ਪੰਜਾਬ ਰੋਡਵੇਜ਼ ਮੁਲਾਜ਼ਮਾਂ ਤੇ ਪੀਆਰਟੀਸੀ ਕੰਟਰੈਕਟ ਯੂਨੀਅਨ ਦੀ ਹੜਤਾਲ 10ਵੇਂ ਦਿਨ ‘ਚ ਦਾਖ਼ਲ, ਕਿਹਾ – ਆਪਣੇ ਹੱਕ ਲੈਣ ਲਈ ਸੰਘਰਸ਼ ਕਰਨਾ ਹੀ ਪੈਂਦੈ
1 min read
ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ 10ਵੇਂ ਦਿਨ ਵਿਚ ਦਾਖਲ ਹੋ ਗਈ। ਅੱਜ ਗੇਟ ਰੈਲੀ ਕਰਕੇ ਬੱਸਾਂ ਚਲਾ ਦਿੱਤੀਆਂ ਗਈਆਂ। ਇਸ ਗੇਟ ਰੈਲੀ ਦੌਰਾਨ ਡੀਪੂ ਪ੍ਰਧਾਨ ਹਰਦੀਪ ਸਿੰਘ ਕਾਹਲੋਂ ਅਤੇ ਸੂਬਾ ਸਹਾਇਕ ਕੈਸ਼ੀਅਰ ਸੋਹਣ ਲਾਲ ਨੇ ਕਿਹਾ ਕਿ ਪਿਛਲੇ ਲਮੇਂ ਸਮੇਂ ਤੋਂ ਚੱਲ ਰਹੀਆਂ ਸਾਡੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਦੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪ੍ਰਵਾਨਗੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਖਰੜ ਟੀ ਪੁਆਇੰਟ ‘ਤੇ ਧਰਨਾ ਦਿੱਤਾ ਗਿਆ ਸੀ। ਉਸ ਮੌਕੇ ਟਰਾਂਸਪੋਰਟ ਮੰਤਰੀ ਨੇ ਮੀਟਿੰਗ ਕਰਕੇ ਕਿਹਾ ਕਿ ਕੰਟਰੈਕਟ ‘ਤੇ ਰੱਖੇ ਵਰਕਰ ਪੱਕੇ ਕੀਤੇ ਜਾਣਗੇ ਅਤੇ ਆਊਟ ਸੋਰਸਿੰਗ ਵਾਲੇ ਵਰਕਰ ਜਿਨ੍ਹਾਂ ਨੂੰ ਤਿੰਨ ਸਾਲ ਹੋ ਗਏ ਹਨ ਉਨ੍ਹਾਂ ਨੂੰ ਕੰਟਰੈਕਟ ‘ਤੇ ਕੀਤਾ ਜਾਵੇਗਾ ਅਤੇ ਜਿਹੜੇ ਸਾਥੀ ਨਾਜਾਇਜ਼ ਕੰਡੀਸ਼ਨਾਂ ਲਾ ਕੇ ਕੱਢੇ ਗਏ ਹਨ ਉਨ੍ਹਾਂ ਨੂੰ ਬਹਾਲ ਕੀਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਅਸ਼ੋਕ ਕੁਮਾਰ ਰੋੜੀ ਨੇ ਕਿਹਾ ਕਿ ਅਸੀਂ ਪੰਜਾਬ ਦੀ ਜਨਤਾ ਤੋਂ ਮਾਫੀ ਚਾਹੁੰਦੇ ਹਾਂ ਕਿ ਇਸ ਹੜਤਾਲ ਲੋਕਾਂ ਨੂੰ ਖਜਲ ਖੁਆਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਇਸ ਤਰ੍ਹਾਂ ਸੰਘਰਸ਼ ਕਰਨਾ ਹੀ ਪੈਂਦਾ ਹੈ। ਇਸ ਮੌਕੇ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ, ਕੰਟਰੈਕਟ ਵਰਕਰ ਯੂਨੀਅਨ ਵੱਲੋਂ ਧਰਨੇ ਵਿਚ ਸਹਿਯੋਗ ਕਰਨ ਵਾਲੀਆਂ ਜਥੇਬੰਦੀਆਂ ਸੀਟੂ, ਆਟੋ ਵਰਕਰ ਯੂਨੀਅਨ, ਆਂਗਨਵਾੜੀ ਜਥੇਬੰਦੀ, ਕਿਸਾਨ ਯੂਨੀਅਨ ਦਾ ਵੀ ਧੰਨਵਾਦ ਕੀਤਾ।
