ ਤੋਂ ਬਾਅਦ ਹਰ ਬੱਚੇ ਨੂੰ ਕਲਾਸ ਰੂਮ ਤੋਂ ਬਾਹਰ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਵਾਲ ਕੱਟੇ ਗਏ। ਬੱਚਿਆਂ ਨੂੰ ਇਹ ਪਤਾ ਨਹੀਂ ਲੱਗਣ ਦਿੱਤਾ ਗਿਆ ਕਿ ਬਾਹਰ ਉਨ੍ਹਾਂ ਦੇ ਵਾਲ ਕੱਟੇ ਜਾ ਰਹੇ ਹਨ।