ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਬੈਕਫੁੱਟ ’ਤੇ, ਆਨਲਾਈਨ ਹੋਣਗੀਆਂ ਦਸੰਬਰ ਦੀਆਂ ਪ੍ਰੀਖਿਆਵਾ !
1 min read
ਪੰਜਾਬ ਯੂਨੀਵਰਸਿਟੀ ਦੀਆਂ ਦਸੰਬਰ ’ਚ ਪ੍ਰਸਤਾਵਿਤ ਪ੍ਰੀਖਿਆਵਾਂ ਨੂੰ ਲੈ ਕੇ ਪ੍ਰਸ਼ਾਸਨ ਬੈਕਫੁੱਟ ’ਤੇ ਦਿਸ ਰਿਹਾ ਹੈ। ਪੁਖਤਾ ਸੂਤਰਾਂ ਅਨੁਸਾਰ ਪੰਜਾਬ ਯੂਨੀਵਰਸਿਟੀ ਨੇ ਯੂ ਟਰਨ ਲੈਂਦਿਆਂ ਸਮੈਸਟਰ ਪ੍ਰੀਖਿਆਵਾਂ ਆਨਲਾਈਨ ਹੀ ਕਰਵਾਉਣ ’ਤੇ ਸਹਿਮਤੀ ਦੇ ਦਿੱਤੀ ਹੈ। ਇਸ ਸਬੰਧੀ ਹਾਲੇ ਅਧਿਕਾਰਤ ਤੌਰ ’ਤੇ ਨੋਟਿਸ ਜਾਰੀ ਨਹੀਂ ਹੋਇਆ ਪਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿਚ ਇਸ ਮਾਮਲੇ ਵਿਚ ਲਗਪਗ ਅੰਤਿਮ ਫ਼ੈਸਲਾ ਲੈ ਲਿਆ ਗਿਆ ਹੈ। ਅਗਲੇ ਇਕ-ਦੋ ਦਿਨਾਂ ਅੰਦਰ ਆਨਲਾਈਨ ਸਮੈਸਟਰ ਪ੍ਰੀਖਿਆਵਾਂ ਕਰਵਾਉਣ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਦਸੰਬਰ ’ਚ ਪ੍ਰਸਤਾਵਿਤ ਅੰਡਰ ਗਰੈਜੂੁਏਟ ਅਤੇ ਪੋਸਟ ਗਰੈਜੂਏਟ ਕਲਾਸਾਂ ਦੇ ਲਗਪਗ ਤਿੰਨ ਲੱਖ ਵਿਦਿਆਰਥੀ ਪ੍ਰੀਖਿਆ ਦੇਣਗੇ। ਪਿਛਲੇ ਕਾਫੀ ਦਿਨਾਂ ਤੋਂ ਪੀਯੂ ਵੱਲੋਂ ਸਮੈਸਟਰ ਪ੍ਰੀਖਿਆਵਾਂ ਆਨਲਾਈਨ ਕਰਵਾਏ ਜਾਣ ਦੇ ਫ਼ੈਸਲੇ ਖ਼ਿਲਾਫ਼ ਵਿਦਿਆਰਥੀ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਸਨ। ਮਾਮਲੇ ਵਿਚ ਪੀਯੂ ਕੁਲਪਤੀ ਦੇ ਨਿਰਦੇਸ਼ ’ਤੇ 13 ਮੈਂਬਰਾਂ ਦੀ ਕਮੇਟੀ ਗਠਿਤ ਕੀਤੀ ਗਈ। ਕਮੇਟੀ ਦੇ ਮੈਂਬਰਾਂ ਦੀ ਸੋਮਵਾਰ ਨੂੰ ਗੈਰ-ਰਸਮੀ ਮੀਟਿੰਗ ਹੋਈ ਜਿਸ ਵਿਚ ਚੰਡੀਗੜ੍ਹ ਦੇ ਨਾਲ ਹੀ ਪੰਜਾਬ ਦੇ ਵੀ ਵੱਖ-ਵੱਖ ਕਾਲਜਾਂ ਦੇ ਪਿ੍ਰੰਸੀਪਲਾਂ ਨੂੰ ਸੁਝਾਅ ਦੇਣ ਲਈ ਬੁਲਾਇਆ ਗਿਆ ਸੀ। ਪੁਖਤਾ ਸੂਤਰਾਂ ਅਨੁਸਾਰ ਕਮੇਟੀ ਸਾਹਮਣੇ 80 ਫੀਸਦੀ ਤੋਂ ਵੱਧ ਪ੍ਰਿੰਸੀਪਲ ਨੇ ਦਸੰਬਰ ਪ੍ਰੀਖਿਆਵਾਂ ਨੂੰ ਆਨਲਾਈਨ ਕਰਵਾਉਣ ਦਾ ਸੁਝਾਅ ਦਿੱਤਾ ਹੈ।
