ਪੰਜਾਬ ਵਿਧਾਨ ਸਭਾ ਚੋਣਾਂ ‘ਚ ਇਸ ਵਾਰ ਨੇਤਾਵਾਂ ਦੀਆਂ ਧੀਆਂ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲਈ
1 min read

ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ, ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਦੀ ਬੇਟੀ ਹਰਕੀਰਤ ਕੌਰ ਬਾਦਲ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੇਟੀ ਏਕਮ ਵੜਿੰਗ ਨੇ ਪਿਤਾ ਦੀ ਜਿੱਤ ਨਿਸ਼ਚਿਤ ਕਰਨ ਵਿਚ ਕਸਰ ਨਹੀਂ ਛੱਡੀ ਹੈ। ਸੋਨੇ ਤੇ ਸੁਹਾਗਾ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਵੀ ਪੰਜਾਬ ‘ਚ ਸਰਗਰਮ ਸੀ। ਉਨ੍ਹਾਂ ਨੇ ਧੂਰੀ ਵਿਧਾਨ ਸਭਾ ਹਲਕੇ ‘ਚ ਮਾਂ ਸੁਨੀਤਾ ਕੇਜਰੀਵਾਲ ਦੇ ਨਾਲ ‘ਆਪ’ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਲਈ ਚੋਣ ਪ੍ਰਚਾਰ ਕੀਤਾ।
ਸੁਖਬੀਰ ਬਾਦਲ ਜਲਾਲਾਬਾਦ ਵਿੱਚ ਬਹੁਤੀਆਂ ਜਨਤਕ ਮੀਟਿੰਗਾਂ ਨਹੀਂ ਕਰ ਸਕੇ ਕਿਉਂਕਿ ਉਹ ਅਕਾਲੀ ਦਲ ਦੇ ਹੋਰਨਾਂ ਉਮੀਦਵਾਰਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਇੱਥੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੀ ਹੈ। ਬਾਅਦ ਵਿੱਚ ਸੁਖਬੀਰ ਦੀ ਧੀ ਹਰਕੀਰਤ ਕੌਰ ਬਾਦਲ ਵੀ ਚੋਣ ਪ੍ਰਚਾਰ ਵਿੱਚ ਕੁੱਦ ਪਈ। ਸੁਖਬੀਰ ਦਾ ਮੁਕਾਬਲਾ ਕਾਂਗਰਸ ਦੇ ਮੋਹਨ ਸਿੰਘ ਫਲੀਆਂਵਾਲਾ, ‘ਆਪ’ ਦੇ ਜਗਦੀਪ ਕੰਬੋਜ ਗੋਲਡੀ ਅਤੇ ਭਾਜਪਾ ਦੇ ਪੂਰਨ ਚੰਦ ਮੁਜੈਦੀਆ ਨਾਲ ਹੈ। ਸੁਖਬੀਰ ਬਾਦਲ ਇੱਥੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਸੀਟ ਤੋਂ ਕਿਸੇ ਨੇ ਨਹੀਂ ਹਰਾਇਆ।

ਭਾਜਪਾ ਨਾਲ ਗਠਜੋੜ ਕਰ ਕੇ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਰਵਾਇਤੀ ਸੀਟ ਪਟਿਆਲਾ ਸ਼ਹਿਰੀ ਤੋਂ ਚੋਣ ਮੈਦਾਨ ਵਿੱਚ ਹਨ। ਕੈਪਟਨ ਦੇ ਨਿਊ ਮੋਤੀ ਬਾਗ ਪੈਲੇਸ ਦੇ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਕਰ ਰਹੀ ਹੈ। ਉਹ ਪੰਜਾਬ ਲੋਕ ਕਾਂਗਰਸ ਦੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੀ ਹੈ।

ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਲਗਾਤਾਰ ਦੋ ਵਾਰ ਜਿੱਤਣ ਵਾਲੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਇਸ ਵਾਰ ਹੈਟ੍ਰਿਕ ਲਗਾਉਣਾ ਵੱਡੀ ਚੁਣੌਤੀ ਹੈ। ਅਕਾਲੀ ਦਲ ਦੇ ਹਰਦੀਪ ਸਿੰਘ ਢਿੱਲੋਂ ਅਤੇ ‘ਆਪ’ ਦੇ ਪ੍ਰਿਤਪਾਲ ਸ਼ਰਮਾ ਉਨ੍ਹਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ। ਚੋਣ ਪ੍ਰਚਾਰ ਵਿੱਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਕੌਰ ਵੜਿੰਗ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਏਕਮ ਵੜਿੰਗ ਵੀ ਪਿੰਡ-ਪਿੰਡ ਅਤੇ ਸ਼ਹਿਰ ਵਿੱਚ ਲੋਕਾਂ ਤੋਂ ਹੱਥ ਜੋੜ ਕੇ ਵੋਟਾਂ ਮੰਗ ਰਹੀ ਹੈ।
